ਸਪੋਰਟਸ ਡੈਸਕ, ਨਵੀਂ ਦਿੱਲੀ : ਵਿਸ਼ਵ ਕੱਪ 2023 ਦਾ ਉਦਘਾਟਨੀ ਮੈਚ ਵੀਰਵਾਰ ਨੂੰ ਸਾਬਕਾ ਚੈਂਪੀਅਨ ਇੰਗਲੈਂਡ ਤੇ ਨਿਊਜ਼ੀਲੈਂਡ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਪੁਲਿਸ ਨੇ ਦੱਸਿਆ ਕਿ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਤੇ 3500 ਤੋਂ ਵੱਧ ਪੁਲਿਸ ਮੁਲਾਜ਼ਮ ਤੇ ਅਧਿਕਾਰੀ ਤਾਇਨਾਤ ਕੀਤੇ ਜਾਣਗੇ।

ਅਹਿਮਦਾਬਾਦ ਦੇ ਸੀਪੀ ਜੀਐੱਸ ਮਲਿਕ ਨੇ ਏਐੱਨਆਈ ਨੂੰ ਦੱਸਿਆ, ”ਵਰਲਡ ਕੱਪ 5 ਅਕਤੂਬਰ ਤੋਂ ਸ਼ੁਰੂ ਹੋਵੇਗਾ। ਇੱਥੇ ਨਿਊਜ਼ੀਲੈਂਡ ਤੇ ਇੰਗਲੈਂਡ ਵਿਚਾਲੇ ਮੈਚ ਖੇਡਿਆ ਜਾਵੇਗਾ। ਪੁਲਿਸ ਨੇ ਸਾਰੀਆਂ ਤਿਆਰੀਆਂ ਕਰ ਲਈਆਂ ਹਨ। 3500 ਤੋਂ ਵੱਧ ਪੁਲਿਸ ਫੋਰਸ ਤਾਇਨਾਤ ਕੀਤੀ ਜਾਵੇਗੀ। ਇਸ ’ਚ ਤਿੰਨ ਵਧੀਕ ਕਮਿਸ਼ਨਰ, 13 ਡੀਸੀਪੀ ਰੈਂਕ ਦੇ ਅਧਿਕਾਰੀ ਤੇ 18 ਏਸੀਪੀ ਸ਼ਾਮਲ ਹੋਣਗੇ ਜੋ 500 ਹੋਮ ਗਾਰਡਾਂ ਦੇ ਨਾਲ ਵਰਤੇ ਜਾਣਗੇ। ਟ੍ਰੈਫਿਕ ਡਾਇਵਰਸ਼ਨ ਕੀਤਾ ਗਿਆ ਹੈ ਜਿਸ ਦੀ ਜਾਣਕਾਰੀ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀ ਸਾਂਝੀ ਕੀਤੀ ਹੈ। ਸਾਡੇ ਕੋਲ 9 ਬੰਬ Disposal Squad ਵੀ ਹਨ। ਰੈਪਿਡ ਰਿਸਪਾਂਸ ਟੀਮਾਂ ਵੀ ਉੱਥੇ ਮੌਜੂਦ ਰਹਿਣਗੀਆਂ ਤੇ ਮੌਕੇ ‘ਤੇ ਕਈ ਬਚਾਅ ਕਾਰਜ ਕੀਤੇ ਜਾਣਗੇ।

ਰੁਮਾਂਚਕ ਮੈਚ ਦੀ ਉਮੀਦ

ਵੀਰਵਾਰ ਨੂੰ ਨਿਊਜ਼ੀਲੈਂਡ ਤੇ ਇੰਗਲੈਂਡ ਵਿਚਾਲੇ ਰੁਮਾਂਚਕ ਮੈਚ ਹੋਣ ਦੀ ਉਮੀਦ ਹੈ। ਕੀਵੀ ਟੀਮ ਪਿਛਲੇ ਵਿਸ਼ਵ ਕੱਪ ਫਾਈਨਲ ਦਾ ਬਦਲਾ ਲੈਣ ਦੀ ਕੋਸ਼ਿਸ਼ ਕਰੇਗੀ। ਜੀਐੱਸ ਮਲਿਕ ਨੇ ਕਿਹਾ, “ਲੋਕਾਂ ਨੂੰ ਮੈਚ ਸ਼ਾਂਤੀ ਨਾਲ ਦੇਖਣਾ ਚਾਹੀਦਾ ਹੈ ਤੇ ਇੱਕ ਦੂਜੇ ਨਾਲ ਝਗੜਾ ਜਾਂ ਲੜਾਈ ਨਹੀਂ ਕਰਨਾ ਚਾਹੀਦਾ। ਸਟੇਡੀਅਮ ਦੇ ਅੰਦਰ ਖਾਣ ਪੀਣ ਦੀਆਂ ਵਸਤੂਆਂ ਤੇ ਪਾਣੀ ਦੀਆਂ ਬੋਤਲਾਂ ਦੀ ਇਜਾਜ਼ਤ ਨਹੀਂ ਹੈ। ਲੋਕ ਆਪਣੀਆਂ ਟੀਮਾਂ ਦੇ ਰਾਸ਼ਟਰੀ ਝੰਡੇ ਲੈ ਕੇ ਜਾ ਸਕਦੇ ਹਨ ਪਰ ਇਹ ਲੱਕੜ ਦਾ ਨਹੀਂ ਹੋਣਾ ਚਾਹੀਦਾ।”

ਇਹ ਖਿਡਾਰੀ ਐਕਸ਼ਨ ‘ਚ ਨਹੀਂ ਆਉਣਗੇ ਨਜ਼ਰ

ਨਿਊਜ਼ੀਲੈਂਡ ਤੇ ਇੰਗਲੈਂਡ ਦੀਆਂ ਟੀਮਾਂ ਆਪਣੇ ਅਹਿਮ ਖਿਡਾਰੀਆਂ ਤੋਂ ਬਿਨਾਂ ਮੈਦਾਨ ਸੰਭਾਲਣਗੀਆਂ। ਨਿਊਜ਼ੀਲੈਂਡ ਨੂੰ ਆਪਣੇ ਕਪਤਾਨ ਕੇਨ ਵਿਲੀਅਮਸਨ ਤੇ ਤੇਜ਼ ਗੇਂਦਬਾਜ਼ ਟਿਮ ਸਾਊਥੀ ਦੀਆਂ ਸੇਵਾਵਾਂ ਮਿਲ ਸਕਣਗੀਆਂ। ਇਸ ਦੌਰਾਨ ਬੇਨ ਸਟੋਕਸ ਇੰਗਲੈਂਡ ਦੇ ਲਈ ਨਿਊਜ਼ੀਲੈਂਡ ਦੇ ਖਿਲਾਫ਼ ਮੈਚ ’ਚ ਸ਼ਿਰਕਤ ਨਹੀਂ ਕਰਣਗੇ। ਬੈਨ ਸਟੋਕਸ ਕਮਰ ਦੀ ਸੱਟ ਨਾਲ ਜੂਝ ਰਿਹਾ ਹੈ।