ਕੁਲਵਿੰਦਰ ਸਿੰਘ ਰਾਏ, ਖੰਨਾ : ਖੰਨਾ ਇਲਾਕੇ ’ਚ ਚੋਰਾਂ ਨੂੰ ਪੁਲਿਸ ਦਾ ਭੋਰਾ ਵੀ ਖੋਫ਼ ਨਹੀਂ ਹੈ। ਚੋਰਾਂ ਵੱਲੋਂ ਪੁਲਿਸ ਥਾਣਿਆਂ ਦੇ ਨੇੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਥਾਣਾ ਸਿਟੀ 2 ’ਚ ਦੇਖਣ ਨੂੰ ਮਿਲਿਆ, ਜਿੱਥੇ ਪਿਛਲੇ ਤਿੰਨ ਮਹੀਨਿਆਂ ’ਚ ਦੂਜੀ ਵਾਰ ਅਣਪਛਾਤੇ ਚੋਰਾਂ ਨੇ ਸਿਟੀ 2 ਥਾਣੇ ਦੇ ਸਾਹਮਣੇ ਸਥਿਤ ਨਗਰ ਕੌਂਸਲ ਦੇ ਸੁਵਿਧਾ ਕੇਂਦਰ ਦੇ ਤਾਲੇ ਤੋੜ ਕੇ ਦੇਰ ਰਾਤ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਚੋਰਾਂ ਨੇ ਸੇਵਾ ਕੇਂਦਰ ’ਚ ਲੱਖਾਂ ਦੀ ਕੀਮਤ ਦਾ ਸਾਮਾਨ ਚੋਰੀ ਕਰ ਲਿਆ ਹੈ। ਚੋਰੀ ਦੀ ਘਟਨਾ ਸੀਸੀਟੀਵੀ ’ਚ ਕੈਦ ਹੋ ਗਈ ਹੈ। ਸਾਮਾਨ ਚੋਰੀ ਹੋਣ ਕਰਕੇ ਸੇਵਾ ਕੇਂਦਰ ਦਾ ਕੰਮਕਾਰ ਠੱਪ ਹੋ ਗਿਆ ਤੇ ਲੋਕਾਂ ਨੂੰ ਪਰੇਸ਼ਾਨ ਹੋ ਕੇ ਵਾਪਿਸ ਪਰਤਣਾ ਪਿਆ।
ਬੁੱਧਵਾਰ ਸਵੇਰੇ ਜਦੋਂ ਸੁਵਿਧਾ ਕੇਂਦਰ ਦਾ ਸੁਰੱਖਿਆ ਗਾਰਡ ਉੱਥੇ ਪਹੁੰਚਿਆ ਤਾਂ ਸੁਰੱਖਿਆ ਗਾਰਡ ਨੇ ਦੇਖਿਆ ਕਿ ਮੁੱਖ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ। ਉਨ੍ਹਾਂ ਤੁਰੰਤ ਇਸ ਦੀ ਸੂਚਨਾ ਸੇਵਾ ਕੇਂਦਰ ਦੇ ਇੰਚਾਰਜ ਸੌਰਵ ਕੁਮਾਰ ਨੂੰ ਦਿੱਤੀ। ਸੌਰਵ ਕੁਮਾਰ ਨੇ ਮੌਕੇ ’ਤੇ ਪਹੁੰਚ ਕੇ ਆਪਣੇ ਸੀਨੀਅਰ ਅਧਿਕਾਰੀਆਂ ਸਮੇਤ ਪੁਲਿਸ ਨੂੰ ਸੂਚਿਤ ਕੀਤਾ। ਇੰਚਾਰਜ ਸੌਰਵ ਕੁਮਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ 1 ਅਗਸਤ ਨੂੰ ਵੀ ਚੋਰੀ ਦੀ ਘਟਨਾ ਵਾਪਰੀ ਸੀ, ਉਸ ਸਮੇਂ ਚੋਰ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਿਆ ਸੀ। ਪੁਲਿਸ ਨੇ ਕੇਸ ਵੀ ਦਰਜ ਕਰ ਲਿਆ ਸੀ ਪਰ ਅੱਜ ਤੱਕ ਚੋਰ ਪੁਲੀਸ ਦੇ ਹੱਥ ਨਹੀਂ ਲੱਗ ਸਕਿਆ। ਹੁਣ ਪਿਛੇ ਜਿਹੇ ਚੋਰਾਂ ਨੇ ਚੋਰੀਆਂ ਕੀਤੀਆਂ ਹਨ।
ਬੀਤੀ ਰਾਤ ਵੀ ਚੋਰਾਂ ਨੇ ਸਰਵਿਸ ਸੈਂਟਰ ਦੇ ਤਾਲੇ ਤੋੜ ਕੇ 16 ਬੈਟਰੀਆਂ, ਇਕ ਕੰਪਿਊਟਰ, ਇਕ ਆਧਾਰ ਕਾਰਡ ਬਣਾਉਣ ਵਾਲੀ ਮਸ਼ੀਨ, ਸਕੈਨਰ ਮਸ਼ੀਨ, ਟੀਐੱਫਟੀ ਸਕਰੀਨ, ਐੱਲਸੀਡੀ, ਕੀਬੋਰਡ, ਮਾਊਸ, ਪਿ੍ਰੰਟਰ, ਵੈੱਬ ਕੈਮਰਾ, ਦੋ ਸੀਪੀਯੂ ਅਤੇ ਹੋਰ ਸਾਮਾਨ ਚੋਰੀ ਹੋ ਗਿਆ। ਸੇਵਾ ਕੇਂਦਰ ’ਚ ਚੋਰੀ ਦੀ ਘਟਨਾ ਤੋਂ ਬਾਅਦ ਕੰਮਕਾਜ ਠੱਪ ਹੋ ਗਿਆ ਹੈ, ਜਿਸ ਕਾਰਨ ਲੋਕ ਕਾਫੀ ਪਰੇਸ਼ਾਨ ਹਨ। ਸੌਰਵ ਨੇ ਦੱਸਿਆ ਕਿ ਚੋਰੀ ਦੀ ਘਟਨਾ ਸਬੰਧੀ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇੱਕ-ਦੋ ਦਿਨਾਂ ਵਿੱਚ ਸਾਮਾਨ ਪਹੁੰਚ ਜਾਵੇਗਾ ਅਤੇ ਕੰਮ ਆਮ ਵਾਂਗ ਚੱਲੇਗਾ। ਪੁਲਿਸ ਮੁਤਾਬਕ ਚੋਰੀ ਦੀ ਘਟਨਾ ਦੀ ਸੂਚਨਾ ਮਿਲੀ ਹੈ, ਜਿਸ ਤੋਂ ਬਾਅਦ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਤੋਂ ਚੋਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


