ਗਰਗ/ਗੋਇਲ, ਮੰਡੀ ਗੋਬਿੰਦਗੜ੍ਹ/ਅਮਲੋਹ : ਦੇਸ਼ ਭਗਤ ਯੂਨੀਵਰਸਿਟੀ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਨਰਸਿੰਗ ਦੇ ਵਿਦਿਆਰਥੀਆਂ ’ਤੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ। ਗੁੱਸੇ ਵਿਚ ਆਏ ਵਿਦਿਆਰਥੀਆਂ ਨੇ ਯੂਨੀਵਰਸਿਟੀ ਅਤੇ ਪੁਲਿਸ ਦੀਆਂ ਗੱਡੀਆਂ ਦੀ ਭੰਨਤੋੜ ਕੀਤੀ।
ਜ਼ਿਕਰਯੋਗ ਹੈ ਕਿ ਵਿਦਿਆਰਥੀ ਪਿਛਲੇ ਕਈ ਦਿਨਾਂ ਤੋਂ ਯੂਨੀਵਰਸਟੀ ’ਚ ਰੋਸ ਪ੍ਰਦਰਸ਼ਨ ਕਰ ਰਹੇ ਹਨ, ਜਿਸ ਕਾਰਨ ਯੂਨੀਵਰਸਟੀ ਵਿੱਚ ਅੰਦਰੋਂ ਬਾਹਰ ਤੇ ਬਾਹਰੋਂ ਅੰਦਰ ਜਾਣਾ ਬਿਲਕੁਲ ਬੰਦ ਹੋਇਆ ਪਿਆ ਹੈ। ਯੂਨਿਵਰਸਿਟੀ ਦੇ ਸਟਾਫ ਅਤੇ ਕਰਮਚਾਰੀਆਂ ਵੱਲੋਂ ਅੱਜ ਪੁਲਿਸ ਅਤੇ ਪ੍ਰਸ਼ਾਸ਼ਨ ਦੀ ਮਦਦ ਨਾਲ ਜ਼ਬਰਦਸਤੀ ਯੂਨੀਵਰਸਿਟੀ ਦਾ ਗੇਟ ਖੁਲ੍ਹਵਾ ਦਿੱਤਾ, ਜਿਸ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਬਾਅਦ ਵਿਚ ਅਚਾਨਕ ਹਾਲਾਤ ਵਿਗੜ ਗਏ। ਡਿਪਟੀ ਕਮਿਸ਼ਨਰ ਵੱਲੋਂ ਪੀੜਤ ਵਿਦਿਆਰਥੀਆ ਅਤੇ ਯੂਨੀਵਰਸਿਟੀ ਮੈਨੇਜ਼ਮੈਂਟ ਨਾਲ ਗੱਲਬਾਤ ਤੋਂ ਬਾਅਦ ਵੀ ਮਸਲਾ ਨਹੀਂ ਸੁਲਝਿਆ।
ਨਰਸਿੰਗ ਵਿਦਿਆਰਥੀਆਂ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਯੂਨੀਵਰਸਿਟੀ ਵੱਲੋਂ ਸਮਰੱਥਾ ਤੋਂ ਵੱਧ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਗਿਆ ਹੈ। ਇਸ ਗੱਲ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਦੇ ਗੇਟ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ। ਕਈ ਵਿਦਿਆਰਥੀਆਂ ਵੱਲੋਂ ਆਤਮ ਹੱਤਿਆ ਦੀ ਧਮਕੀ ਵੀ ਦਿੱਤੀ ਗਈ।
ਇਸ ਮੌਕੇ ਨਰਸਿੰਗ ਦੇ ਵਿਦਿਆਰਥੀਆਂ ਨੇ ਕਿਹਾ ਕਿ ਉਹ 2020 ਬੈਚ ਦੇ ਵਿਦਿਆਰਥੀ ਹਨ ਜਦੋਂ ਉਨ੍ਹਾਂ ਨੂੰ ਦਾਖਲਾ ਦਿੱਤਾ ਗਿਆ ਸੀ ਤਾਂ ਕਿਹਾ ਗਿਆ ਸੀ ਕਿ ਤੁਹਾਨੂੰ ਇੰਡੀਅਨ ਨਰਸਿੰਗ ਕੌਂਸਲ ਵੱਲੋਂ ਹੀ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ ਜਦੋਂਕਿ ਹੁਣ ਯੂਨੀਵਰਸਿਟੀ ਵੱਲੋਂ ਆਪਣੇ ਹੀ ਇੱਕ ਹੋਰ ਕਾਲਜ ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਜੋ ਕਿ ਮਾਨਤਾ ਪ੍ਰਾਪਤ ਨਹੀਂ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਤੁਹਾਨੂੰ ਤਿੰਨ ਸਾਲ ਦੀ ਫੀਸ ਰਿਫੰਡ ਕਰ ਦਿੰਦੇ ਹਾਂ ਪਰ ਸਾਡੇ ਤਿੰਨ ਸੁਨਹਿਰੀ ਸਾਲ ਬਰਬਾਦ ਹੋਏ ਹਨ, ਉਸ ਦੀ ਭਰਪਾਈ ਕੌਣ ਕਰੇਗਾ।
ਵਿਦਿਆਰਥੀਆਂ ਨੂੰ ਸ਼ਾਂਤ ਕਰਨ ਲਈ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਪਰਨੀਤ ਕੌਰ ਸ਼ੇਰਗਿੱਲ, ਐੱਸਐੱਸਪੀ ਫਤਿਹਗੜ੍ਹ ਸਾਹਿਬ ਡਾ. ਨਵਜੋਤ ਕੌਰ ਗਰੇਵਾਲ, ਐੱਸਪੀ ਰਕੇਸ਼ ਯਾਦਵ, ਡੀਐੱਸਪੀ ਅਮਲੋਹ ਹਰਪਿੰਦਰ ਕੌਰ ਗਿੱਲ, ਤਹਿਸੀਲਦਰ ਅਮਲੋਹ ਦਿਵਯਾ ਸਿੰਗਲਾ, ਨਾਇਬ ਤਹਿਸੀਲਦਾਰ ਮੰਡੀ ਗੋਬਿੰਦਗੜ੍ਹ ਹਰਨੇਕ ਸਿੰਘ, ਡੀਐੱਸਪੀ ਗੁਰਬੰਸ ਸਿੰਘ ਬੈਂਸ, ਡੀਐੱਸਪੀ ਰਵਿੰਦਰ ਸਿੰਘ ਕਾਹਲੋਂ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਅਤੇ ਸੁਰੱਖਿਆ ਦੇ ਤੌਰ ’ਤੇ ਭਾਰੀ ਸੁਰੱਖਿਆ ਬਲ ਵੱਡੀ ਗਿਣਤੀ ਜਿਸ ਵਿੱਚ ਵੱਡੀ ਗਿਣਤੀ ਮਹਿਲਾ ਪੁਲਿਸ ਕਰਮਚਾਰੀਆਂ ਦੀ ਸੀ, ਤਾਨਿਾਤ ਸਨ। ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਫਾਇਰ ਬ੍ਰਿਗੇਡ ਦੀ ਗੱਡੀ ਅਤੇ ਐਂਬੂਲੈਂਸ ਵੀ ਮੌਕੇ ਤੇ ਬੁਲਾ ਲਈ ਸੀ। ਵਿਦਿਆਰਥੀਆਂ ਵੱਲੋਂ ਦੇਰ ਸ਼ਾਮ ਦੁਬਾਰਾ ਗੇਟ ਅੱਗੇ ਧਰਨਾ ਸ਼ੁਰੂ ਕਰ ਦਿੱਤਾ ਗਿਆ।
ਜ਼ਿਆਦਾਤਰ ਵਿਦਿਆਰਥੀ ਬਾਹਰਲੇ ਸੂਬਿਆਂ ਨਾਲ ਸਬੰਧਤ
ਵਿਦਿਆਰਥੀਆਂ ਨੇ ਕਿਹਾ ਕਿ ਉਹ ਜੰਮੂ-ਕਸ਼ਮੀਰ, ਹਰਿਆਣਾ, ਹਿਮਾਚਲ ਤੇ ਹੋਰਨਾਂ ਸੂਬਿਆਂ ਨਾਲ਼ ਸਬੰਧਤ ਹਨ ਜਿਸ ਕਾਰਨ ਸਮਾਜਿਕ, ਰਾਜਨੀਤਕ ਤੇ ਧਾਰਮਿਕ ਜੱਥੇਬੰਦੀ ਵੱਲੋਂ ਵਿਦਿਆਰਥੀਆਂ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ ਹੈ। ਯੂਨੀਵਰਸਿਟੀ ਵੱਲੋਂ ਉਨ੍ਹਾਂ ਦੇ ਭਵਿੱਖ ਨੂੰ ਦਾਅ ਤੇ ਲਾ ਦਿੱਤਾ ਗਿਆ ਹੈ। ਬਾਅਦ ਵਿੱਚ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੇ ਪੀਐੱਸ ਮੋਹੰਮਦ ਮੁਸਕਿੰਨ ਐਹਰਾਰੀ ਆਪਣੇ ਸਾਥੀਆਂ ਸਮੇਤ ਵਿਦਿਆਰਥੀਆਂ ਦੀ ਹਮਾਇਤ ਵਿੱਚ ਆਏ। ਦੂਜੇ ਪਾਸੇ ਯੂਨੀਵਰਸਿਟੀ ਪ੍ਰਬੰਧਕ ਦੋਸ਼ਾਂ ਤੋਂ ਇਨਕਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਛੇਤੀ ਹੀ ਮਾਮਲੇ ਦਾ ਹੱਲ ਕਰ ਲਿਆ ਜਾਵੇਗਾ।



