ਦਲਜੀਤ ਮੱਕੜ, ਮਿਲਾਨ : ਇਟਲੀ ਵਿਚ ਪੰਜਾਬ ਤੋਂ ਆ ਕੇ ਵੱਸੇ ਪੰਜਾਬੀ ਪਰਿਵਾਰ ਦੀ ਹੋਣਹਾਰ ਲੜਕੀ ਵੱਲੋਂ ਇਟਲੀ ਦੀ ਲੋਕਲ ਪੁਲਿਸ ‘ਚ ਭਰਤੀ ਹੋ ਕੇ ਮਾਂ-ਬਾਪ ਤੇ ਪੰਜਾਬੀ ਭਾਈਚਾਰੇ ਦਾ ਨਾਂ ਰੋਸ਼ਨ ਕੀਤਾ ਹੈ।

ਇਟਲੀ ਦੇ ਜ਼ਿਲ੍ਹਾ ਵੈਰੋਨਾ ਦੇ ਨੇੜਲੇ ਪਿੰਡ ਵਾਗੋ ਵਿਖੇ ਰਹਿ ਰਹੇ ਅੰਬੇਡਕਰੀ ਪਰਿਵਾਰ ਦੀ ਧੀ ਸੁਨੈਣਾ ਮੱਲਣ ਜੋ ਹਾਲ ਵਿਚ ਹੀ ਵੈਰੋਨਾ ਸ਼ਹਿਰ ਦੀ ਲੋਕਲ ਪੁਲਿਸ ਵਿਚ ਭਰਤੀ ਹੋਈ ਹੈ। 1,500 ਬਿਨੈਕਾਰਾਂ ਵਿੱਚੋਂ ਪਹਿਲੇ ਨੰਬਰਾਂ ਵਿਚ ਸੁਨੈਣਾ ਮੱਲਣ ਦਾ ਨਾਂ ਆਉਂਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੀ ਹੋਣਹਾਰ ਧੀ ਸੁਨੈਣਾ ਇਟਲੀ ਦੇ ਉੱਘੇ ਅੰਬੇਡਕਰੀ ਹਰਦਿਆਲ ਮੱਲਣ ਤੇ ਕ੍ਰਿਸ਼ਨਾ ਮੱਲਣ ਦੀ ਧੀ ਹੈ ਜਿਸ ਨੇ 2017 ਵਿਚ ਕੰਪਿਊਟਰ ਇੰਜੀਨੀਅਰਿੰਗ ਦੀ ਡਿਗਰੀ ਵਿੱਚ 100 ਵਿੱਚੋਂ 100 ਅੰਕ ਹਾਸਲ ਕੀਤੇ ਸਨ। ਪੰਜਾਬ ਦੇ ਪਿੰਡ ਵੀਰ ਬੰਸੀਆਂ ਤਹਿਸੀਲ ਫਿਲੌਰ (ਜਲੰਧਰ) ਜ਼ਿਲ੍ਹੇ ਨਾਲ ਸਬੰਧਤ ਮੱਲਣ ਪਰਿਵਾਰ ਦੇ ਤਿੰਨ ਬੱਚੇ ਜਿਨ੍ਹਾਂ ਵਿਚ ਮੱਲਣ ਮਲਿਕ ਮੁੰਡਾ ਤੇ ਮੱਲਣ ਸੁਨੈਣਾ ਤੇ ਮੱਲਣ ਜੈਸੀਕਾ ਕੁੜੀਆਂ ਹਨ। ਇਟਲੀ ਵੱਸਦੇ ਭਾਰਤੀ ਭਾਈਚਾਰੇ ਵੱਲੋਂ ਮੱਲਣ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।।