ਜਾਗਰਣ ਬਿਊਰੋ, ਨਵੀਂ ਦਿੱਲੀ: ਵਧੇ ਹਵਾ ਪ੍ਰਦੂਸ਼ਣ ਨਾਲ ਇਕ ਵਾਰੀ ਮੁੜ ਐੱਨਸੀਆਰ ਦਾ ਸਾਹ ਫੁੱਲ ਗਿਆ ਹੈ। ਐੱਨਸੀਆਰ ’ਚ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) ਪੰਜ ਸੌ ਤੋਂ ਵੀ ਜ਼ਿਆਦਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹਵਾ ’ਚ ਨਾਈਟ੍ਰੋਜਨ ਆਕਸਾਈਡ ਤੇ ਸਲਫਰ ਦੀ ਮਾਤਰਾ ਵੀ ਪਾਈ ਗਈ ਹੈ, ਜਿਹੜੀ ਸਿਰਫ਼ ਇੰਡਸਟਰੀ ਤੇ ਵਾਹਨਾਂ ਤੋਂ ਸੜਨ ਵਾਲੇ ੲੀਂਧਨ ਤੋਂ ਪੈਦਾ ਹੁੰਦਾ ਹੈ। ਇਸ ਕਾਰਨ ਅੱਖਾਂ ’ਚ ਜਲਣ ਤੇ ਲੋਕਾਂ ਨੂੰ ਸਾਹ ਲੈਣ ’ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸਥਿਤੀ ਉਦੋਂ ਹੈ, ਜਦੋਂ ਇਸ ਖ਼ਤਰੇ ਨੂੰ ਲੈ ਕੇ ਕੇਂਦਰ ਪਹਿਲਾਂ ਹੀ ਸੂਬਿਆਂ ਨੂੰ ਚੌਕਸ ਕਰ ਚੁੱਕਾ ਸੀ। ਨਾਲ ਹੀ ਉਨ੍ਹਾਂ ਨੂੰ ਅਜਿਹੇ ਸਾਰੇ ਵਸੀਲਿਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਤਤਕਾਲ ਖ਼ਤਮ ਕਰਨ ਦੇ ਵੀ ਨਿਰਦੇਸ਼ ਦਿੱਤੇ ਸਨ। ਬਾਵਜੂਦ ਇਸ ਦੇ ਸਥਿਤੀ ਗੰਭੀਰ ਹੋ ਗਈ ਹੈ।

ਐੱਨਸੀਆਰ ’ਚ ਏਕਿਊਆਈ ਦੇ ਖ਼ਤਰਨਾਕ ਸਥਿਤੀ ’ਚ ਪੁੱਜਣ ਤੋਂ ਬਾਅਦ ਕੇਂਦਰ ਨੇ ਮੁੜ ਪੰਜਾਬ, ਹਰਿਆਣਾ ਤੇ ਦਿੱਲੀ ਸਮੇਤ ਸਾਰੇ ਗੁਆਂਢੀ ਸੂਬਿਆਂ ਨੂੰ ਪ੍ਰਦੂਸ਼ਣ ਪੈਦਾ ਕਰਨ ਵਾਲੇ ਵਸੀਲਿਆਂ ਦੀ ਪਛਾਣ ਕਰ ਕੇ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ। ਇਨ੍ਹਾਂ ਸੂੁਬਿਆਂ ’ਚ ਪਰਾਲੀ ਸੜਨ ਦੀਆਂ ਸੈੱਟਲਾਈਟ ਤੋਂ ਲਈਆਂ ਗਈਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਕੇਂਦਰ ਨੇ ਕਿਹਾ ਹੈ ਕਿ 25 ਅਕਤੂਬਰ ਤੋਂ ਬਾਅਦ ਪੰਜਾਬ ’ਚ ਪਰਾਲੀ ਸੜਨ ਦੀਆਂ ਘਟਨਾਵਾਂ ਕਿਵੇਂ ਵਧੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਐੱਨਸੀਆਰ ’ਚ ਵਧੇ ਪ੍ਰਦੂਸ਼ਣ ਦੇ ਪਿੱਛੇ ਇਕ ਵੱਡਾ ਕਾਰਨ ਇਹ ਵੀ ਹੈ। ਇਸ ਦੌਰਾਨ ਦੀਵਾਲੀ ਤੋਂ ਪਹਿਲਾਂ ਹੀ ਐੱਨਸੀਆਰ ਦੀ ਹਵਾ ਦੀ ਗੁਣਵੱਤਾ ਖ਼ਤਰਨਾਕ ਸ਼੍ਰੇਣੀ ’ਚ ਪੁੱਜਣ ਨਾਲ ਇੱਥੇ ਰਹਿਣ ਵਾਲੇ ਲੋਕਾਂ ਦੀਆਂ ਚਿੰਤਾਵਾਂ ਵੀ ਵੱਧ ਗਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਜੇਕਰ ਅਜਿਹੀ ਹੀ ਸਥਿਤੀ ਰਹੀ ਤਾਂ ਦੀਵਾਲੀ ਦੌਰਾਨ ਯਾਨੀ 12 ਨਵੰਬਰ ਦੇ ਆਸਪਾਸ ਐੱਨਸੀਆਰ ਦੇ ਲੋਕਾਂ ਲਈ ਹੋਰ ਜ਼ਿਆਦਾ ਮੁਸ਼ਕਲ ਭਰਿਆ ਹੋਵੇਗਾ। ਐੱਨਸੀਆਰ ਦੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਕੇਂਦਰ ਦੀ ਸਰਗਰਮੀ ਦਾ ਆਲਮ ਇਹ ਹੈ ਕਿ ਹਾਲੀਆ ਪ੍ਰਧਾਨ ਮੰਤਰੀ ਦੇ ਪਿ੍ਰੰਸੀਪਲ ਸਕੱਤਰ ਪੀ ਕੇ ਮਿਸ਼ਰਾ ਨੇ ਵੀ ਇਕ ਉੱਚ ਪੱਧਰੀ ਬੈਠਕ ਕੀਤੀ ਸੀ। ਇਸ ਵਿਚ ਸੂਬਿਆਂ ਨੂੰ ਪਰਾਲੀ ਸੰਕਟ ਨਾਲ ਨਿਪਟਣ ਲਈ ਮੁਹੱਈਆ ਕਰਵਾਏ ਗਏ ਉਪਕਰਨਾਂ ਦੀ ਬਿਹਤਰ ਵਰਤੋਂ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ।

ਅੱਜ ਤੋਂ ਕੁਝ ਸੁਧਰ ਸਕਦੀ ਹੈ ਸਥਿਤੀ

ਹਵਾ ਗੁਣਵੱਤਾ ਕਮਿਸ਼ਨ ਨੇ ਐੱਨਸੀਆਰ ਦੀ ਹਵਾ ਗੁਣਵੱਤਾ ’ਚ ਸ਼ਨਿਚਰਵਾਰ ਤੋਂ ਕੁਝ ਸੁਧਾਰ ਦੀ ਉਮੀਦ ਹੈ। ਹਾਲਾਂਕਿ, ਹਵਾ ਗੁਣਵੱਤਾ ਖ਼ਤਰਨਾਕ ਸਥਿਤੀ ’ਚ ਬਣੀ ਰਹੇਗੀ। ਕਮਿਸ਼ਨ ਦਾ ਕਹਿਣਾ ਹੈ ਕਿ ਐੱਨਸੀਆਰ ’ਚ ਹਵਾ ਪ੍ਰਦੂਸ਼ਣ ਦਾ ਇਹ ਪੱਧਰ ਛੇ ਤੋਂ ਸੱਤ ਨਵੰਬਰ ਤੱਕ ਰਹੇਗਾ। ਹਵਾ ਗੁਣਵੱਤਾ ਦੇ ਪੱਧਰ ’ਚ ਬਦਲਾਅ ਦਾ ਪੜਾਅ ਵੈਸੇ ਸ਼ੁੱਕਰਵਾਰ ਸ਼ਾਮ ਤੋਂ ਹੀ ਸ਼ੁਰੂ ਹੋ ਗਿਆ ਹੈ।

ਸਰੋਤਾਂ ਦੀ ਪਛਾਣ ਕਰ ਕੇ ਕਾਰਵਾਈ ਕਰਨੀ ਪਵੇਗੀ: ਪ੍ਰੋਫੈਸਰ ਤ੍ਰਿਪਾਠੀ

ਐੱਨਸੀਆਰ ਦੀ ਹਵਾ ਗੁਣਵੱਤਾ ’ਤੇ ਲਗਾਤਾਰ ਤਿੱਖੀ ਨਜ਼ਰ ਰੱਖਣ ਵਾਲੇ ਆਈਆਈਟੀ ਕਾਨਪੁਰ ਦੇ ਪ੍ਰੋਫੈਸਰ ਸੱਚਿਦਾਨੰਦ ਤ੍ਰਿਪਾਠੀ ਮੁਤਾਬਕ ਜਦੋਂ ਤੱਕ ਸਰੋਤਾਂ ਦੀ ਪਛਾਣ ਕਰ ਕੇ ਸਹੀ ਕਾਰਵਾਈ ਨਹੀਂ ਹੋਵੇਗੀ, ਉਦੋਂ ਤੱਕ ਹਵਾ ਪ੍ਰਦੂਸ਼ਣ ਦੀ ਇਸ ਸਥਿਤੀ ਨੂੰ ਕਾਬੂ ਕਰਨਾ ਮੁਸ਼ਕਿਲ ਹੋਵੇਗਾ। ਪ੍ਰੋਫੈਸਰ ਤ੍ਰਿਪਾਠੀ ਮੁਤਾਬਕ, ਐੱਨਸੀਆਰ ’ਚ ਹਵਾ ਪ੍ਰਦੂਸ਼ਣ ਖ਼ਿਲਾਫ਼ ਚੱਲ ਰਹੀ ਪੂਰੀ ਮੁਹਿੰਮ ਹੀ ਹਵਾ-ਹਵਾਈ ਹੈ, ਕਿਉਂਕਿ ਏਨੇ ਵੱਡੇ ਇਲਾਕੇ ’ਚ ਪ੍ਰਦੂਸ਼ਣ ਫੈਲਾਉਣ ਵਾਲੇ ਸਰੋਤਾਂ ਦੀ ਪਛਾਣ ਕਰਨ ਲਈ ਉਚਿਤ ਮਾਨੀਟਰਿੰਗ ਸਟੇਸ਼ਨ ਹੀ ਨਹੀਂ ਹੈ। ਅਜਿਹੇ ’ਚ ਪ੍ਰਦੂਸ਼ਣ ਕਿਸ ਖੇਤਰ ਤੇ ਕਿਸ ਸਰੋਤ ਨਾਲ ਪੈਦਾ ਹੋ ਰਿਹਾਹੈ, ਇਸ ਦਾ ਕੋਈ ਸਹੀ ਅਧਿਐਨ ਨਹੀਂ ਹੈ। ਅਜਿਹੇ ’ਚ ਜਿੱਥੇ ਕਾਰਵਾਈ ਹੋਣੀ ਚਾਹੀਦੀ ਹੈ, ਉਹ ਵੀ ਨਹੀਂ ਹੋ ਰਹੀ। ਹਵਾ ’ਚ ਨਾਈਟ੍ਰੋਜਨ ਆਕਸਾਈਡ ਤੇ ਸਲਫਰ ਦੀ ਮੌਜੂਦਗੀ ਇਸ ਗੱਲ ਦਾ ਸਬੂਤ ਹੈ ਕਿ ਇੰਡਸਟਰੀ ਜਾਂ ਵਾਹਨਾਂ ਨਾਲ ਭਾਰੀ ਮਾਤਰਾ ’ਚਪ੍ਰਦੂਸ਼ਣ ਪੈਦਾ ਹੋ ਰਿਹਾ ਹੈ।