ਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ : ਪਿਛਲੇ 15 ਦਿਨਾਂ ਤੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ‘ਚ ਧਰਨੇ ‘ਤੇ ਬੈਠੇ ਸਹਾਇਕ ਪੋ੍ਫੈਸਰਾਂ ਨੇ ਇਲਜਾਮ ਲਾਇਆ ਕਿ ਪ੍ਰਸ਼ਾਸਨ ਵੱਲੋਂ ਸਾਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ, ਜਦੋਂਕਿ ਹਾਲੇ ਤਕ ਕਿਸੇ ਵੀ ਅਧਿਕਾਰੀ ਨੇ ਸਾਡੇ ਦੁੱਖ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਸਬੰਧੀ ਕਨਵੀਨਰ ਜਸਵਿੰਦਰ ਕੌਰ ਨੇ ਦੱਸਿਆ ਕਿ 1158 ਸਹਾਇਕ ਪੋ੍ਫੈਸਰ ਅਤੇ ਲਾਇਬੇ੍ਰਰੀਅਨ ਫਰੰਟ ਪੰਜਾਬ ਸਰਕਾਰੀ ਕਾਲਜਾਂ ਦੇ ਮੈਂਬਰ 15ਵੇਂ ਦਿਨ ਪਹੁੰਚ ਗਏ ਹਨ ਪਰ ਸਿੱਖਿਆ ਮੰਤਰੀ, ਮੁੱਖ ਮੰਤਰੀ ਨੂੰ ਕੋਈ ਪ੍ਰਵਾਹ ਨਹੀਂ ਹੈ। ‘ਆਪ’ ਸਰਕਾਰ ਦਾ ਕੋਈ ਵੀ ਨੁਮਾਇੰਦਾ ਇਕ ਵਾਰ ਵੀ ਇਨ੍ਹਾਂ ਧਰਨਾਕਾਰੀਆਂ ਦੀ ਸਾਰ ਲੈਣ ਨਹੀਂ ਆਇਆ। ਸਗੋਂ ਇਸ ਦੇ ਉਲਟ ਪ੍ਰਸ਼ਾਸਨ ਵੱਲੋਂ ਡਰਾਇਆ ਧਮਕਾਇਆ ਜਾ ਰਿਹਾ ਹੈ। ਪਰ ਫਰੰਟ ਦੇ ਮੈਂਬਰ ਤਨਦੇਹੀ ਨਾਲ ਆਪਣੇ ਫਰਜ਼ ਨਿਭਾਉਂਦੇ ਨਜ਼ਰ ਆ ਰਹੇ ਹਨ। ਕੁਦਰਤ ਦੀ ਮਾਰ ਝੱਲ ਕੇ, ਪ੍ਰਸ਼ਾਸਨ ਦੀਆਂ ਕੋਝੀਆਂ ਚਾਲਾਂ ਨੂੰ ਲਾਂਬੂ ਲਾ ਕੇ, ਆਪਣੇ ਹੱਕਾਂ ਦੀ ਲੜਾਈ ਲਈ ਹਾਲੇ ਤੀਕਰ ਅੜੇ ਹੋਏ ਹਨ।

ਫਰੰਟ ਦੇ ਕਨਵੀਨਰ ਜਸਵਿੰਦਰ ਕੌਰ ਅਤੇ ਟੀਮ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਲਗਪਗ 3 ਕਰੋੜ ਦੀ ਆਬਾਦੀ ਵਾਲੇ ਇਸ ਸੂਬੇ ਵਿੱਚ ਸਿਰਫ 47 ਕਾਲਜ ਹਨ, ਉਹ ਵੀ ਪੋ੍ਫ਼ੈਸਰਾਂ ਦੀ ਘਾਟ ਕਾਰਨ ਡਾਵਾਂਡੋਲ ਹੋਏ ਪਏ ਹਨ। ਪੰਜਾਬ ਵਿੱਚ 16 ਹੋਰ ਨਵੇਂ ਸਰਕਾਰੀ ਕਾਲਜ ਹੁਣ ਖੁੱਲ੍ਹੇ ਤਾਂ ਹਨ ਪਰ ਪੋ੍ਫ਼ੈਸਰਾਂ ਦੀ ਘਾਟ ਕਾਰਨ ਉੱਥੇ ਪੜ੍ਹਾਈ ਵਿੱਚ ਰੁਕਾਵਟਾਂ ਆ ਰਹੀਆਂ ਹਨ।

ਉਨ੍ਹਾਂ ਕਿਹਾ ਕਿ 1158 ਭਰਤੀ ਵੀ ਅਜਿਹੀ ਭਰਤੀ ਸੀ, ਜਿਸ ਤੋਂ ਇਹ ਆਸ ਉਮੀਦ ਲਗਾਈ ਜਾ ਸਕਦੀ ਸੀ ਕਿ ਹੁਣ ਸਰਕਾਰੀ ਕਾਲਜਾਂ ਨੂੰ ਪੋ੍ਫੈਸਰ ਮਿਲਣ ਦੀ ਸੰਭਾਵਨਾ ਜ਼ੋਰਾ-ਸ਼ੋਰਾ ‘ਤੇ ਸੀ। ਪਰ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਨੀਅਤਾਂ ਕਾਰਨ ਇਹ ਭਰਤੀ ਵੀ ਪੂਰੀ ਨਹੀਂ ਹੋ ਸਕੀ। ਇਸ ਲਈ ਆਪਣੇ ਹੱਕਾਂ ਦੀ ਲੜਾਈ ਦੇ ਨਾਲ-ਨਾਲ ਇਹ ਫਰੰਟ ਦੇ ਮੈਂਬਰ ਮਰਦੀ ਉਚੇਰੀ ਸਿੱਖਿਆ ਨੂੰ ਸੁਰਜੀਤ ਕਰਨ ਦੀ ਲੜਾਈ ਵੀ ਇਕੱਠਿਆਂ ਲੜ ਰਹੇ ਹਨ ਅਤੇ ਇਹ ਮੰਗ ਰੱਖ ਰਹੇ ਹਨ ਕਿ ਲਟਕੀ ਭਰਤੀ ਨੂੰ ਹਰ ਹਾਲੇ ਪੂਰਾ ਕਰ ਕੇ ਸਾਨੂੰ ਕਾਲਜਾਂ ਵਿੱਚ ਪਹੁੰਚਾਇਆ ਜਾਵੇ। ਕਨਵੀਨਰ ਨੇ ਦੱਸਿਆ ਕਿ ਭਰਤੀ ਦਾ ਪੂਰਾ ਹੋਣਾ ਬਹੁਤ ਲਾਜ਼ਮੀ ਹੈ, ਨਹੀਂ ਤਾਂ ਪੰਜਾਬ ਦੇ ਸਰਕਾਰੀ ਕਾਲਜ ਬੰਦ ਕਰ ਦਿੱਤੇ ਜਾਣਗੇ, ਜਿਸ ਦਾ ਅਸਰ ਪੰਜਾਬ ਦੇ ਮੱਧਮ ਵਰਗ ਦੇ ਪਰਿਵਾਰਾਂ ਦੇ ਵਿਦਿਆਰਥੀਆਂ ਉੱਤੇ ਜ਼ਿਆਦਾ ਪਵੇਗਾ ਕਿਉਂਕਿ ਉਨ੍ਹਾਂ ਲਈ ਸਰਕਾਰੀ ਕਾਲਜ ਹੀ ਇਕ ਮਾਤਰ ਜਰੀਆ ਹੈ, ਉਚੇਰੀ ਸਿੱਖਿਆ ਹਾਸਲ ਕਰਨ ਦਾ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਤਾਂ ਅਸੀਂ ਸੰਘਰਸ਼ ਹੋਰ ਤਿੱਖਾ ਕਰਾਂਗੇ। ਜਾਨੀ ਮਾਲੀ ਨੁਕਸਾਨ ਨੂੰ ਸਹਿ ਕੇ ਵੀ ਅਸੀਂ ਪੰਜਾਬ ਦੇ ਸਰਕਾਰੀ ਕਾਲਜ ਬਚਾਵਾਂਗੇ।