ਅਭੀ ਰਾਣਾ, ਨੰਗਲ : ਬੀਬੀਐੱਮਬੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਨੰਗਲ ਸ਼ਹਿਰ ਦੀਆਂ ਬਹੁਤੀਆਂ ਥਾਵਾਂ ‘ਤੇ ਉਸਾਰੀ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਕਦੇ ਨੋਟਿਸ ਭੇਜ ਕੇ ਜਾਂ ਕਦੇ ਪ੍ਰਸ਼ਾਸਨ ਦਾ ਦਬਾਬ ਪੁਆ ਕੇ ਉਨ੍ਹਾਂ ਦੇ ਕੰਮ ਨੂੰ ਇਹ ਕਹਿ ਰੁਕਵਾ ਦਿੱਤਾ ਜਾਂਦਾ ਸੀ ਕਿ ਇਹ ਜਗ੍ਹਾ ਬੀਬੀਐੱਮਬੀ ਦੀ ਹੈ, ਪਰ ਅੱਜ ਤਾਂ ਉਲਟੀ ਗੰਗਾ ਉਸ ਸਮੇਂ ਵਹਿੰਦੀ ਨਜ਼ਰ ਆਈ, ਜਦੋਂ ਇਲਾਕੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਸੰਜੀਵ ਗੌਤਮ ਦੀ ਅਗਵਾਈ ‘ਚ ਬੀਬੀਐੱਮਬੀ ਵੱਲੋਂ ਕਾਂਗੜਾ ਸੈਂਟਰ ਨਾਲ ਜੋ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਸੀ, ਨੂੰ ਇਹ ਬੋਲ ਕੇ ਰੁਕਵਾ ਦਿੱਤਾ ਕਿ ਇਸ ਜ਼ਮੀਨ ਦੀ ਅਸਲ ਮਾਲਕ ਪੰਜਾਬ ਸਰਕਾਰ ਅਤੇ ਇਰੀਗੇਸ਼ਨ ਵਿਭਾਗ ਹੈ। ਬੀਬੀਐੱਮਬੀ ਦਾ ਇੱਥੇ ਕੋਈ ਲੈਣਾ-ਦੇਣਾ ਨਹੀਂ ਹੈ।
ਪੰਜਾਬ ਸਰਕਾਰ ਦੀ ਜਗ੍ਹਾ ‘ਤੇ ਉਸਾਰੀ ਕਰ ਰਹੀ ਬੀਬੀਐੱਮਬੀ : ਡਾ. ਗੌਤਮ
ਮੌਕੇ ‘ਤੇ ਮੌਜੂਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਡਾ. ਗੌਤਮ ਨੇ ਕਿਹਾ ਕਿ ਪਹਾੜੀ ਮਾਰਕੀਟ, ਕਿਲਨ ਏਰੀਆ, ਮੇਨ ਮਾਰਕੀਟ, ਕਾਂਗੜਾ ਸੈਂਟਰ ਅਤੇ ਹੋਰ ਵੱਖ-ਵੱਖ ਥਾਵਾਂ ‘ਤੇ ਪੰਜਾਬ ਸਰਕਾਰ ਤੇ ਇਰੀਗੇਸ਼ਨ ਵਿਭਾਗ ਦੀ ਜਗ੍ਹਾ ਹੈ। ਜਿਸ ਥਾਂ ‘ਤੇ ਇਨ੍ਹਾਂ ਨੇ ਕਾਂਗੜਾ ਗਰਾਊਂਡ ਨਾਲ ਉਸਾਰੀ ਦਾ ਕੰਮ ਸ਼ੁਰੂ ਕੀਤਾ ਹੈ, ਉਹ ਵੀ ਪੰਜਾਬ ਸਰਕਾਰ ਦੀ ਹੈ ਤਾਂ ਸਾਡੇ ਵੱਲੋਂ ਕੰਮ ਨੂੰ ਰੁਕਵਾਇਆ ਗਿਆ ਹੈ। ਵਿਭਾਗ ਨੇ ਬਹੁਤੀਆਂ ਜਗ੍ਹਾ ਜਿਵੇਂ ਇੰਡੋਰ ਸਟੇਡੀਅਮ, ਸ਼ਪੀਆਰਓ ਲਾਗੇ ਫਾਇਰ ਸਟੇਸ਼ਨ ਆਦਿ ਬਿਨਾਂ ਨਗਰ ਕੌਂਸਲ ਨੰਗਲ ਤੋਂ ਨਕਸ਼ਾ ਪਾਸ ਕਰਵਾਏ ਉਸਾਰੀ ਕੀਤੀ ਹੈ। ਇਸ ਦੌਰਾਨ ਕੌਂਸਲ ਨੰਗਲ ਨੇ ਇਨ੍ਹਾਂ ਨੂੰ ਨੋਟਿਸ ਵੀ ਭੇਜੇ ਹਨ। ਜਿਸ ਮਗਰੋਂ ਇਹ ਕੋਰਟ ਚਲੇ ਗਏ ਤੇ ਇਨ੍ਹਾਂ ਨੂੰ ਮਾਣਯੋਗ ਅਦਾਲਤ ਵੱਲੋਂ ਪਨੈਲਟੀ ਵੀ ਲੱਗੀ। ਬੀਬੀਐੱਮਬੀ ਦਾ ਹਮੇਸ਼ਾ ਅੜੀਅਲ ਰਵੱਈਆ ਹੀ ਰਿਹਾ। ਇਨ੍ਹਾਂ ਲੋਕਾਂ ਨੂੰ ਪਬਲਿਕ ਪਰਵਿਸਜ਼ ਐਕਟ ਲਗਾ ਕੇ ਗੁਮਰਾਹ ਕੀਤਾ ਹੈ, ਜੋ ਆਮ ਲੋਕਾਂ ‘ਤੇ ਨਹੀਂ ਬਲਕਿ ਸਰਕਾਰੀ ਮੁਲਾਜ਼ਮਾਂ ‘ਤੇ ਲੱਗਦਾ ਹੈ।
ਅਸੀਂ ਸਰਕਾਰ ਤੇ ਕੌਂਸਲ ਨੂੰ ਅਪੀਲ ਕਰਾਂਗੇ ਕਿ ਉਹ ਆਪਣੀ ਜ਼ਮੀਨ ਆਪਣੇ ਅੰਡਰ ਲੈਣ : ਡਾ. ਗੌਤਮ
ਡਾ. ਗੌਤਮ ਨੇ ਕਿਹਾ ਕਿ ਵਿਭਾਗ ਵੱਲੋਂ ਪਹਿਲਾਂ ਗਲਤ ਐਕਟ ਬਣਾ ਦਿੱਤੇ ਗਏ ਸੀ, ਲੋਕਾਂ ਨੂੰ ਉਸ ਤਹਿਤ ਗੁਮਰਾਹ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ‘ਤੇ ਪਬਲਿਕ ਪਰਵਿਸਜ਼ ਐਕਟ ਲਗਾ ਕੇ ਕੇਸ ਦਾਇਰ ਕਰ ਦਿੱਤੇ। ਅਸੀਂ ਪੰਜਾਬ ਸਰਕਾਰ ਤੇ ਕੌਂਸਲ ਨੰਗਲ ਨੂੰ ਅਪੀਲ ਕਰਾਂਗੇ ਕਿ ਉਹ ਆਪਣੀ ਜ਼ਮੀਨ ਆਪਣੇ ਅੰਡਰ ਲੈਣ। ਬੀਬੀਐੱਮਬੀ ਨੇ ਲੋਕਾਂ ਉੱਪਰ ਜੋ ਲੀਜ਼ ਦਾ ਹਊਆ ਛੱਡਿਆ ਹੋਇਆ ਹੈ, ਉਹ ਗਲਤ ਹੈ। ਜਦੋਂ ਮੰਨ ਕਰਦਾ ਇਹ ਮਸ਼ੀਨਾਂ ਲੈ ਕੇ ਲੋਕਾਂ ਨੂੰ ਡਰਾਉਣ ਉਨ੍ਹਾਂ ਦੇ ਘਰਾਂ ਬਾਹਰ ਖੜ੍ਹੇ ਹੋ ਜਾਂਦੇ ਹਨ। ਨੀਰਜਾ ਮਾਥੂਰ ਨੇ ਕਿਹਾ ਸੀ ਕਿ ਜੋ ਲੋਕ ਜਿੱਥੇ ਬੈਠੇ ਹਨ, ਉੱਥੇ ਹੀ ਬੈਠਣਗੇ। ਜਦੋਂ ਉਨ੍ਹਾਂ ਨੂੰ ਦਸਤਾਵੇਜ਼ ਵਿਖਾਏ ਤਾਂ ਜਗ੍ਹਾ ਇਰੀਗੇਸ਼ਨ ਵਿਭਾਗ ਦੀ ਨਿਕਲੀ। ਪਤਾ ਨਹੀਂ ਢਾਈ ਸਾਲ ਬਾਅਦ ਸਟੇਟ ਆਫਿਸ ਇਹ ਦੁਬਾਰਾ ਚਲਾ ਕੇ ਕੀ-ਕੀ ਕਾਰਵਾਈ ਕਰ ਰਹੇ ਹਨ ਪਰ ਅਸੀਂ ਲੋਕਾਂ ਨਾਲ ਧੱਕਾ ਨਹੀਂ ਹੋਣ ਦੇਵਾਂਗੇ। ਬੀਬੀਐੱਮਬੀ ਦਾ ਆਪਣਾ ਬਹੁਤਾ ਏਰੀਆ ਖੰਡਰ ਹੋ ਚੁੱਕਾ ਹੈ, ਉਨ੍ਹਾਂ ਵੱਲ ਇਨ੍ਹਾਂ ਦਾ ਕੋਈ ਧਿਆਨ ਨਹੀਂ, ਪਰ ਇਹ ਹੱਸਦੇ ਵੱਸਦੇ ਲੋਕਾਂ ਨੂੰ ਪਤਾ ਨਹੀਂ ਕਿਸ ਦੀ ਸ਼ਹਿ ‘ਤੇ ਉਜਾੜਨ ਦੀਆਂ ਪਤਾ ਨਹੀਂ ਕਿਉਂ ਧਮਕੀਆਂ ਦੇ ਰਹੇ ਹਨ। ਡਾ. ਗੌਤਮ ਨੇ ਕਿਹਾ ਕਿ ਬੀਬੀਐੱਮਬੀ ਦਾ ਕੰਮ ਸਿਰਫ ਭਾਖੜਾ ਡੈਂਮ ਤੋਂ ਬਿਜਲੀ ਪੈਦਾ ਕਰਨਾ ਤੇ ਪਾਣੀ ਪੰਜਾਬ, ਹਰਿਆਣਾ, ਰਾਜਸਥਾਨ ਜਾਂ ਹੋਰ ਵੱਖ-ਵੱਖ ਸੂਬਿਆਂ ਨੂੰ ਭੇਜਣਾ ਹੈ।
ਅਦਾਲਤ ਨੇ ਕੀਤੇ ਸੀ ਸਟੇਅ ਦੇ ਆਰਡਰ ਜਾਰੀ : ਪ੍ਰਧਾਨ ਮਤਰੰਜੇ ਪ੍ਰਸਾਦ
ਮੌਕੇ ‘ਤੇ ਮੌਜੂਦ ਵਪਾਰ ਮੰਡਲ ਮੇਨ ਮਾਰਕੀਟ ਨੰਗਲ ਦੇ ਪ੍ਰਧਾਨ ਮਤਰੰਜੇ ਪ੍ਰਸਾਦ ਨੇ ਕਿਹਾ ਕਿ ਜਦੋਂ ਆਮ ਲੋਕਾਂ ਨਾਲ ਬੀਬੀਐੱਮਬੀ ਦਾ ਵਾਦ-ਵਿਵਾਦ ਸ਼ੁਰੂ ਹੋਇਆ ਤਾਂ ਅਸੀਂ ਮਾਣਯੋਗ ਹਾਈਕੋਰਟ ਗਏ ਸੀ। ਸੂਰਿਆ ਕਾਂਤ ਦੀ ਬੈਂਚ ‘ਤੇ ਗੱਲਬਾਤ ਦੌਰਾਨ ਅਦਾਲਤ ਵੱਲੋਂ ਪੰਜਾਬ ਸਰਕਾਰ ਤੇ ਬੀਬੀਐੱਮਬੀ ਨੂੰ ਪਾਰਟੀ ਬਣਾਇਆ ਗਿਆ ਸੀ। ਅਸੀਂ ਬਤੌਰ ਵਪਾਰ ਮੰਡਲ ਪ੍ਰਧਾਨ ਉੱਥੇ ਹਾਜ਼ਰ ਹੋਏ ਤੇ ਉਨ੍ਹਾਂ ਆਖਿਰ ‘ਚ ਇਹ ਫੈਸਲਾ ਦਿੱਤਾ ਸੀ ਕਿ ਸਾਰੀਆਂ ਪਰੋਸਿਡੀਂਗ ‘ਤੇ ਰੋਕ ਲਗਾਈ ਜਾਵੇ। ਸਟੇਅ ਦੇ ਆਰਡਰ ਦੇਣ ਤੋਂ ਬਾਅਦ ਵੀ ਇਹ ਲੋਕਾਂ ਨੂੰ ਬਿਨਾਂ ਮਤਲਬ ਤੋਂ ਤੰਗ ਕਰ ਰਹੇ ਹਨ। ਮਾਣਯੋਗ ਜੱਜ ਸਾਹਿਬ ਨੇ ਇਹ ਆਰਡਰ ਪਾਸ ਕੀਤੇ ਸੀ ਕਿ ਜੋ ਬੀਬੀਐੱਮਬੀ ਦੀ ਜਗ੍ਹਾ ਹੈ, ਉਹ ਸਿਰਫ ਉਸ ਦੀ ਦੇਖ-ਰੇਖ ਕਰੇਗੀ।
ਬੀਬੀਐੱਮਬੀ ਆਪਣੀ ਜਗ੍ਹਾ ‘ਤੇ ਉਸਾਰੀ ਕਰ ਰਿਹੈ : ਐਕਸੀਅਨ
ਜਦੋਂ ਇਸ ਸਾਰੇ ਮਾਮਲੇ ਨੂੰ ਲੈ ਕੇ ਬੀਬੀਐੱਮਬੀ ਦੇ ਐਕਸੀਅਨ ਖ਼ੁਸ਼ਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੀਬੀਐੱਮਬੀ ਆਪਣੀ ਜਗ੍ਹਾ ‘ਤੇ ਜੰਜ ਘਰ ਬਣਾ ਰਹੀ ਸੀ। ਜਿਨ੍ਹਾਂ ਨੇ ਕੰਮ ਰੁਕਵਾਇਆ ਹੈ, ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਜੇਕਰ ਉਨ੍ਹਾਂ ਕੋਲ ਦਸਤਾਵੇਜ਼ ਹਨ ਤਾਂ ਸਾਨੂੰ ਦਿਖਾਉਣ। ਇਹ ਕੰਮ ਕੌਂਸਲ ਤੋਂ ਬਿਨਾਂ ਨਕਸ਼ਾ ਪਾਸ ਕੀਤੇ ਹੋ ਰਿਹਾ ਹੈ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਏਰੀਆ ਕੌਂਸਲ ਨੰਗਲ ਦਾ ਨਹੀਂ, ਬਲਕਿ ਬੀਬੀਐੱਮਬੀ ਦਾ ਹੈ। ਉਨ੍ਹਾਂ ਸਰਕਾਰੀ ਕੰਮ ‘ਚ ਵਿਗਨ ਪਾਇਆ ਹੈ।
ਬੀਬੀਐੱਮਬੀ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ : ਈਓ ਅਸ਼ੋਕ ਪੱਥਰੀਆ
ਦੂਜੇ ਪਾਸੇ ਨਗਰ ਕੌਂਸਲ ਨੰਗਲ ਦੇ ਕਾਰਜ ਸਾਧਕ ਅਫਸਰ ਮਨਜਿੰਦਰ ਸਿੰਘ ਨੇ ਕਿਹਾ ਕਿ ਕਾਂਗੜਾ ਗਰਾਊਂਡ ਲਾਗੇ, ਜੋ ਬੀਬੀਐੱਮਬੀ ਉਸਾਰੀ ਕਰਵਾ ਰਹੀ ਹੈ, ਉਸ ਦਾ ਨਕਸ਼ਾ ਕੌਂਸਲ ਵੱਲੋਂ ਪਾਸ ਨਹੀਂ ਕਰਵਾਇਆ ਗਿਆ ਹੈ। ਜਿਸ ਤਹਿਤ ਬੀਬੀਐੱਮਬੀ ਨੂੰ ਨੋਟਿਸ ਵੀ ਭੇਜਿਆ ਜਾਵੇਗਾ। ਇਨ੍ਹਾਂ ਨੇ ਪਹਿਲਾਂ ਜੋ ਬਿਲਡਿੰਗਾਂ ਬਿਨਾਂ ਨਕਸ਼ੇ ਤੋਂ ਉਸਾਰੀਆਂ ਹਨ, ਉਨ੍ਹਾਂ ਸਬੰਧੀ ਵੀ ਇਨ੍ਹਾਂ ਨੂੰ ਨੋਟਿਸ ਭੇਜੇ ਜਾ ਚੁੱਕੇ ਹਨ। ਜਿਸ ਮਗਰੋਂ ਇਹ ਅਦਾਲਤ ਵਿੱਚ ਗਏ ਹਨ।



