ਨਵੀਂ ਦਿੱਲੀ (ਬਿਜ਼ਨਸ ਡੈਸਕ) : 2000 ਦੇ ਨੋਟ ਬਦਲਣ ਦੀ ਸਮਾਂ-ਹੱਦ 7 ਅਕਤੂਬਰ ਖ਼ਤਮ ਹੋ ਗਈ ਹੈ। ਹੁਣ ਰਿਜ਼ਰਵ ਬੈਂਕ ਆਫ ਇੰਡੀਆ ਨੇ ਦੇਸ਼ ਵਿਚ 19 ਖੇਤਰੀ ਦਫ਼ਤਰਾਂ ‘ਚ ਇਹ ਨੋਟ ਬਦਲਾਉਣ ਦੀ ਸਹੂਲਤ ਦਿੱਤੀ ਹੈ। ਆਰਬੀਆਈ ਦੇ ਖੇਤਰੀ ਦਫ਼ਤਰਾਂ ਵਿਚ ਇਹ ਸੇਵਾ 9 ਅਕਤੂਬਰ ਤੋਂ ਸ਼ੁਰੂ ਹੋਣੀ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਖ਼ਿਆਲ
ਹੁਣ 2000 ਰੁਪਏ ਦੇ ਨੋਟ ਨਾ ਤਾਂ ਕਿਸੇ ਬੈਂਕ ਸ਼ਾਖਾ ’ਚ ਜਮ੍ਹਾ ਹੋ ਸਕਣਗੇ ਤੇ ਨਾ ਬਦਲੇ ਜਾ ਸਕਣਗੇ। ਆਰਬੀਆਈ ਦੇ ਖੇਤਰੀ ਦਫ਼ਤਰਾਂ ‘ਚ ਇਕ ਵਾਰ ਵਿਚ ਵੱਧ ਤੋਂ ਵੱਧ 20 ਹਜ਼ਾਰ ਰੁਪਏ ਮੁੱਲ ਦੇ ਨੋਟ ਬਦਲੇ ਜਾ ਸਕਣਗੇ। ਲੋਕ ਖੇਤਰੀ ਦਫ਼ਤਰਾਂ ਜ਼ਰੀਏ ਆਪਣੇ ਬੈਂਕ ਖਾਤਿਆਂ ਵਿਚ ਵੀ ਦੋ ਹਜ਼ਾਰ ਦੇ ਨੋਟ ਜਮ੍ਹਾਂ ਕਰ ਸਕਣਗੇ। ਆਰਬੀਆਈ ਜ਼ਰੀਏ 2000 ਦੇ ਨੋਟਾਂ ਨੂੰ ਬੈਂਕ ਖਾਤੇ ਵਿਚ ਜਮ੍ਹਾਂ ਕਰਵਾਉਣ ਦੀ ਕੋਈ ਸਮਾਂ-ਹੱਦ ਨਹੀਂ ਹੈ। ਦੂਰ-ਦੁਰਾਡੇ ਦੇ ਲੋਕ ਡਾਕ ਜ਼ਰੀਏ ਨੋਟਾਂ ਨੂੰ ਆਰਬੀਆਈ ਦਫ਼ਤਰ ਭੇਜ ਕੇ ਖਾਤੇ ਵਿਚ ਜਮ੍ਹਾਂ ਕਰ ਸਕਣਗੇ। ਨੋਟਾਂ ਨੂੰ ਬੈਂਕ ਖਾਤੇ ਵਿਚ ਜਮ੍ਹਾਂ ਕਰਵਾਉਣ ਲਈ ਪਹਿਚਾਣ-ਪੱਥਰ ਤੇ ਬੈਂਕ ਖਾਤੇ ਵਿੱਚੋਂ ਸਬੰਧਤ ਜਾਣਕਾਰੀ ਦੇਣੀ ਪਵੇਗੀ। ਆਰਬੀਆਈ ਦਾ ਕਹਿਣਾ ਹੈ ਕਿ ਦੋ ਹਜ਼ਾਰ ਰੁਪਏ ਦੇ ਨੋਟ ਅਗਲੇ ਹੁਕਮ ਤੱਕ ਕਾਨੂੰਨੀ ਤੌਰ ’ਤੇ ਮਾਨਤਾ ਪ੍ਰਾਪਤ ਬਣੇ ਰਹਿਣਗੇ।
ਇੱਥੇ ਹਨ ਆਰਬੀਆਈ ਦੇ ਖੇਤਰੀ ਦਫ਼ਤਰ
ਅਹਿਮਦਾਬਾਦ, ਬੈਂਗਲੁਰੂ, ਬੇਲਾਪੁਰ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਚੇਨਈ, ਗੁਹਾਟੀ, ਹੈਦਰਾਬਾਦ, ਜੈਪੁਰ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਪਟਨਾ ਤੇ ਤਿਰੂਵਨੰਤਪੁਰਮ।
ਨੋਟ : ਹੁਣ ਤੱਕ ਬੈਂਕਾਂ ਕੋਲ ਪਰਤ ਚੁੱਕੇ ਹਨ 3.43 ਲੱਖ ਕਰੋੜ ਰੁਪਏ ਤੋਂ ਵੱਧ ਦੇ ਨੋਟ। ਲੋਕਾਂ ਦੇ ਕੋਲ ਹਨ 12 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਨੋਟ।



