ਹਾਂਗਝੂ (ਪੀਟੀਆਈ) : ਏਸ਼ਿਆਈ ਖੇਡਾਂ ਵਿਚ 107 ਮੈਡਲਾਂ ਦੇ ਰਿਕਾਰਡ ਨਾਲ ਭਾਰਤੀ ਖਿਡਾਰੀਆਂ ਨੇ ਦੇਸ਼ ਦੇ ਖੇਡ ਇਤਿਹਾਸ ਵਿਚ ਇਕ ਸ਼ਾਨਦਾਰ ਅਧਿਆਏ ਲਿਖਣ ਦੇ ਨਾਲ ਹੀ ਅਗਲੇ ਸਾਲ ਪੈਰਿਸ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿਚ ਆਪਣੇ ਸਰਬਤੋਮ ਪ੍ਰਦਰਸ਼ਨ ਦੀਆਂ ਉਮੀਦਾਂ ਜਗਾ ਦਿੱਤੀਆਂ ਹਨ। ਭਾਰਤ ਨੇ ਏਸ਼ਿਆਈ ਖੇਡਾਂ ਵਿਚ ਲਗਪਗ 660 ਖਿਡਾਰੀਆਂ ਦੀ ਟੀਮ ਭੇਜੀ ਸੀ। ਭਾਰਤੀ ਟੀਮ ਨੇ ਇਨ੍ਹਾਂ ਖੇਡਾਂ ਵਿਚ ਰਿਕਾਰਡ 28 ਗੋਲਡ, 38 ਸਿਲਵਰ ਤੇ 41 ਕਾਂਸੇ ਦੇ ਮੈਡਲ ਜਿੱਤੇ। ਕੁੱਲ ਮੈਡਲਾਂ ਦੀ ਗਿਣਤੀ 2018 ਵਿਚ ਹੋਈਆਂ ਜਕਾਰਤਾਂ ਖੇਡਾਂ ਦੇ ਮੁਕਾਬਲੇ 37 ਵੱਧ ਹੈ।

ਭਾਰਤੀ ਖਿਡਾਰੀਆਂ ਨੇ ਨਿਸ਼ਾਨੇਬਾਜ਼ੀ ਤੇ ਤੀਰਅੰਦਾਜ਼ੀ ਵਰਗੇ ਕੁੱਝ ਮੁਕਾਬਲਿਆਂ ਵਿਚ ਆਪਣੀਆਂ ਉਮੀਦਾਂ ਤੋਂ ਕਾਫ਼ੀ ਬਿਹਤਰ ਪ੍ਰਦਰਸ਼ਨ ਕੀਤਾ। ਭਾਰਤ ਇਨ੍ਹਾਂ ਖੇਡਾਂ ਦੀ ਮੈਡਲ ਸੂਚੀ ਵਿਚ ਚੀਨ, ਜਾਪਾਨ ਤੇ ਦੱਖਣੀ ਕੋਰੀਆ ਤੋਂ ਬਾਅਦ ਚੌਥੇ ਸਥਾਨ ’ਤੇ ਰਿਹਾ ਜੋ ਕਿ ਖਿਡਾਰੀਆਂ ਦੇ ਦ੍ਰਿੜ੍ਹ ਸੰਕਲਪ ਤੇ ਸਖ਼ਤ ਮਿਹਨਤ ਦਾ ਨਤੀਜਾ ਹੈ। ਰੈਂਕਿੰਗ ਦੇ ਲਿਹਾਜ਼ ਨਾਲ ਵੀ ਮਹਾਦੀਪ ਵਿਚ ਭਾਰਤ ਦਾ ਕੱਦ ਕਈ ਸਥਾਨ ਉੱਪਰ ਵਧ ਗਿਆ ਹੈ। ਮੈਡਲ ਸੂਚੀ ਵਿਚ ਚੌਥਾ ਸਥਾਨ 1951 ਤੇ 1962 ਵਿਚ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ਤੋਂ ਬਾਅਦ ਭਾਰਤ ਦਾ ਆਲਟਾਈਮ ਤੀਜਾ ਸਰਬੋਤਮ ਪ੍ਰਦਰਸ਼ਨ ਹੈ। ਭਾਰਤ 2018 ਜਕਾਰਤਾ ਖੇਡਾਂ ਦੀ ਸੂਚੀ ਵਿਚ ਅੱਠਵੇਂ ਸਥਾਨ ’ਤੇ ਸੀ।

ਟੋਕੀਓ ਓਲੰਪਿਕ ਵਿਚ ਭਾਰਤ ਦੇ ਸਰਬੋਤਮ ਪ੍ਰਦਰਸ਼ਨ ਤੋਂ ਬਾਅਦ ਏਸ਼ਿਆਈ ਖੇਡਾਂ ਦੀ ਸ਼ਾਨਦਾਰ ਸਫਲਤਾ ਨਾਲ ਇਸ ਗੱਲ ਦਾ ਸੰਕੇਤ ਮਿਲਦਾ ਹੈ ਕਿ ਦੇਸ਼ ਦੇ ਖਿਡਾਰੀਆਂ ਤੋਂ 2024 ਪੈਰਿਸ ਵਿਚ ਦੋਹਰੇ ਅੰਕ ਵਿਚ ਮੈਡਲਾਂ ਦੀ ਗਿਣਤੀ ਦੀ ਉਮੀਦ ਕੀਤੀ ਜਾ ਸਕਦੀ ਹੈ। ਇਨ੍ਹਾਂ ਖੇਡਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਓਲੰਪਿਕ ਸੰਘ ਦੇ ਅਧਿਕਾਰੀਆਂ ਨੇ 100 ਮੈਡਲਾਂ ਦਾ ਟੀਚਾ ਰੱਖਿਆ ਸੀ। ਭਾਰਤੀ ਖਿਡਾਰੀਆਂ ਨੇ ਖੇਡਾਂ ਦੇ ਪਹਿਲੇ ਦਿਨ ਤੋਂ ਮੈਡਲ ਜਿੱਤਣੇ ਸ਼ੁਰੂ ਕੀਤੇ ਤੇ ਇਹ ਉਨ੍ਹਾਂ ਦੇ ਮੁਕਾਬਲਿਆਂ ਦੇ ਆਖ਼ਰੀ ਦਿਨ ਤੱਕ ਜਾਰੀ ਰਿਹਾ। ਭਾਰਤੀ ਖੇਮੇ ਨੂੰ ਹਾਲਾਂਕਿ ਕੁਝ ਨਿਰਾਸ਼ਾ ਦਾ ਵੀ ਸਾਹਮਣਾ ਕਰਨਾ ਪਿਆ। ਸਭ ਤੋਂ ਵੱਡੀ ਨਿਰਾਸ਼ਾ ਕੁਸ਼ਤੀ ਵਿਚ ਬਜਰੰਗ ਪੂਨੀਆ ਨੂੰ ਮਿਲੀ ਹਾਰ ਨਾਲ ਹੋਈ। ਵੇਟਲਿਫਟਿੰਗ ਵਿਚ ਮੀਰਾਬਾਈ ਚਾਨੂ ਚੌਥੇ ਸਥਾਨ ’ਤੇ ਰਹੀ ਜਦਕਿ ਬੈਡਮਿੰਟਨ ਵਿਚ ਪੀਵੀ ਸਿੰਧੂ ਨੂੰ ਕੁਆਰਟਰ ਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਐਥਲੈਟਿਕਸ ਤੇ ਨਿਸ਼ਾਨੇਬਾਜ਼ੀ ਤੋਂ ਦੇਸ਼ ਨੂੰ ਸਭ ਤੋਂ ਵੱਧ ਕ੍ਰਮਵਾਰ 29 ਤੇ 22 ਮੈਡਲ ਮਿਲੇ। ਇਨ੍ਹਾਂ ਦੋਵਾਂ ਦੀ ਗਿਣਤੀ ਭਾਰਤ ਦੇ ਕੁੱਲ ਤੇ ਗੋਲਡ ਮੈਡਲਾਂ ਦੀ ਗਿਣਤੀ ਦਾ ਲਗਪਗ ਅੱਧਾ ਹੈ। ਨਿਸ਼ਾਨੇਬਾਜ਼ੀ ਵਿਚ ਸਭ ਤੋਂ ਵੱਧ ਸੱਤ ਗੋਲਡ ਮੈਡਲ ਮਿਲੇ ਜਦਕਿ ਐਥਲੈਟਿਕਸ ਵਿਚ ਛੇ ਗੋਲਡ ਮੈਡਲ ਮਿਲੇ। ਤੀਰਅੰਦਾਜ਼ਾਂ ਨੇ ਇਨ੍ਹਾਂ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਤੀਰਅੰਦਾਜ਼ਾਂ ਨੇ 2018 ਸੈਸ਼ਨ ਵਿਚ ਸਿਰਫ਼ ਦੋ ਸਿਲਵਰ ਤੋਂ ਬਾਅਦ ਵੱਡਾ ਸੁਧਾਰ ਕਰਦੇ ਹੋਏ ਪੰਜ ਗੋਲਡ ਸਮੇਤ ਨੌਂ ਮੈਡਲ ਜਿੱਤੇ। ਏਸ਼ਿਆਈ ਖੇਡਾਂ ਦੇ ਕਿਸੇ ਵੀ ਐਡੀਸ਼ਨ ਵਿਚ ਤੀਰਅੰਦਾਜ਼ੀ ਵਿਚ ਇਹ ਭਾਰਤ ਦਾ ਸਰਬੋਤਮ ਪ੍ਰਦਰਸ਼ਨ ਸੀ। ਨਿਸ਼ਾਨੇਬਾਜ਼ਾਂ ਨੇ ਵੀ ਸੱਤ ਗੋਲਡ, ਨੌਂ ਸਿਲਵਰ ਤੇ ਛੇ ਕਾਂਸੇ ਦੇ ਮੈਡਲਾਂ ਨਾਲ ਆਪਣਾ ਸਰਬੋਤਮ ਪ੍ਰਦਰਸ਼ਨ ਕੀਤਾ। ਭਾਰਤ ਨੇ ਹਾਕੀ ਤੇ ਕਬੱਡੀ ਵਿਚ ਗੋਲਡ ਦੇ ਨਾਲ ਇਨ੍ਹਾਂ ਖੇਡਾਂ ਵਿਚ ਆਪਣਾ ਦਬਦਬਾ ਮੁੜ ਕਾਇਮ ਕੀਤਾ।

ਸੂਚੀ

ਭਾਰਤ ਦੇ ਕਿਨ੍ਹਾਂ ਖੇਡਾਂ ’ਚ ਕਿੰਨੇ ਮੈਡਲ

ਖੇਡ, ਗੋਲਡ, ਸਿਲਵਰ, ਕਾਂਸਾ, ਕੁੱਲ

ਨਿਸ਼ਾਨੇਬਾਜ਼ੀ, 07, 09, 06, 22

ਰੋਇੰਗ, 00, 02, 03, 05

ਕ੍ਰਿਕਟ, 02, 00, 00, 02

ਸੇਲਿਗ, 00, 01, 02, 03

ਘੁੜਸਵਾਰੀ, 01, 00, 01, 02

ਵੁਸ਼ੂ, 00, 01, 00, 01

ਟੈਨਿਸ, 01, 01, 00, 02

ਸਕੁਐਸ਼ 02, 01, 02, 05

ਐਥਲੈਟਿਕਸ, 06, 14, 09, 29

ਗੋਲਫ, 00, 01, 00, 01

ਮੁੱਕੇਬਾਜ਼ੀ, 00, 01, 04, 05

ਬੈਡਮਿੰਟਨ, 01, 01, 01, 03

ਰੋਲਰ ਸਕੇਟਿੰਗ, 00, 00, 02, 02

ਟੇਬਲ ਟੈਨਿਸ, 00, 00, 01, 01

ਕੇਨੋਏ, 00, 00, 01, 01

ਤੀਰਅੰਦਾਜ਼ੀ, 05, 02, 02, 09

ਕੁਸ਼ਤੀ, 00, 01, 05, 06

ਸੇਪਕਟਕਰਾ, 00, 00, 01, 01

ਬਿ੍ਰਜ, 00, 01, 00, 01

ਹਾਕੀ, 01, 00, 01, 02

ਕਬੱਡੀ, 02, 00, 00, 02

ਸ਼ਤਰੰਦ, 00, 02, 00, 02