ਰਮੇਸ਼ ਚੰਦਰਾ, ਨੈਨੀਤਾਲ : ਭਾਰਤੀ ਸੂਰਜ ਮਿਸ਼ਨ ਆਦਿਤਿਆ ਐੱਲ-1 ਪੰਜ ਤੋਂ ਸੱਤ ਜਨਵਰੀ ਤੱਕ ਆਪਣੀ ਮੰਜ਼ਿਲ ਐੱਲ-1 ਯਾਨੀ ਲੈਂਗ੍ਰੇਜ ਪੁਆਇੰਟ ਵਨ ’ਤੇ ਪਹੁੰਚ ਜਾਵੇਗਾ। ਇਸ ਕਾਮਯਾਬੀ ਨਾਲ ਭਾਰਤ ਸੂਰਜੀ ਮਿਸ਼ਨ ਦੇ ਖੇਤਰ ’ਚ ਦੁਨੀਆ ਦਾ ਤੀਜਾ ਦੇਸ਼ ਬਣ ਜਾਵੇਗਾ। ਆਦਿਤਿਆ ਐੱਲ-1 ਸੂਰਜ ਦੀਆਂ ਅਣਸੁਲਝੀਆਂ ਗੁੱਥੀਆਂ ਨੂੰ ਸੁਲਝਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਣ ਜਾ ਰਿਹਾ ਹੈ। ਆਦਿਤਿਆ ਐੱਲ-1 ਆਊਟਰੀਚ ਮਿਸ਼ਨ ਦੇ ਉਪ ਮੁਖੀ ਤੇ ਆਰੀਆ ਭੱਟ ਅਬਜ਼ਰਵੇਸ਼ਨ ਵਿਗਿਆਨ ਖੋਜ ਸੰਸਥਾ ਦੇ ਡਾਇਰੈਕਟਰ ਪ੍ਰੋ. ਦੀਪਾਂਕਰ ਬੈਨਰਜੀ ਨੇ ਦੱਸਿਆ ਕਿ ਮਿਸ਼ਨ ’ਤੇ ਵਿਗਿਆਨੀਆਂ ਦੇ ਨਾਲ-ਨਾਲ ਦੁਨੀਆ ਦੀ ਨਜ਼ਰ ਹੈ। ਇਸ ਦੀ ਹੁਣ ਤੱਕ ਦੀ ਯਾਤਰਾ ਸਫਲ ਰਹੀ ਹੈ। ਇਸ ਨੇ ਜੋਖ਼ਮ ਭਰੇ ਸਾਰੇ ਪੜਾਆਂ ਨੂੰ ਸਫਲਤਾਪੂਰਵਕ ਪਾਰ ਕੀਤਾ ਹੈ। ਹੁਣ ਇੰਤਜ਼ਾਰ ਆਖ਼ਰੀ ਪੜਾਅ ’ਤੇ ਪਹੁੰਚਣ ਦਾ ਹੈ। ਪੂਰੀ ਉਮੀਦ ਹੈ ਕਿ ਇਹ ਪੜਾਅ ਵੀ ਸਫਲਤਾਪੂਰਵਕ ਪੂਰਾ ਕਰ ਲਿਆ ਜਾਵੇਗਾ। ਇਸ ਮਿਸ਼ਨ ਦਾ ਮਕਸਦ ਸੂਰਜ ਦਾ ਸਮੁੱਚਾ ਅਧਿਐਨ, ਸੂਰਜ ਤੋਂ ਮਿਲਣ ਵਾਲੀ ਰੋਸ਼ਨੀ ਤੇ ਊਰਜਾ ਦੇ ਨਾਲ ਹੀ ਸੂਰਜ ’ਤੇ ਕਈ ਗਤੀਸ਼ੀਲ ਪਰਿਵਰਤਨ ਤੇ ਵਿਸਫੋਟਕ ਘਟਨਾਵਾਂ ਦੀ ਜਾਣਕਾਰੀ ਜੁਟਾਉਣਾ ਹੈ। ਐੱਲ-1 ਬਿੰਦੂ ਧਰਤੀ ਤੋਂ ਤਕਰੀਬਨ 15 ਲੱਖ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਹ ਦੂਰੀ ਧਰਤੀ ਤੋਂ ਚੰਦਰਮਾ ਦੀ ਔਸਤ ਦੂਰੀ ਤੋਂ ਤਕਰੀਬਨ ਚਾਰ ਗੁਣੀ ਹੈ। ਇਸ ਲਈ ਐੱਲ-1 ਤੱਕ ਪਹੁੰਚਣ ’ਚ ਚਾਰ ਮਹੀਨੇ ਤੋਂ ਜ਼ਿਆਦਾ ਸਮਾਂ ਲੱਗ ਰਿਹਾ ਹੈ। ਐੱਲ-1 ਪੁਆਇੰਟ ਤੋਂ ਸੂਰਜ ਦਾ 24 ਘੰਟੇ ਮੁਲਾਂਕਣ ਕੀਤਾ ਜਾ ਸਕਦਾ ਹੈ। ਆਦਿਤਿਆ ਐੱਲ-1 ਸੱਤ ਅਤਿ ਆਧੁਨਿਕ ਉਪਕਰਨਾਂ ਨਾਲ ਭੇਜਿਆ ਗਿਆ ਹੈ, ਜੋ ਸੂਰਜ ਦੀ ਰੋਸ਼ਨੀ ਨਾਲ ਪਰਾਵੈਂਗਣੀ ਕਿਰਨਾਂ ਤੇ ਐਕਸਰੇ ’ਚ ਸੂਰਜ ਨੂੰ ਦੇਖ ਸਕੇਗਾ। ਇਸ ਤੋਂ ਇਲਾਵਾ ਇਹ ਚੁੰਬਕੀ ਖੇਤਰ ਤੇ ਸੂਰਜ ਤੋਂ ਆਉਣ ਵਾਲੇ ਉੱਚ ਊਰਜਾਵਾਨ ਕਣਾਂ ਦਾ ਅਧਿਐਨ ਕਰੇਗਾ। ਇਹ ਸੂਰਜ ਦੇ ਵਾਤਾਵਰਨ ਤੇ ਸੂਰਜ ਤੋਂ ਨਿਕਲਣ ਵਾਲੀ ਅੱਗ, ਸੂਰਜੀ ਤੂਫ਼ਾਨਾਂ ਦਾ ਮਹੱਤਵਪੂਰਨ ਡਾਟਾ ਪ੍ਰਦਾਨ ਕਰੇਗਾ। ਸਾਰੇ ਅੜਿੱਕਿਆਂ ਨੂੰ ਪਾਰ ਕਰਦਿਆਂ ਐੱਲ-1 ਵੱਲ ਵਧ ਰਹੇ ਮਿਸ਼ਨ ਦਾ ਬਸ ਹੁਣ ਆਖ਼ਰੀ ਪੜਾਅ ’ਤੇ ਪਹੁੰਚਣ ਦਾ ਸਭ ਨੂੰ ਇੰਤਜ਼ਾਰ ਹੈ। ਉਮੀਦ ਹੈ ਕਿ ਪੰਧ ’ਚ ਸਥਾਪਤ ਹੁੰਦਿਆਂ ਹੀ ਇਹ ਸੂਰਜ ਦੇ ਕਈ ਰਹੱਸਾਂ ਨੂੰ ਉਜਾਗਰ ਕਰਨ ’ਚ ਮੀਲ ਦਾ ਪੱਥਰ ਸਾਬਤ ਹੋਵੇਗਾ।