ਪੱਤਰ ਪੇ੍ਰਰਕ, ਮਾਨਸਾ : ਬਲਾਕ ਖੇਤੀਬਾੜੀ ਅਫਸਰ ਭੀਖੀ ਡਾ.ਹਰਵਿੰਦਰ ਸਿੰਘ ਸਿੱਧੂ ਦੀ ਅਗਵਾਈ ਵਿਚ ਬਲਾਕ ਭੀਖੀ ਦੇ ਪਿੰਡ ਕਿਸ਼ਨਗੜ੍ਹ ਫ਼ਰਵਾਹੀ ਵਿਖੇ ਆਈਈਸੀ/ਸੀਆਰਐਮ ਸਕੀਮ 2023-24 ਤਹਿਤ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਡਾ.ਅਮਨਦੀਪ ਸਿੰਘ ਚਹਿਲ ਖੇਤੀਬਾੜੀ ਵਿਕਾਸ ਅਫ਼ਸਰ ਭੀਖੀ ਵੱਲੋ ਕਿਸਾਨਾਂ ਨੂੰ ਖੇਤੀਬਾੜੀ ਮਸ਼ੀਨਾਂ/ਸੰਦਾਂ ‘ਤੇ ਮਿਲਣ ਵਾਲੀ ਸਬਸਿਡੀ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਐੱਕਸ-ਸੀਟੂ ਅਤੇ ਇਨ-ਸੀਟੂ ਵਿਧੀ ਰਾਹੀਂ ਪਰਾਲੀ ਪ੍ਰਬੰਧਨ ਸਬੰਧੀ ਨੁਕਤੇ ਸਾਂਝੇ ਕੀਤੇ ਗਏ। ਡਾ.ਜਰਮਨਜੋਤ ਸਿੰਘ ਚਹਿਲ ਖੇਤੀਬਾੜੀ ਵਿਕਾਸ ਅਫਸਰ, ਅਲੀਸ਼ੇਰ ਕਲਾਂ ਵੱਲੋ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਹੋਣ ਵਾਲੇ ਨੁਕਸਾਨ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਕਿਸਾਨ ਪਰਾਲੀ ਦੀ ਖੇਤ ਵਿੱੱਚ ਹੀ ਸੁਚੱਜੀ ਵਰਤੋਂ ਕਰਨ ਨੂੰ ਤਰਜੀਹ ਦੇਣ। ਡਾ.ਨਰਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਭੀਖੀ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਜਿੱਥੇ ਮਿੱਟੀ ਦੀ ਉਪਜਾਊ ਸ਼ਕਤੀ ਪ੍ਰਭਾਵਿਤ ਹੁੰਦੀ ਹੈ ਉੱਥੇ ਹੀ ਵਾਤਾਵਰਣ, ਪਾਣੀ, ਪਸ਼ੂ, ਪੰਛੀ-ਜਾਨਵਰ ਦਾ ਵੀ ਨੁਕਸਾਨ ਹੁੰਦਾ ਹੈ। ਇਸ ਮੌਕੇ ਹੇਮ ਸਿੰਘ, ਕੱਲਸਟਰ ਅਫਸਰ, ਕਿਸਨਗੜ੍ਹ ਫਰਵਾਹੀ ਅਤੇ ਖੇਤੀਬਾੜੀ ਵਿਭਾਗ ਵੱਲੋਂ ਮਨੋਜ ਕੁਮਾਰ ਖੇਤੀਬਾੜੀ ਉਪ-ਨਿਰੀਖਕ ਹਮੀਰਗੜ੍ਹ ਢੈਪਈ, ਬਲਾਕ ਭੀਖੀ, ਅਮਰੀਕ ਸਿੰਘ ਬੇਲਦਾਰ ਅਤੇ ਅਰਸ਼ਦੀਪ ਸਿੰਘ, ਬੇਲਦਾਰ ਤੋਂ ਇਲਾਵਾ ਪਿੰਡ ਦੇ ਮੋਹਤਬਰ ਕਿਸਾਨ ਹਾਜ਼ਰ ਸਨ।