India vs Sri Lanka Match : ਵਿਸ਼ਵ ਕੱਪ 2023 ਦੇ 33ਵੇਂ ਮੈਚ ਵਿੱਚ ਅੱਜ ਭਾਰਤੀ ਟੀਮ ਸ਼੍ਰੀਲੰਕਾ ਨੂੰ 302 ਦੌੜਾਂ ਨਾਲ ਹਰਾ ਕੇ ਸ਼ਾਨ ਨਾਲ ਸੈਮੀਫਾਈਨਲ ਵਿੱਚ ਪਹੁੰਚ ਗਈ। ਸ਼੍ਰੀਲੰਕਾ ਦੀ ਟੀਮ 19.4 ਓਵਰਾਂ ਵਿਚ 55 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਇਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਗਿਆ। ਸ਼੍ਰੀਲੰਕਾ ਦੇ ਕਪਤਾਨ ਕੁਸਲ ਮੈਂਡਿਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 50 ਓਵਰਾਂ ‘ਚ 8 ਵਿਕਟਾਂ ਗੁਆ ਕੇ 357 ਦੌੜਾਂ ਬਣਾਈਆਂ। ਟੀਮ ਦੀ ਤਰਫੋਂ ਸ਼ੁਭਮਨ ਗਿੱਲ ਨੇ 92 ਦੌੜਾਂ ਅਤੇ ਵਿਰਾਟ ਕੋਹਲੀ ਨੇ 88 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਥੇ ਹੀ ਸ਼੍ਰੇਅਸ ਅਈਅਰ ਨੇ 82 ਦੌੜਾਂ ਬਣਾਈਆਂ। ਗੇਂਦਬਾਜ਼ੀ ‘ਚ ਸ਼੍ਰੀਲੰਕਾ ਲਈ ਦਿਲਸ਼ਾਨ ਮਧੂਸ਼ੰਕਾ ਨੇ ਪੰਜ ਵਿਕਟਾਂ ਲਈਆਂ।

ਟੀਚੇ ਦਾ ਪਿੱਛਾ ਕਰਦੇ ਹੋਏ ਸ਼੍ਰੀਲੰਕਾ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਬੁਮਰਾਹ ਨੇ ਪਹਿਲੇ ਓਵਰ ਦੀ ਪਹਿਲੀ ਹੀ ਗੇਂਦ ‘ਤੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ। ਇਸ ਤੋਂ ਬਾਅਦ ਬੁਮਰਾਹ ਨੇ ਇੱਕ ਹੀ ਓਵਰ ਵਿੱਚ ਦੋ ਵਿਕਟਾਂ ਲੈ ਕੇ ਸ੍ਰੀਲੰਕਾ ਦੀ ਕਮਰ ਤੋੜ ਦਿੱਤੀ।

ਸ਼ਮੀ ਨੇ 9 ਗੇਂਦਾਂ ‘ਤੇ ਤਿੰਨ ਵਿਕਟਾਂ ਲੈ ਕੇ ਸ਼੍ਰੀਲੰਕਾ ਦੀ ਪਾਰੀ ਨੂੰ ਤਬਾਹ ਕਰ ਦਿੱਤਾ। ਸ਼੍ਰੀਲੰਕਾ ਦੇ ਪੰਜ ਬੱਲੇਬਾਜ਼ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਇਸ ਦੇ ਨਾਲ ਹੀ ਤਿੰਨ ਬੱਲੇਬਾਜ਼ ਦੋਹਰੇ ਅੰਕੜੇ ਨੂੰ ਵੀ ਨਹੀਂ ਛੂਹ ਸਕੇ। ਸ੍ਰੀਲੰਕਾ ਲਈ ਰਜਿਥਾ (14) ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਸ਼ਮੀ ਨੇ ਪੰਜ ਵਿਕਟਾਂ ਲਈਆਂ। ਸਿਰਾਜ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ। ਜਡੇਜਾ ਅਤੇ ਬੁਮਰਾਹ ਨੇ ਇਕ-ਇਕ ਵਿਕਟ ਲਈ।

IND ਬਨਾਮ SL ਪਲੇਇੰਗ 11

ਭਾਰਤੀ ਟੀਮ ਦੇ ਪਲੇਇੰਗ 11 – ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ ਅਤੇ ਮੁਹੰਮਦ ਸਿਰਾਜ।

ਸ਼੍ਰੀਲੰਕਾ ਦੇ ਪਲੇਇੰਗ 11 – ਪਥੁਮ ਨਿਸਾਂਕਾ, ਦਿਮੁਥ ਕਰੁਣਾਰਤਨੇ, ਕੁਸਲ ਮੈਂਡਿਸ (ਕਪਤਾਨ), ਸਦਿਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਦੁਸ਼ਮੰਥਾ ਹੇਮੰਤਾ, ਐਂਜੇਲੋ ਮੈਥਿਊਜ਼, ਦੁਸ਼ਮੰਥਾ ਚਮੀਰਾ, ਮਹਿਸ਼ ਥੀਕਸ਼ਾਨਾ, ਕਸੂਨ ਰਾਜਿਤ ਅਤੇ ਦਿਲਸ਼ਾਨ ਮਦੁਸ਼ੰਕਾ।