ਏਜੰਸੀ, ਨਵੀਂ ਦਿੱਲੀ : ਭਾਰਤ ਵਿੱਚ ਜ਼ਿਆਦਾਤਰ ਲੋਕ ਅਜੇ ਵੀ ਰੇਲ ਰਾਹੀਂ ਸਫ਼ਰ ਕਰਦੇ ਹਨ। ਇਸ ਦੇ ਬਾਵਜੂਦ ਭਾਰਤ ਦੁਨੀਆ ਵਿੱਚ ਸਭ ਤੋਂ ਵੱਧ ਜਹਾਜ਼ ਖਰੀਦ ਰਿਹਾ ਹੈ। ਭਾਰਤੀ ਏਅਰਲਾਈਨਜ਼ ਕੰਪਨੀਆਂ ਅਰਬਾਂ ਡਾਲਰ ਦਾ ਨਿਵੇਸ਼ ਕਰ ਰਹੀਆਂ ਹਨ। ਦੁਨੀਆ ਦੀਆਂ ਦੋ ਹਵਾਈ ਜਹਾਜ਼ ਨਿਰਮਾਤਾ ਕੰਪਨੀਆਂ, ਅਮਰੀਕਾ ਦੀ ਬੋਇੰਗ ਅਤੇ ਯੂਰਪ ਦੀ ਏਅਰਬੱਸ, ਨੂੰ ਭਾਰਤ ਦੇ ਵਿਸਤ੍ਰਿਤ ਹਵਾਬਾਜ਼ੀ ਬਾਜ਼ਾਰ ਦਾ ਸਭ ਤੋਂ ਵੱਧ ਫਾਇਦਾ ਹੋਣ ਜਾ ਰਿਹਾ ਹੈ।

ਏਅਰ ਇੰਡੀਆ ਏਅਰਬੱਸ ਤੋਂ 250 ਅਤੇ ਬੋਇੰਗ ਤੋਂ 220 ਜਹਾਜ਼ ਖਰੀਦਣ ਜਾ ਰਹੀ ਹੈ। ਇਸ ਦੀ ਕੁੱਲ ਕੀਮਤ 70 ਬਿਲੀਅਨ ਡਾਲਰ ਹੈ। ਜੂਨ ਵਿੱਚ, ਯਾਤਰੀਆਂ ਅਤੇ ਉਡਾਣਾਂ ਦੇ ਹਿਸਾਬ ਨਾਲ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ 500 ਨਵੇਂ ਏਅਰਬੱਸ ਏ320 ਦਾ ਆਰਡਰ ਦਿੱਤਾ ਸੀ। ਨਵੀਂ ਦਿੱਲੀ ਦਾ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਅਮਰੀਕਾ ਦੇ ਹਾਰਟਸਫੀਲਡ-ਜੈਕਸਨ ਅਟਲਾਂਟਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵਿਅਸਤ ਹਵਾਈ ਅੱਡਾ ਬਣਨ ਲਈ ਤਿਆਰ ਹੈ।

ਭਾਰਤ ਦੇ ਸਿਰਫ਼ ਤਿੰਨ ਫ਼ੀਸਦੀ ਲੋਕ ਹੀ ਹਵਾਈ ਸਫ਼ਰ ਕਰਦੇ ਹਨ, ਪਰ ਦੇਸ਼ ਦੀ 140 ਕਰੋੜ ਦੀ ਆਬਾਦੀ ਨੂੰ ਦੇਖਦੇ ਹੋਏ ਇਹ ਗਿਣਤੀ ਘੱਟ ਨਹੀਂ ਹੈ। ਹਵਾਬਾਜ਼ੀ ਸਲਾਹਕਾਰ ਕੰਪਨੀ CAPA ਇੰਡੀਆ ਦੇ ਸੀਈਓ ਕਪਿਲ ਕੌਲ ਨੇ ਕਿਹਾ ਕਿ ਅਗਲੇ ਦੋ ਤੋਂ ਤਿੰਨ ਸਾਲ ਭਾਰਤ ਲਈ ਮਹੱਤਵਪੂਰਨ ਹਨ। ਹੁਣ ਭਾਰਤੀ ਹਵਾਬਾਜ਼ੀ ਨੂੰ ਸਾਬਤ ਕਰਨਾ ਹੋਵੇਗਾ ਕਿ ਉਹ ਪੈਸਾ ਕਮਾ ਸਕਦੀ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੇ ਸੱਤਾ ਸੰਭਾਲਣ ਤੋਂ ਬਾਅਦ 9 ਸਾਲਾਂ ਵਿੱਚ ਹਵਾਈ ਅੱਡਿਆਂ ਦੀ ਗਿਣਤੀ 74 ਤੋਂ ਵੱਧ ਕੇ 148 ਹੋ ਗਈ ਹੈ। 2030 ਤੱਕ ਇਹ ਗਿਣਤੀ ਵਧ ਕੇ 230 ਹੋ ਜਾਵੇਗੀ। ਪਿਛਲੇ ਇੱਕ ਦਹਾਕੇ ਵਿੱਚ ਹਵਾਈ ਅੱਡਿਆਂ ਵਿੱਚ $11 ਬਿਲੀਅਨ ਤੋਂ ਵੱਧ ਦਾ ਨਿਵੇਸ਼ ਕੀਤਾ ਗਿਆ ਹੈ।