ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਸਥਾਨਕ ਅਨਾਜ ਮੰਡੀ ਵਿਖੇ ਪਿਛਲੇ ਲੰਮੇ ਸਮੇਂ ਤੋਂ ਆਪਣੀ ਆੜ੍ਹਤ ਚਲਾ ਰਹੇ ਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਸ਼ਕਤੀ ਆਨੰਦ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਮੰਡੀ ‘ਚ ਨਵੇਂ ਵਿਕਣ ਲਈ ਆ ਰਹੇ ਝੋਨੇ ‘ਚ ਨਮੀ ਦੀ ਮਾਤਰਾ ਨੂੰ ਲੈ ਕੇ ਸ਼ੈਲਰ ਮਾਲਕਾਂ ਨੂੰ ਡਰਾਇਰ ਚਲਾਉਣ ਦੀ ਇਜ਼ਾਜਤ ਦੇਵੇ ਤਾਂ ਕਿ ਸਮੱਸਿਆ ਦਾ ਹੱਲ ਹੋ ਸਕੇ। ਸਾਬਕਾ ਚੇਅਰਮੈਨ ਆਨੰਦ ਨੇ ਕਿਹਾ ਝੋਨੇ ਦੀ ਬਿਜਾਈ ਤੋਂ ਕੁਝ ਦਿਨਾਂ ਬਾਅਦ ਹੀ ਪੰਜਾਬ ‘ਚ ਹੜ੍ਹ ਆਏ ਜਿਸ ਕਾਰਨ ਮਾਛੀਵਾੜਾ ਇਲਾਕੇ ਦੇ ਬੇਟ ਖੇਤਰ ਦਾ ਕਾਫ਼ੀ ਨੁਕਸਾਨ ਹੋਇਆ ਤੇ ਕਿਸਾਨਾਂ ਨੂੰ ਝੋਨਾ ਦੁਬਾਰਾ ਲਗਾਉਣਾ ਪਿਆ। ਉਨ੍ਹਾਂ ਕਿਹਾ ਇਹ ਪੱਛੜ ਕੇ ਲੱਗਿਆ ਝੋਨਾ ਜਿਸ ਨੂੰ ਪੱਕਣ ‘ਚ ਦੇਰੀ ਹੋ ਰਹੀ ਹੈ ਤੇ ਨਮੀ ਦੀ ਮਾਤਰਾ ਵੀ ਇਸ ਕਰਕੇ ਹੀ ਵੱਧ ਹੈ।

ਸ਼ਕਤੀ ਆਨੰਦ ਨੇ ਕਿਹਾ ਸਰਕਾਰ ਦੇ ਨਿਯਮਾਂ ਅਨੁਸਾਰ 17 ਫੀਸਦੀ ਨਮੀ ਵਾਲਾ ਝੋਨਾ ਹੀ ਖਰੀਦਿਆ ਜਾ ਸਕਦਾ ਹੈ ਪਰ ਇਸ ਸਮੇਂ ਜੋ ਮੰਡੀਆਂ ‘ਚ ਝੋਨਾ ਆ ਰਿਹਾ ਹੈ ਉਸ ਦੀ ਮਾਤਰਾ 20 ਤੋਂ 24 ਫੀਸਦੀ ਹੈ। ਉਨ੍ਹਾਂ ਕਿਹਾ ਜਾਂ ਤਾਂ ਸਰਕਾਰ ਕਿਸਾਨਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਨਮੀ ਦੀ ਮਾਤਰਾ ‘ਚ ਛੋਟ ਦੇਵੇ ਜਾਂ ਫਿਰ ਸ਼ੈਲਰ ਮਾਲਕਾਂ ਨੂੰ ਡਰਾਇਰ ਚਲਾਉਣ ਦੀ ਪ੍ਰਵਾਨਗੀ ਦੇਵੇ ਜਿਸ ਨਾਲ ਉਨ੍ਹਾਂ ਨੂੰ ਰਾਹਤ ਮਿਲੇ ਤੇ ਆਪਣੀ ਫਸਲ ਵੇਚਣ ਸਬੰਧੀ ਉਨ੍ਹਾਂ ਨੂੰ ਪਰੇਸ਼ਾਨੀ ਨਾ ਝੱਲਣੀ ਪਵੇ।