ਅਭਿਸ਼ੇਕ ਤ੍ਰਿਪਾਠੀ, ਨਵੀਂ ਦਿੱਲੀ : ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਵਿਚ ਪੰਜ ਵਾਰ ਦੀ ਚੈਂਪੀਅਨ ਆਸਟ੍ਰੇਲੀਆ ਨੂੰ ਹਰਾਉਣ ਵਾਲੀ ਭਾਰਤੀ ਟੀਮ ਹੁਣ ਦੂਜੇ ‘ਵਾਰ’ ਲਈ ਤਿਆਰ ਹੈ। ਟੀਮ ਭਾਰਤ ਸੋਮਵਾਰ ਨੂੰ ਦਿੱਲੀ ਪਹੁੰਚੀ, ਜਿੱਥੇ ਬੁੱਧਵਾਰ ਨੂੰ ਅਰੁਣ ਜੇਤਲੀ ਸਟੇਡੀਅਮ ’ਚ ਉਸ ਦਾ ਸਾਹਮਣਾ ਅਫਗਾਨਿਸਤਾਨ ਦੀ ਟੀਮ ਨਾਲ ਹੋਵੇਗਾ। ਗਿੱਲ ਚੇਨਈ ’ਚ ਰੁਕੇ : ਭਾਰਤੀ ਟੀਮ ਆਪਣੇ ਸਟਾਰ ਓਪਨਰ ਸ਼ੁਭਮਨ ਗਿੱਲ ਦੇ ਬਿਨਾਂ ਇੱਥੇ ਪਹੁੰਚ ਹੈ, ਜੋ ਡੇਂਗੂ ਤੋਂ ਪੀੜਤ ਹੈ ਅਤੇ ਇਸ ਸਮੇਂ ਚੇਨਈ ’ਚ ਹੈ। ਗਿੱਲ ਆਸਟ੍ਰੇਲੀਆ ਖਿਲਾਫ ਵੀ ਨਹੀਂ ਖੇਡਿਆ ਸੀ। ਬੀਸੀਸੀਆਈ ਨੇ ਕਿਹਾ ਕਿ ਗਿੱਲ ਟੀਮ ਨਾਲ ਦਿੱਲੀ ਨਹੀਂ ਜਾਣਗੇ। ਉਹ ਬੀਸੀਸੀਆਈ ਦੀ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਚੇਨਈ ਵਿਚ ਰੁਕੇ ਹਨ। 24 ਸਾਲਾ ਗਿੱਲ ਸ਼ਾਨਦਾਰ ਫਾਰਮ ਵਿਚ ਹੈ ਅਤੇ ਇਸ ਸਾਲ ਉਸ ਨੇ ਪੰਜ ਵਨਡੇ ਸੈਂਕੜੇ ਲਗਾਏ ਹਨ, ਇਸ ਲਈ ਪਿਛਲੇ ਮੈਚ ਵਿਚ ਉਸ ਦੀ ਗੈਰਹਾਜ਼ਰੀ ਟੀਮ ਨੂੰ ਮਹਿਸੂਸ ਹੋਈ ਸੀ। ਉਸ ਦੀ ਜਗ੍ਹਾ ਖੇਡਣ ਆਏ ਇਸ਼ਾਨ ਕਿਸ਼ਨ ਚੇਨਈ ਵਿਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਪਰ ਗਿੱਲ ਦੀ ਗੈਰ-ਮੌਜੂਦਗੀ ਵਿਚ ਟੀਮ ਵਿਚ ਬਦਲਾਅ ਦੀ ਬਹੁਤ ਘੱਟ ਸੰਭਾਵਨਾ ਹੈ। ਇਸ਼ਾਨ ਦਾ ਇਕ ਵਾਰ ਫਿਰ ਕਪਤਾਨ ਰੋਹਿਤ ਦੇ ਨਾਲ ਓਪਨਿੰਗ ਕਰਨਾ ਤੈਅ ਹੈ।

ਸਿਖਰਲੇ ਕ੍ਰਮ ਨੂੰ ਦਿਖਾਉਣਾ ਪਵੇਗਾ ਦਮ : ਭਾਰਤ ਨੇ ਆਸਟ੍ਰੇਲੀਆ ਖ਼ਿਲਾਫ਼ ਮੈਚ ਵਿਚ ਸਿਰਫ਼ ਦੋ ਦੌੜਾਂ ’ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਸੀ। ਇਸ਼ਾਨ ਸਮੇਤ ਰੋਹਿਤ ਅਤੇ ਸ਼੍ਰੇਅਸ ਜ਼ੀਰੋ ’ਤੇ ਆਊਟ ਹੋਏ ਸੀ। ਵਿਰਾਟ ਕੋਹਲੀ ਅਤੇ ਕੇਐੱਲ ਰਾਹੁਲ ਨੇ ਸਮਝਦਾਰ ਪਾਰੀ ਖੇਡ ਕੇ ਟੀਮ ਨੂੰ ਬਚਾਇਆ। ਦਿੱਲੀ ਦੀ ਪਿੱਚ ਆਮ ਤੌਰ ’ਤੇ ਸਪਿੰਨ ਗੇਂਦਬਾਜ਼ਾਂ ਦੀ ਕਾਫੀ ਮਦਦ ਕਰਦੀ ਹੈ ਪਰ ਦੱਖਣੀ ਅਫਰੀਕਾ ਅਤੇ ਸ੍ਰੀਲੰਕਾ ਵਿਚਾਲੇ ਖੇਡੇ ਗਏ ਮੈਚ ’ਚ ਪਿੱਚ ’ਤੇ ਗੇਂਦਬਾਜ਼ਾਂ ਲਈ ਕੁਝ ਨਹੀਂ ਸੀ। ਪਿੱਚ ’ਤੇ ਘਾਹ ਜ਼ਰੂਰ ਦਿਖਾਈ ਦੇ ਰਿਹਾ ਸੀ, ਪਰ ਬੱਲੇਬਾਜ਼ਾਂ ਨੇ ਕਾਫੀ ਦੌੜਾਂ ਬਣਾਈਆਂ ਸੀ। ਜੇਕਰ ਬੁੱਧਵਾਰ ਨੂੰ ਇਸੇ ਪਿੱਚ ’ਤੇ ਮੈਚ ਖੇਡਿਆ ਜਾਂਦਾ ਹੈ ਤਾਂ ਭਾਰਤੀ ਬੱਲੇਬਾਜ਼ਾਂ ਨੂੰ ਇਹ ਰਾਸ ਆਵੇਗਾ। ਰੋਹਿਤ, ਇਸ਼ਾਨ ਅਤੇ ਸ਼੍ਰੇਅਸ ਕੋਲ ਸ਼ਨਿਚਰਵਾਰ ਨੂੰ ਪਾਕਿਸਤਾਨ ਦੇ ਖਿਲਾਫ ਹੋਣ ਵਾਲੇ ਸਭ ਤੋਂ ਵੱਡੇ ਮੈਚ ਤੋਂ ਪਹਿਲਾਂ ਆਪਣੀ ਲੈਅ ਲੱਭਣ ਦਾ ਵਧੀਆ ਮੌਕਾ ਹੋਵੇਗਾ।

ਅਫਗਾਨਿਸਤਾਨ ਦੀ ਹੋਵੇਗੀ ਸਖ਼ਤ ਪ੍ਰੀਖਿਆ : ਬੰਗਲਾਦੇਸ਼ ਖਿਲਾਫ ਪਹਿਲੇ ਮੈਚ ’ਚ ਹਾਰ ਝੱਲਣ ਵਾਲੀ ਅਫਗਾਨ ਟੀਮ ਲਈ ਭਾਰਤ ਤੋਂ ਪਾਰ ਪਾਉਣਾ ਕਾਫੀ ਮੁਸ਼ਕਿਲ ਹੋਵੇਗਾ। ਗੁਰਬਾਜ਼ ਨੂੰ ਛੱਡ ਕੇ ਬਾਕੀ ਬੱਲੇਬਾਜ਼ ਬੰਗਲਾਦੇਸ਼ ਦੇ ਸਪਿੰਨਰਾਂ ਦੇ ਸਾਹਮਣੇ ਪੂਰੀ ਤਰ੍ਹਾਂ ਫਲਾਪ ਰਹੇ। ਜਿਸ ਤਰ੍ਹਾਂ ਨਾਲ ਭਾਰਤੀ ਗੇਂਦਬਾਜ਼ਾਂ ਨੇ ਆਸਟ੍ਰੇਲੀਆ ਖਿਲਾਫ ਗੇਂਦਬਾਜ਼ੀ ਕੀਤੀ ਹੈ, ਖਾਸ ਤੌਰ ’ਤੇ ਕੁਲਦੀਪ, ਅਸ਼ਵਿਨ ਅਤੇ ਜਡੇਜਾ ਦੀ ਤਿਕੜੀ ਨੇ ਉਸ ਨੂੰ ਦੇਖਦੇ ਹੋਏ ਅਫਗਾਨਿਸਤਾਨ ਨੂੰ ਜਿੱਤ ਦਰਜ ਕਰਨ ਲਈ ਚਮਤਕਾਰ ਦੀ ਲੋੜ ਹੋਵੇਗੀ।

ਅਸੀਂ ਹਮੇਸ਼ਾ ਜਾਣਦੇ ਸੀ ਕਿ ਕੇਐੱਲ ਰਾਹੁਲ ਟੀਮ ਲਈ ਬਹੁਤ ਮਹੱਤਵਪੂਰਨ ਹਨ। ਉਹ ਇਕ ਸ਼ਾਨਦਾਰ ਬੱਲੇਬਾਜ਼ ਹੈ, ਖਾਸ ਕਰ ਕੇ ਮੱਧਕ੍ਰਮ ਵਿਚ। ਉਹ ਸਪਿੰਨ ਦੇ ਨਾਲ-ਨਾਲ ਤੇਜ਼ ਗੇਂਦਬਾਜ਼ ਨੂੰ ਵੀ ਚੰਗੀ ਤਰ੍ਹਾਂ ਖੇਡਦਾ ਹੈ। ਉਹ ਟੀਮ ਨੂੰ ਸਥਿਰਤਾ ਪ੍ਰਦਾਨ ਕਰਦਾ ਹੈ ਅਤੇ ਜਿਸ ਤਰ੍ਹਾਂ ਨਾਲ ਉਹ ਪਿਛਲੇ ਸਮੇਂ ’ਚ ਖੇਡਿਆ ਹੈ, ਸਾਨੂੰ ਹਮੇਸ਼ਾ ਉਸ ’ਤੇ ਭਰੋਸਾ ਰਿਹਾ ਹੈ।

– ਪਾਰਸ ਮਾਮਬਰੇ, ਗੇਂਦਬਾਜ਼ੀ ਕੋਚ, ਭਾਰਤ