ਸੰਜੀਵ ਗੁਪਤਾ, ਜਗਰਾਓਂ : ਜਗਰਾਓਂ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਐੱਸਡੀਐੱਮ ਫੂਡ ਸੇਫਟੀ ਵਿਭਾਗ ਨੂੰ ਨਾਲ ਲੈ ਕੇ ਸੜਕਾਂ ‘ਤੇ ਉਤਰੇ। ਇਸ ਛਾਪੇਮਾਰੀ ਦੌਰਾਨ ਕਈ ਮਠਿਆਈ ਦੀ ਦੁਕਾਨਾਂ ‘ਤੇ ਖਾਮੀਆਂ ਹੀ ਖਾਮੀਆਂ ਨਜ਼ਰ ਆਈਆਂ। ਇਕ ਦੁਕਾਨ ‘ਤੇ ਸੜਾਂਦ ਮਾਰਦੀਆਂ ਮਠਿਆਈਆਂ ਨੂੰ ਦੇਖ ਖਫ਼ਾ ਹੋਏ ਐੱਸਡੀਐੱਮ ਨੇ ਮੌਕੇ ‘ਤੇ ਹੀ ਉਕਤ ਮਠਿਆਈਆਂ ਨਸ਼ਟ ਕਰਵਾਈਆਂ।
ਬੁੱਧਵਾਰ ਨੂੰ ਐੱਸਡੀਐੱਮ ਮਨਜੀਤ ਕੌਰ ਫੂਡ ਸੇਫਟੀ ਵਾਗ ਦੀ ਟੀਮ ਨਾਲ ਜਗਰਾਓਂ ਦੇ ਬਾਜ਼ਾਰਾਂ ਵਿੱਚ ਕਈ ਮਠਿਆਈ ਵਾਲੀ ਦੁਕਾਨਾਂ ‘ਤੇ ਚੈਕਿੰਗ ਕਰਨ ਪੁੱਜੇ। ਜਿਉਂ ਹੀ ਇਹ ਟੀਮ ਰਾਏਕੋਟ ਰੋਡ ਦੇ ਵਿਚਲੇ ਬਾਜ਼ਾਰ ਇੱਕ ਮਠਿਆਈ ਦੀ ਦੁਕਾਨ ‘ਤੇ ਪੁੱਜੀ ਤਾਂ ਉਥੋਂ ਦੇ ਸੂਰਤ-ਏ-ਹਾਲ ਦੇਖ ਕੇ ਪੂਰੀ ਟੀਮ ਹੈਰਾਨ ਰਹਿ ਗਈ। ਇਸ ਦੁਕਾਨ ਵਿੱਚ ਜਿੱਥੇ ਫਾਇਰ ਸੇਫਟੀ ਨਾਮ ਦੀ ਕੋਈ ਚੀਜ਼ ਨਹੀਂ ਸੀ, ਉਥੇ ਕਈ ਦਿਨ ਪੁਰਾਣੀਆਂ ਮਠਿਆਈਆਂ ਦੇਸੀ ਘਿਓ ਖੋਇਆ ਅਤੇ ਹੋਰ ਵਸਤੂਆਂ ਚੈੱਕ ਕੀਤੀਆਂ ਤਾਂ ਟੀਮ ਨੂੰ ਅਨੇਕਾਂ ਖਾਮੀਆਂ ਨਜ਼ਰ ਆਈਆਂ।
ਇਸ ‘ਤੇ ਦੁਕਾਨਦਾਰ ਵੱਲੋਂ ਜਦੋਂ ਉਕਤ ਮਠਿਆਈਆਂ ਨੂੰ ਸਹੀ ਦੱਸਿਆ ਤਾਂ ਐੱਸਡੀਐੱਮ ਨੇ ਦੁਕਾਨਦਾਰ ਨੂੰ ਉਹਨਾਂ ਵਿੱਚੋਂ ਮਠਿਆਈ ਦਾ ਸਵਾਦ ਤੱਕ ਚਖਣ ਲਈ ਕਿਹਾ। ਇਸ ਤੋਂ ਬਾਅਦ ਇਹ ਖਰਾਬ ਹਾਲਤ ਦੀਆਂ ਮਠਿਆਈਆਂ ਨੂੰ ਐੱਸਡੀਐੱਮ ਨੇ ਆਪਣੀ ਹੀ ਨਿਗਰਾਨੀ ਵਿੱਚ ਬਾਕਾਇਦਾ ਨਸ਼ਟ ਕਰਵਾਇਆ। ਹਾਲਾਂਕਿ ਟੀਮ ਨੂੰ ਚੈਕਿੰਗ ਦੌਰਾਨ ਕਈ ਦੁਕਾਨਾਂ ‘ਤੇ ਸਭ ਕੁਝ ਠੀਕ ਮਿਲਿਆ ਪਰ ਕਈ ਥਾਵਾਂ ‘ਤੇ ਮਠਿਆਈਆਂ ਦੇ ਨਾਂ ‘ਤੇ ਲੋਕਾਂ ਦੀ ਸਿਹਤ ਨਾਲ ਸ਼ਰ੍ਹੇਆਮ ਖਿਲਵਾੜ ਹੋ ਰਿਹਾ ਸੀ। ਐੱਸਡੀਐੱਮ ਮਨਜੀਤ ਕੌਰ ਨੇ ਕਿਹਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਲੋਕਾਂ ਨੂੰ ਪਿਓਰਟੀ ਪ੍ਰੋਡਕਟ ਮਿਲਣ ਇਸੇ ਮਕਸਦ ਨੂੰ ਮੁੱਖ ਰੱਖ ਕੇ ਅੱਜ ਦੀ ਇਹ ਚੈਕਿੰਗ ਕੀਤੀ ਗਈ ਹੈ। ਉਹਨਾਂ ਉਕਤ ਦੁਕਾਨ ਦੀ ਗੱਲ ਕਰਦਿਆਂ ਕਿਹਾ ਕਿ ਇੱਥੇ ਕਈ ਮਠਿਆਈਆਂ ਬਿਨਾਂ ਸੈਂਪਲ ਭਰੇ ਹੀ ਉਨ੍ਹਾਂ ਵਿੱਚੋਂ ਮਾਰ ਦੀ ਬਦਬੂ ਉਨ੍ਹਾਂ ਦੀ ਘਟੀਆ ਕੁਆਲਿਟੀ ਦਾ ਪ੍ਰਤੱਖ ਪ੍ਰਮਾਣ ਸੀ, ਜਿਸ ‘ਤੇ ਜਿੱਥੇ ਇਹ ਮਠਿਆਈਆਂ ਨਸ਼ਟ ਕਰਵਾਈਆਂ ਗਈਆਂ, ਉੱਥੇ ਦੁਕਾਨ ਵਿੱਚ ਬਣਿਆ ਪਿਆ ਦੇਸੀ ਘਿਓ, ਖੋਆ ਅਤੇ ਦੁੱਧ ਦੇ ਸੈਂਪਲ ਵੀ ਭਰੇ ਗਏ ਹਨ। ਉਹਨਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।


