ਪਲਵਿੰਦਰ ਸਿੰਘ, ਗੁਰਦਾਸਪੁਰ
ਸ਼ਹਿਰ ਵਿੱਚ ਚੋਰੀਆਂ ਦਾ ਸਿਲਸਿਲਾ ਜਾਰੀ ਹੈ। ਇਸ ਕਾਰਨ ਸ਼ਹਿਰ ਵਾਸੀਆਂ ਵਿੱਚ ਪੁਲਿਸ ਪ੍ਰਸ਼ਾਸਨ ਪ੍ਰਤੀ ਰੋਸ ਹੈ। ਹਾਲਾਤ ਇਹ ਹਨ ਕਿ ਚੋਰ ਵਾਰਦਾਤਾਂ ਕਰ ਰਹੇ ਹਨ ਅਤੇ ਪੁਲਿਸ ਖਾਲੀ ਹੱਥ ਹੈ। ਪਿਛਲੇ ਕੁਝ ਸਮੇਂ ਦੌਰਾਨ ਸ਼ਹਿਰ ਵਿੱਚ ਚੋਰੀ ਦੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ ਪਰ ਪੁਲਿਸ ਇਨਾਂ੍ਹ ਵਿੱਚੋਂ ਇੱਕ ਵੀ ਵਾਰਦਾਤ ਨੂੰ ਹੱਲ ਕਰਨ ਵਿੱਚ ਨਾਕਾਮ ਰਹੀ ਹੈ। ਹੁਣ ਚੋਰਾਂ ਨੇ ਜੀਟੀ ਰੋਡ ‘ਤੇ ਸਥਿਤ ਇੱਕ ਦੁਕਾਨ ਨੂੰ ਨਿਸ਼ਾਨਾ ਬਣਾਇਆ ਹੈ। ਚੋਰਾਂ ਨੇ ਦੁਕਾਨ ਦੇ ਤਾਲੇ ਤੋੜ ਕੇ ਨਕਦੀ ਅਤੇ ਸਮਾਨ ਚੋਰੀ ਕਰ ਲਿਆ। ਦੁਕਾਨਦਾਰ ਨੇ ਮਾਮਲੇ ਦੀ ਸ਼ਕਿਾਇਤ ਥਾਣਾ ਸਿਟੀ ਨੂੰ ਦਿੱਤੀ ਹੈ।
ਅਸ਼ੋਕ ਕੁਮਾਰ ਜੋ ਕਿ ਜੀਟੀ ਰੋਡ ‘ਤੇ ਅਸ਼ੋਕ ਕੁਮਾਰ ਅਬਰੋਲ ਐਂਡ ਸੰਜ ਦੇ ਨਾਂਅ ‘ਤੇ ਦੁਕਾਨ ਚਲਾਉਂਦਾ ਹੈ, ਨੇ ਦੱਸਿਆ ਕਿ ਹਰ ਰੋਜ਼ ਦੀ ਤਰਾਂ੍ਹ ਉਹ ਰਾਤ ਨੂੰ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ | ਜਦੋਂ ਸਵੇਰੇ ਦੁਕਾਨ ‘ਤੇ ਪਹੁੰਚੇ ਤਾਂ ਸ਼ਟਰ ਦੇ ਤਾਲੇ ਟੁੱਟੇ ਹੋਏ ਸਨ। ਅੰਦਰ ਜਾ ਕੇ ਦੇਖਿਆ ਤਾਂ ਸਾਮਾਨ ਖਿਲਰਿਆ ਪਿਆ ਸੀ। ਚੋਰਾਂ ਨੇ ਗੱਲੇ ਵਿੱਚ ਪਈ 15 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਇਸ ਤੋਂ ਇਲਾਵਾ ਦੁਕਾਨ ‘ਚੋਂ 10 ਹਜ਼ਾਰ ਰੁਪਏ ਦੀ ਕੀਮਤ ਦੇ ਤਿੰਨ ਮਾਈਕੋ੍ ਕੰਡੇ, 4 ਹਜ਼ਾਰ ਰੁਪਏ ਦੀ ਕੀਮਤ ਦੇ ਦੋ ਵੱਟਿਆ ਵਾਲੇ ਕੰਡੇ ਅਤੇ 4 ਹਜ਼ਾਰ ਰੁਪਏ ਦੀ ਕੀਮਤ ਵਾਲੇ ਪਲਾਸਟਿਕ ਦੀ ਬਾਡੀ ਵਾਲੇ ਦੋ ਕੰਡੇ ਚੋਰੀ ਹੋ ਗਏ ਸਨ। ਇਸ ਤੋਂ ਇਲਾਵਾ ਚੋਰਾਂ ਨੇ ਫ਼ਰਾਰ ਹੋਣ ਸਮੇਂ ਦੁਕਾਨ ਵਿੱਚ ਪਏ ਕਈ ਕੰਡੇ ਤੋੜ ਦਿੱਤੇ। ਉਸ ਨੇ ਤੁਰੰਤ ਮਾਮਲੇ ਦੀ ਸੂਚਨਾ ਥਾਣਾ ਸਿਟੀ ਨੂੰ ਦਿੱਤੀ। ਦੂਜੇ ਪਾਸੇ ਪੁਲਿਸ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਰੋਸ ਹੈ। ਆਸ-ਪਾਸ ਦੇ ਦੁਕਾਨਦਾਰਾਂ ਨੇ ਪੁਲਿਸ ਨੂੰ ਰਾਤ ਦੀ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ ਤਾਂ ਜੋ ਚੋਰੀ ਦੀਆਂ ਘਟਨਾਵਾਂ ‘ਤੇ ਕਾਬੂ ਪਾਇਆ ਜਾ ਸਕੇ।



