ਸੁਖਪਾਲ ਸਿੰਘ ਹੁੰਦਲ, ਕਪੂਰਥਲਾ : ਨਵੀਂ ਦਾਣਾ ਮੰਡੀ ਕਪੂਰਥਲਾ ਵਿਖੇ ਝੋਨੇ ਦੀ ਆਮਦ ਨੂੰ ਲੈ ਕੇ ਪੰਜਾਬ ਮੰਡੀ ਬੋਰਡ ਵੱਲੋਂ ਕਿਸਾਨਾਂ ਦੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਮੰਡੀਆਂ ਵਿਚ ਵੀ ਕਿਸਾਨਾਂ ਦੀ ਸੁਨਹਿਰੀ ਫਸਲ ਆਉਣੀ ਸ਼ੁਰੂ ਹੋ ਚੁੱਕੀ ਹੈ। ਵੀਰਵਾਰ ਨੂੰ ਦਾਣਾ ਮੰਡੀ ਕਪੂਰਥਲਾ ਵਿਖੇ ਝੋਨੇ ਦੀ ਅਗੇਤੀ ਪੱਕਣ ਵਾਲੀ ਫਸਲ ਜਿਵੇਂ ਹੀ ਮੰਡੀ ਵਿਚ ਪਹੁੰਚੀ ਤਾਂ ਮੰਡੀ ‘ਚ ਕੰਮ ਕਰਨ ਵਾਲੇ ਪੱਲੇਦਾਰਾਂ ਅਤੇ ਹੋਰ ਮਜ਼ਦੂਰਾਂ ਦੇ ਚਿਹਰਿਆਂ ‘ਤੇ ਖੁਸ਼ੀ ਦੇਖਣ ਨੂੰ ਮਿਲੀ। ਦਾਣਾ ਮੰਡੀ ਕਪੂਰਥਲਾ ‘ਚ ਅੰਮਿ੍ਤਸਰ ਜ਼ਿਲ੍ਹੇ ਨਾਲ ਸਬੰਧਤ ਤਰਸਿੱਕਾ ਦੇ ਕਿਸਾਨ ਸਰਬਜੀਤ ਸਿੰਘ ਪੁੱਤਰ ਬਲਵੀਰ ਸਿੰਘ ਵੱਲੋਂ 70 ਕੁਇੰਟਲ ਦੇ ਕਰੀਬ ਝੋਨੇ ਦੀ ਫਸਲ ਆੜ੍ਹਤੀਏ ਅਸ਼ੋਕ ਲਾਲ ਕਮਲ ਦੇਵ ਦੇ ਫੜ੍ਹ ‘ਤੇ ਲਿਆਂਦੀ ਗਈ, ਜੋ ਕਿ 1795 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਟੀਆਰ ਐਗਰੋ ਫਰਮ ਵੱਲੋਂ ਖਰੀਦ ਕੀਤੀ ਗਈ।