ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਅੱਜ ਹੋਣ ਵਾਲੀ ਕੇਂਦਰੀ ਕੈਬਨਿਟ ਦੀ ਮੀਟਿੰਗ ‘ਚ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ ਮਿਲ ਸਕਦਾ ਹੈ। ਸਰਕਾਰ ਇਨ੍ਹਾਂ ਮੁਲਾਜ਼ਮਾਂ ਲਈ ਮਹਿੰਗਾਈ ਭੱਤੇ (DA) ‘ਚ 4 ਫੀਸਦੀ ਵਾਧੇ ਨੂੰ ਮਨਜ਼ੂਰੀ ਦੇ ਸਕਦੀ ਹੈ।
46 ਫੀਸਦੀ ਹੋ ਸਕਦਾ ਹੈ ਡੀਏ
ਜੇਕਰ ਕੇਂਦਰ ਸਰਕਾਰ ਅੱਜ ਡੀਏ ‘ਚ 4 ਫੀਸਦੀ ਵਾਧੇ ਨੂੰ ਮਨਜ਼ੂਰੀ ਦੇ ਦਿੰਦੀ ਹੈ ਤਾਂ ਕੇਂਦਰੀ ਮੁਲਾਜ਼ਮਾਂ ਦਾ ਡੀਏ ਮੌਜੂਦਾ 42 ਫੀਸਦੀ ਤੋਂ ਵਧ ਕੇ 46 ਫੀਸਦੀ ਹੋ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਜੇਕਰ ਇਹ ਵਾਧਾ ਹੁੰਦਾ ਹੈ ਤਾਂ ਇਹ 1 ਜੁਲਾਈ, 2023 ਤੋਂ ਲਾਗੂ ਹੋਵੇਗਾ ਅਤੇ ਇਸ ਨਾਲ ਨਵੰਬਰ ਮਹੀਨੇ ਦੀ ਤਨਖਾਹ ‘ਚ ਵਾਧਾ ਹੋਵੇਗਾ ਅਤੇ ਨਾਲ ਹੀ ਜੁਲਾਈ ਤੋਂ ਅਕਤੂਬਰ ਤਕ ਦੇ ਬਕਾਏ ਵੀ ਮਿਲਣਗੇ।
ਜੇਕਰ ਡੀਏ ‘ਚ ਵਾਧੇ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਇਸ ਨਾਲ 47 ਲੱਖ ਮੁਲਾਜ਼ਮਾਂ ਅਤੇ 68 ਲੱਖ ਪੈਨਸ਼ਨਰਾਂ ਨੂੰ ਫਾਇਦਾ ਹੋਣ ਦੀ ਸੰਭਾਵਨਾ ਹੈ।
ਕਿੰਨੀ ਵੱਧ ਸਕਦੀ ਹੈ ਤਨਖਾਹ ?
ਤੁਹਾਨੂੰ ਦੱਸ ਦੇਈਏ ਕਿ ਕੇਂਦਰੀ ਮੁਲਾਜ਼ਮਾਂ ਦੀ ਘੱਟੋ-ਘੱਟ ਬੇਸਿਕ ਤਨਖਾਹ 18,000 ਰੁਪਏ ਹੈ। ਇਸ 18,000 ਰੁਪਏ ‘ਤੇ 42 ਫੀਸਦ ਡੀਏ ਜੋੜਿਆ ਜਾਂਦਾ ਹੈ ਜੋ 7,560 ਰੁਪਏ ਬਣਦਾ ਹੈ। ਜੇਕਰ ਸਰਕਾਰ ਅੱਜ ਇਸ ਡੀਏ ਨੂੰ 42 ਫੀਸਦੀ ਤੋਂ ਵਧਾ ਕੇ 46 ਫੀਸਦੀ ਕਰ ਦਿੰਦੀ ਹੈ ਤਾਂ ਮੁਲਾਜ਼ਮਾਂ ਦੀ ਤਨਖਾਹ ਦਾ ਮਹੀਨਾਵਾਰ ਡੀਏ 8,280 ਰੁਪਏ ਹੋ ਜਾਵੇਗਾ।
ਜਦੋਂਕਿ ਸਭ ਤੋਂ ਜ਼ਿਆਦਾ ਬੇਸਿਕ ਤਨਖ਼ਾਹ ਵਾਲੇ ਮੁਲਾਜ਼ਮਾਂ ਜਿਨ੍ਹਾਂ ਦੀ ਮੁੱਢਲੀ ਤਨਖ਼ਾਹ 56,900 ਰੁਪਏ ਹੈ, ਦਾ ਡੀਏ ਇਸ ਵੇਲੇ 42 ਫ਼ੀਸਦੀ ਦੇ ਹਿਸਾਬ ਨਾਲ 23,898 ਰੁਪਏ ਹੈ, ਜੋ ਇਸ ਪ੍ਰਵਾਨਗੀ ਤੋਂ ਬਾਅਦ ਵਧ ਕੇ 26,174 ਰੁਪਏ ਹੋ ਜਾਵੇਗਾ।
ਕੀ ਹੁੰਦੈ DA ?
ਮਹਿੰਗਾਈ ਭੱਤਾ (DA) ਸਰਕਾਰ ਵੱਲੋਂ ਜਨਤਕ ਖੇਤਰ ਦੇ ਮੁਲਾਜ਼ਮਾਂ ਨੂੰ ਦਿੱਤਾ ਜਾਂਦਾ ਪੈਸਾ ਹੈ ਤਾਂ ਜੋ ਵਧਦੀ ਮਹਿੰਗਾਈ ਦਾ ਬੋਝ ਸਰਕਾਰੀ ਮੁਲਾਜ਼ਮਾਂ ‘ਤੇ ਨਾ ਪਵੇ। ਜਦੋਂਕਿ ਮਹਿੰਗਾਈ ਰਾਹਤ (DR) DA ਦੇ ਸਮਾਨ ਹੈ ਅਤੇ ਇਹ ਕੇਂਦਰ ਸਰਕਾਰ ਦੇ ਪੈਨਸ਼ਨਰਾਂ ਨੂੰ ਦਿੱਤਾ ਜਾਂਦਾ ਹੈ।
ਉਦਯੋਗਿਕ ਕਾਮਿਆਂ ਲਈ ਮਹਿੰਗਾਈ ਭੱਤਾ ਖਪਤਕਾਰ ਮੁੱਲ ਸੂਚਕਾਂਕ (CPI) ਦੇ ਆਧਾਰ ‘ਤੇ ਤੈਅ ਕੀਤਾ ਜਾਂਦਾ ਹੈ। ਸਰਕਾਰ ਹਰ 6 ਮਹੀਨੇ ਬਾਅਦ ਇਸ ਦੀ ਸਮੀਖਿਆ ਕਰਦੀ ਹੈ।



