ਕੈਨੇਡਾ ਬੇਸਡ ਪੰਜਾਬੀ ਗਾਇਕ ਤੇ ਰੈਪਰ ਸ਼ੁਭਨੀਤ ਸਿੰਘ, ਜੋ ਕਿ ‘ਸ਼ੁਭ’ ਨਾਂ ਨਾਲ ਮਸ਼ਹੂਰ ਹੈ, ਖਾਲਿਸਤਾਨ ਦੇ ਸਮਰਥਨ ਲਈ ਕਥਿਤ ਤੌਰ ‘ਤੇ ਆਲੋਚਨਾਵਾਂ ਦੇ ਘੇਰੇ ‘ਚ ਆ ਗਿਆ ਹੈ। ਹੁਣ BookMyShow ਨੇ X (ਪਹਿਲਾਂ ਟਵਿੱਟਰ) ‘ਤੇ ਇਕ ਪੋਸਟ ‘ਚ ਐਲਾਨ ਕੀਤਾ ਹੈ ਕਿ ਗਾਇਕ ਦਾ ‘ਸਟਿਲ ਰੋਲਿਨ’ ਇੰਡੀਆ ਟੂਰ ਰੱਦ ਕਰ ਦਿੱਤਾ ਗਿਆ ਹੈ। ਕੰਪਨੀ ਨੇ ਕਿਹਾ ਕਿ ਉਹ 7-10 ਦਿਨਾਂ ਦੇ ਅੰਦਰ ਟਿਕਟਾਂ ਦਾ ਪੂਰਾ ਰਿਫੰਡ ਕਰ ਦੇਵੇਗੀ।

ਗਾਇਕ ਸ਼ੁਭਨੀਤ ਸਿੰਘ ਦਾ ਭਾਰਤ ਲਈ ਸਟਿਲ ਰੋਲਿਨ ਟੂਰ ਰੱਦ ਕਰ ਦਿੱਤਾ ਗਿਆ ਹੈ। ਇਸ ਲਈ BookMyShow ਨੇ ਉਨ੍ਹਾਂ ਸਾਰੇ ਯੂਜ਼ਰਜ਼ ਲਈ ਟਿਕਟ ਦੀ ਰਕਮ ਦਾ ਪੂਰਾ ਰਿਫੰਡ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਨ੍ਹਾਂ ਨੇ ਸ਼ੋਅ ਲਈ ਟਿਕਟਾਂ ਖਰੀਦੀਆਂ ਸਨ। ਰਿਫੰਡ 7-10 ਕੰਮਕਾਜੀ ਦਿਨਾਂ ਦੇ ਅੰਦਰ-ਅੰਦਰ ਆਉਣਾ ਸ਼ੁਰੂ ਹੋ ਜਾਵੇਗਾ।

ਇਸ ਤੋਂ ਪਹਿਲਾਂ ਟਿਕਟ-ਬੁਕਿੰਗ ਐਪ ਨੂੰ ਕਥਿਤ ਤੌਰ ‘ਤੇ ਖਾਲਿਸਤਾਨੀ ਸਮਰਥਕ ਗਾਇਕ ਦੀ ਮੇਜ਼ਬਾਨੀ ਕਰਨ ਲਈ ਸੋਸ਼ਲ ਮੀਡੀਆ ‘ਤੇ ਬਾਈਕਾਟ ਕਾਲ਼ ਦਾ ਸਾਹਮਣਾ ਕਰਨਾ ਪਿਆ ਸੀ। #UninstallBookMyShow X ‘ਤੇ ਕਾਫੀ ਟਰੈਂਡ ਕਰ ਰਿਹਾ ਸੀ।

ਇਸੇ ਦੌਰਾਨ ਭਾਰਤ ਤੇ ਕੈਨੇਡਾ ਦਰਮਿਆਨ ਕੂਟਨੀਤਕ ਵਿਵਾਦ ਪੈਦਾ ਹੋ ਗਿਆ, ਜਿਸ ਵਿਚ ਦੋਵਾਂ ਨੇ ਇਕ ਸੀਨੀਅਰ ਡਿਪਲੋਮੈਟ ਨੂੰ ਕੱਢ ਦਿੱਤਾ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਸਾਲ ਜੂਨ ‘ਚ ਬ੍ਰਿਟਿਸ਼ ਕੋਲੰਬੀਆ ‘ਚ 45 ਸਾਲਾ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ‘ਚ ਭਾਰਤੀ ਏਜੰਸੀਆਂ ਦਾ ਹੱਥ ਹੋਣ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਭਾਰਤ ਨੇ ਤੁਰੰਤ ਕੈਨੇਡਾ ਦੇ ਦਾਅਵੇ ਨੂੰ ਬੇਤੁਕਾ ਦੱਸਦਿਆਂ ਰੱਦ ਕਰ ਦਿੱਤਾ।