ਸਟਾਫ ਰਿਪੋਰਟਰ, ਖੰਨਾ : ਖੰਨਾ ਦੇ ਨਵੀਂ ਅਬਾਦੀ ਇਲਾਕੇ ‘ਚ ਇਕ ਨੌਜਵਾਨ ਵੱਲੋਂ ਇਕ ਅੌਰਤ ਨੂੰ ਉਸ ਦੇ ਵਾਲਾਂ ਤੋਂ ਫੜ ਕੁੱਟਣ ਤੇ ਉਸ ਨੂੰ ਗਲੀ ‘ਚ ਘੜੀਸਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਵੀਡੀਓ ਵਾਇਰਲ ਕਰਨ ਦੇ ਸ਼ੱਕ ‘ਚ ਅੌਰਤ ਦੀ ਕੁੱਟਮਾਰ ਕਰਨ ਵਾਲੇ ਮੁਲਜ਼ਮ ਵਿਕਰਮ ਨੇ ਆਪਣੇ ਗੁਆਂਢੀ ਸੁਨੀਲ ਕੁਮਾਰ ‘ਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ‘ਚ ਬੁਰੀ ਤਰ੍ਹਾਂ ਜ਼ਖਮੀ ਸੁਨੀਲ ਕੁਮਾਰ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸਿਵਲ ਹਸਪਤਾਲ ‘ਚ ਦਾਖ਼ਲ ਸੁਨੀਲ ਨੇ ਦੱਸਿਆ ਪਹਿਲਾਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਫਿਰ ਜੀਟੀ ਰੋਡ ‘ਤੇ ਜਾਂਦੇ ਸਮੇਂ ਉਸ ਨੂੰ ਮੋਟਰਸਾਈਕਲ ਤੋਂ ਸੁੱਟ ਕੇ ਵਿਕਰਮ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਜਾਨਲੇਵਾ ਹਮਲਾ ਕਰ ਦਿੱਤਾ। ਦੂਜੇ ਪਾਸੇ ਐੱਸਐੱਚਓ ਹੇਮੰਤ ਮਲਹੋਤਰਾ ਨੇ ਦੱਸਿਆ ਅੌਰਤ ਦੀ ਕੁੱਟਮਾਰ ਦੇ ਮਾਮਲੇ ‘ਚ ਮੁਲਜ਼ਮ ਵਿਕਰਮ ਨੇ ਗੁਆਂਢੀ ‘ਤੇ ਵੀ ਹਮਲਾ ਕੀਤਾ ਸੀ। ਬਾਅਦ ‘ਚ ਪੁਲਿਸ ਨੇ ਉਸ ਨੂੰ ਗਿ੍ਫਤਾਰ ਕਰ ਲਿਆ। ਪੁਲਿਸ ਵੱਲੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।