ਟੋਰਾਂਟੋ (ਏਜੰਸੀ) : ਕੈਨੇਡਾ ’ਚ ਖ਼ਾਲਿਸਤਾਨ ਹਮਾਇਤੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਭਾਰਤ ਨਾਲ ਵਧੇ ਤਣਾਅ ਨੂੰ ਉੱਥੋਂ ਦੇ ਲੋਕ ਛੇਤੀ ਤੋਂ ਛੇਤੀ ਘੱਟ ਕਰਨ ਦੇ ਹੱਕ ’ਚ ਹਨ। ਇਕ ਸਰਵੇ ’ਚ ਸਾਹਮਣੇ ਆਇਆ ਹੈ ਕਿ 57 ਕੈਨੇਡੀਅਨ ਚਾਹੁੰਦੇ ਹਨ ਕਿ ਕੂਟਨੀਤਕ ਗੱਲਬਾਤ ਜ਼ਰੀਏ ਮਾਮਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।
ਸੀਟੀਵੀ ਨਿਊਜ਼ ਵੱਲੋਂ ਇਕ ਨੈਨੋ ਰਿਸਰਚ ਪੋਲ ’ਚ ਕੈਨੇਡਾ ਦੇ 57 ਫ਼ੀਸਦੀ ਲੋਕਾਂ ਨੇ ਕਿਹਾ ਕਿ ਬਿ੍ਰਟਿਸ਼ ਕੋਲੰਬੀਆ ਦੇ ਸਰੀ ਗੁਰਦੁਆਰੇ ਸਾਹਮਣੇ ਬੀਤੀ 18 ਜੂਨ ਨੂੰ ਨਿੱਝਰ ਦੀ ਹੱਤਿਆ ਤੋਂ ਬਾਅਦ ਭਾਰਤ ਨਾਲ ਵਧਦੀ ਕੁੜੱਤਣ ਨੂੰ ਗੱਲਬਾਤ ਜ਼ਰੀਏ ਹੱਲ ਕੀਤਾ ਜਾਣਾ ਚਾਹੀਦਾ ਹੈ। ਭਾਰਤ ਤੇ ਕੈਨੇਡਾ ਦੇ ਰਿਸ਼ਤੇ ਪਿਛਲੇ ਮਹੀਨੇ ਉਦੋਂ ਵਿਗੜ ਗਏ ਸਨ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉੱਥੋਂ ਦੀ ਸੰਸਦ ’ਚ ਬਿਨਾਂ ਸਬੂਤਾਂ ਦੇ ਦੋਸ਼ ਲਗਾਇਆ ਸੀ ਕਿ ਨਿੱਝਰ ਦੀ ਹੱਤਿਆ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੋ ਸਕਦਾ ਹੈ। ਭਾਰਤ ਨੇ ਟਰੂਡੋ ਦੇ ਬਿਆਨ ਦੀ ਨਿੰਦਾ ਕਰਦਿਆਂ ਇਸ ਨੂੰ ਬੇਤੁਕਾ ਦੱਸਿਆ ਸੀ। ਸਰਵੇ ’ਚ ਹਿੱਸਾ ਲੈਣ ਵਾਲੇ ਚਾਰ ’ਚੋਂ ਇਕ ਵਿਅਕਤੀ ਨੇ ਕਿਹਾ ਕਿ ਕੈਨੇਡਾ ਨੂੰ ਦੋਸ਼ਾਂ ਬਾਰੇ ਅੱਗੇ ਜਾਂਚ ਕਰਨੀ ਚਾਹੀਦੀ ਹੈ। ਉੱਧਰ, 10 ’ਚੋਂ ਇਕ (11 ਫ਼ੀਸਦੀ) ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਕੈਨੇਡਾ ਧੀਰਜ ਰੱਖੇ ਤੇ ਹਾਲੇ ਕੁਝ ਨਾ ਕਰੇ। ਬਿ੍ਰਟਿਸ਼ ਕੋਲੰਬੀਆ ਸੂਬੇ ਦੇ 50.3 ਫ਼ੀਸਦੀ ਦੇ ਮੁਕਾਬਲੇ ਕਿਊਬੈਕ ਸੂਬੇ ਦੇ 65 ਫ਼ੀਸਦੀ ਲੋਕਾਂ ਨੇ ਕਿਹਾ ਕਿ ਤਣਾਅ ਘਟਾਉਣ ਲਈ ਕੂਟਨੀਤਕ ਗੱਲਬਾਤ ਦਾ ਸਹਾਰਾ ਲਿਆ ਜਾਵੇ।
ਤਿੰਨ ਮੰਦਰਾਂ ’ਚ ਭੰਨਤੋੜ ਦੇ ਸ਼ੱਕੀਆਂ ਦੀ ਤਲਾਸ਼ ਕਰ ਰਹੀ ਹੈ ਕੈਨੇਡਾ ਪੁਲਿਸ
ਕੈਨੇਡਾ ਪੁਲਿਸ ਨੇ ਕਿਹਾ ਕਿ ਓਂਟਾਰੀਓ ਸੂਬੇ ’ਚ ਇਸ ਮਹੀਨੇ ਦੇ ਸ਼ੁਰੂ ’ਚ ਤਿੰਨ ਮੰਦਰਾਂ ਦੀ ਭੰਨਤੋੜ ਕਰਨ ’ਚ ਸ਼ਾਮਲ ਲੋਕਾਂ ਦੀ ਤਲਾਸ਼ ’ਚ ਉਹ ਲੱਗੀ ਹੋਈ ਹੈ। ਡਰਹਮ ਪੁਲਿਸ ਨੇ ਇਕ ਬਿਆਨ ’ਚ ਕਿਹਾ ਕਿ ਪਿਕਨਿੰਗ ਤੇ ਅਜਾਕਸ ਸ਼ਹਿਰਾਂ ’ਚ 8 ਅਕਤੂਬਰ ਦੀ ਸਵੇਰੇ ਕੁਝ ਘੰਟਿਆਂ ਦੇ ਵਕਫ਼ੇ ਨਾਲ ਇਹ ਘਨਟਾਵਾਂ ਵਾਪਰੀਆਂ। ਸ਼ੱਕੀਆਂ ਦੀ ਤਲਾਸ਼ ਲਈ ਸੀਸੀਟੀਵੀ ਫੁਟੇਜ ਦਾ ਸਹਾਰਾ ਲਿਆ ਜਾ ਰਿਹਾ ਹੈ।



