ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਕਿਹਾ ਹੈ ਕਿ ਟੀਮ ਭਾਰਤ ਨੂੰ ਸੂਰਿਆ ਕੁਮਾਰ ਯਾਦਵ ਨੂੰ ਮੁੱਖ ਹਥਿਆਰ ਵਜੋਂ ਇਸਤੇਮਾਲ ਕਰਨਾ ਚਾਹੀਦਾ ਹੈ ਕਿਉਂਕਿ ਉਹ ਭਾਰਤੀ ਟੀਮ ਲਈ ਐਕਸ ਫੈਕਟਰ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸੂਰਿਆ ਕੁਮਾਰ ਯਾਦਵ ਵਿਚ ਸਮਰੱਥਾ ਹੈ ਕਿ ਉਹ ਮੈਚ ਨੂੰ ਆਪਣੀ ਪਾਰੀ ਨਾਲ ਬਦਲ ਸਕਦੇ ਹਨ। ਇਸ ਕਾਰਨ ਉਨ੍ਹਾਂ ਦਾ ਟੀਮ ਵਿਚ ਹੋਣਾ ਜ਼ਰੂਰੀ ਹੈ। ਉਨ੍ਹਾਂ ਮੁਤਾਬਕ ਸੈਮੀਫਾਈਨਲ ਵਿਚ ਭਾਰਤ, ਆਸਟ੍ਰੇਲੀਆ ਤੇ ਇੰਗਲੈਂਡ ਆਪਣਾ ਸਥਾਨ ਜ਼ਰੂਰ ਬਣਾਉਣਗੇ ਪਰ ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਚੌਥੀ ਟੀਮ ਦੇ ਰੂਪ ਵਿਚ ਨਹੀਂ ਦੇਖਦੇ ਹਨ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਟੀਮ ਖ਼ੁਸ਼ਕਿਸਮਤ ਹੋਵੇਗੀ ਜੇ ਉਹ ਸੈਮੀਫਾਈਨਲ ਵਿਚ ਪੁੱਜ ਜਾਵੇ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਘਰ ਵਿਚ ਖੇਡਣ ਦਾ ਲਾਭ ਮਿਲੇਗਾ ਕਿਉਂਕਿ ਤੁਸੀਂ ਹਾਲਾਤ ਨੂੰ ਚੰਗੀ ਤਰ੍ਹਾਂ ਜਾਣਦੇ ਹੋ। ਤੁਸੀਂ ਕਿਸੇ ਵੀ ਮੈਦਾਨ ’ਤੇ ਜਾਓਗੇ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਇੱਥੇ ਕਿੰਨਾ ਸਕੋਰ ਬਣ ਸਕਦਾ ਹੈ ਤੇ ਪ੍ਰਸ਼ੰਸਕਾਂ ਦਾ ਸਮਰਥਨ ਵੀ ਮਿਲੇਗਾ।