ਜਸਪਾਲ ਸਿੰਘ ਜੱਸੀ, ਤਰਨਤਾਰਨ : ਵਿਸ਼ਵ ਦੀਆਂ ਅੱਠ ਬੇਮਿਸਾਲ ਲੜਾਈਆਂ ‘ਚੋਂ ਇਕ ਸਾਰਾਗੜ੍ਹੀ ਦੀ ਲੜਾਈ ਹੈ। ਇਹ ਲੜਾਈ 12 ਸਤੰਬਰ 1897 ਨੂੰ ਅਫ਼ਗਾਨਿਸਤਾਨ ਦੀ ਸਰਹੱਦ ਦੇ ਕੋਲ ਖੈਬਰ ਪਖ਼ਤੂਨਵਾ ਦੇ ਜ਼ਿਲ੍ਹਾ ਕੋਹਾਟ ‘ਚ ਸਮਾਨਾ ਦੀ ਘਾਟੀ ‘ਚ ਸਥਿਤ ਸਾਰਾਗੜ੍ਹੀ ਵਿਖੇ ਲੜੀ ਗਈ ਸੀ। ਇਸ ਲੜਾਈ ‘ਚ 10 ਹਜ਼ਾਰ ਤੋਂ ਵੱਧ ਕਬਾਇਲੀਆਂ ਨਾਲ ਬਰਤਾਨਵੀ ਭਾਰਤੀ ਸੈਨਾ ਦੀ 36ਵੀਂ ਸਿੱਖ ਰੈਜੀਮੈਂਟ ਦੇ 21 ਸਿੱਖ ਯੋਧਿਆਂ ਨੇ ਬਹਾਦਰੀ ਨਾਲ ਲੜਦਿਆਂ 600 ਕਬਾਇਲੀਆਂ ਨੂੰ ਮਾਰ ਕੇ ਸ਼ਹਾਦਤ ਦਾ ਜਾਮ ਪੀਤਾ ਸੀ।
ਇਸ ਬੇਮਿਸਾਲ ਲੜਾਈ ‘ਚ ਸ਼ਹੀਦੀਆਂ ਪਾਉਣ ਵਾਲੇ 21 ਯੋਧਿਆਂ ‘ਚ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਧੁੰਨ ਢਾਏ ਵਾਲਾ ਦੇ ਵਾਸੀ ਲਾਲ ਸਿੰਘ ਵੀ ਸ਼ਾਮਲ ਹਨ। ਪਿੰਡ ਵਾਸੀਆਂ ਨੇ ਪਿੰਡ ਦੇ ਇਸ ‘ਲਾਲ’ ਦੀ ਸ਼ਹਾਦਤ ਨੂੰ ਸਿਜ਼ਦਾ ਕਰਦਿਆਂ ਇੱਥੇ ਉਨ੍ਹਾਂ ਦੀ ਯਾਦਗਾਰ ਬਣਾ ਕੇ ਮਿਸਾਲ ਕਾਇਮ ਕੀਤੀ ਹੋਈ ਹੈ। ਸਾਰਾਗੜ੍ਹੀ ਦੀ ਲੜਾਈ ਦੀ ਗੱਲ ਕਰੀਏ ਤਾਂ ਇੱਥੇ ਹਜ਼ਾਰਾਂ ਕਬਾਇਲੀਆਂ ਨਾਲ ਲੋਹਾ ਲੈਣ ਵਾਲੇ 21 ਸਿੱਖ ਸੈਨਿਕਾਂ ਦੀ ਪੂਰੇ ਵਿਸ਼ਵ ਵਿਚ ਪ੍ਰਸ਼ੰਸਾ ਹੋਈ ਸੀ। ਬਰਤਾਨੀਆ ਸਰਕਾਰ ਨੇ ਇਨ੍ਹਾਂ ਸ਼ਹੀਦ ਸਿੱਖ ਸੈਨਿਕਾਂ ਨੂੰ ਉਸ ਸਮੇਂ ਦੇ ਬਰਤਾਨਵੀ ਭਾਰਤ ਦੇ ਸਭ ਤੋਂ ਵੱਡੇ ਬਹਾਦਰੀ ਪੁਰਸਕਾਰ ‘ਇੰਡੀਅਨ ਆਰਡਰ ਆਫ ਮੈਰਿਟ’ ਨਾਲ ਸਨਮਾਨਿਤ ਕੀਤਾ ਸੀ। ਹਰੇਕ ਸ਼ਹੀਦ ਦੇ ਪਰਿਵਾਰ ਨੂੰ 500 ਰੁਪਏ ਨਕਦ ਇਨਾਮ, ਪੈਨਸ਼ਨ ਤੇ ਦੋ ਮੁਰੱਬੇ ਜ਼ਮੀਨ ਦਿੱਤੀ ਗਈ ਸੀ। ਇੰਡੀਅਨ ਆਡਰ ਆਫ ਮੈਰਿਟ ਦਾ ਸਨਮਾਨ ਉਸ ਸਮੇਂ ਵਿਕਟੋਰੀਆ ਕਰਾਸ ਤੇ ਅੱਜ ਦੇ ਪਰਮਵੀਰ ਚੱਕਰ ਦੇ ਬਰਾਬਰ ਮੰਨਿਆ ਜਾਂਦਾ ਹੈ। ਇਕ ਹਵਾਲੇ ਮੁਤਾਬਿਕ ਇਸ ਯੁੱਧ ਤੋਂ ਪਹਿਲਾਂ ਤੇ ਬਾਅਦ ‘ਚ ਵੀ ਇੰਨਾ ਵੱਡਾ ਇਕੱਠਾ ਸਨਮਾਨ ਕਿਸੇ ਵੀ ਪਲਟਨ ਨੂੰ ਅੱਜ ਤਕ ਨਹੀਂ ਮਿਲਿਆ। ਪਿੰਡ ਧੁੰਨ ਢਾਏ ਵਾਲਾ ਦੇ ਲਾਲ ਸਿੰਘ ਵੀ ਇਨ੍ਹਾਂ ਸ਼ਹੀਦਾਂ ‘ਚ ਸ਼ਾਮਲ ਹਨ। ਲਾਲ ਸਿੰਘ ਦੀ ਯਾਦ ‘ਚ ਪਿੰਡ ਧੁੰਨ ਢਾਏ ਵਾਲਾ ਵਿਖੇ ਬਣਾਈ ਗਈ ਉਨਾਂ੍ਹ ਦੀ ਯਾਦਗਾਰ ਤੇ ਹਰ ਸਾਲ ਸ਼ਹੀਦੀ ਸਮਾਗਮ ਕਰਵਾਇਆ ਜਾਂਦਾ ਹੈ। ਜਿੱਥੇ ਸ਼ਹੀਦ ਨੂੰ ਸਿਜਦਾ ਕਰਨ ਲਈ ਬਿ੍ਟਿਸ਼ ਫੌਜ ਦੀ ਟੁਕੜੀ ਵੀ ਕਈ ਵਾਰ ਪੁੱਜਦੀ ਰਹੀ ਹੈ। ਪਰ ਇਸ ਵਾਰ ਇੱਥੇ ਇਹ ਸਮਾਗਮ ਸਾਦੇ ਢੰਗ ਨਾਲ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਕਿਉਕਿ ਇਲਾਕੇ ‘ਚ ਹੜ੍ਹਾਂ ਦੇ ਕਾਰਨ ਚਿੰਤਾਜਨਕ ਹਾਲਾਤ ਬਣੇ ਹੋਏ ਹਨ।
ਬਾਕਸ-
15 ਸਤੰਬਰ ਪਾਏ ਜਾਣਗੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ- ਧੁੰਨ
ਪਿੰਡ ਦੇ ਹੀ ਉੱਘੇ ਸਮਾਜ ਸੇਵੀ ਤੇ ਸਿਆਸੀ ਆਗੂ ਸੁਬੇਗ ਸਿੰਘ ਧੰੁਨ ਨੇ ਦੱਸਿਆ ਕਿ ਇਸ ਵਾਰ ਸ਼ਹੀਦੀ ਸਮਾਗਮ 15 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਸ਼ਹੀਦ ਲਾਲ ਸਿੰਘ ਦੀ ਯਾਦਗਾਰ ‘ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ। ਇਸ ਵਾਰ ਜ਼ਿਲ੍ਹੇ ‘ਚ ਹੜ੍ਹਾਂ ਦੇ ਚੱਲਦਿਆਂ ਗੰਭੀਰ ਹਾਲਾਤ ਬਣੇ ਹੋਏ ਹਨ। ਅਜਿਹੇ ‘ਚ ਸਾਦਾ ਸਮਾਗਮ ਹੀ ਕਰਵਾਇਆ ਜਾਵੇਗਾ। ਇਸ ਦੌਰਾਨ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਤੇ ਸਿਆਸੀ ਆਗੂ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ। ਨਾ ਹੀ ਬਰਤਾਨੀਆ ਦੇ ਫ਼ੌਜੀ ਹੀ ਇੱਥੇ ਪਹੁੰਚਣਗੇ। ਉਨ੍ਹਾਂ ਕਿਹਾ ਕਿ ਲਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ‘ਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਤੇ ਧਾਰਮਿਕ ਦੀਵਾਨ ਸਜਾ ਕੇ ਸ਼ਹੀਦ ਲਾਲ ਸਿੰਘ ਨੂੰ ਯਾਦ ਕੀਤਾ ਜਾਵੇਗਾ।



