ਪੱਤਰ ਪੇ੍ਰਰਕ, ਅਜਨਾਲਾ : ਪੁਲਿਸ ਥਾਣਾ ਅਜਨਾਲਾ ਨੇ ਗਾਇਕ ਸਿੰਗਾ ਖ਼ਿਲਾਫ਼ ਇਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਏ ਜਾਣ ਦੇ ਇਲਜਾਮ ’ਚ ਧਾਰਾ 295 ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਇਸਾਈ ਭਾਈਚਾਰੇ ਨਾਲ ਸਬੰਧਤ ਸੰਸਥਾ ਲੋਕ ਭਲਾਈ ਸੁਸਾਇਟੀ ਅਜਨਾਲਾ ਦੇ ਪ੍ਰਧਾਨ ਤੇ ਕੌਂਸਲਰ ਅਵਿਨਾਸ਼ ਮਸੀਹ ਦੀ ਅਗਵਾਈ ’ਚ ਇਸਾਈ ਭਾਈਚਾਰੇ ਵੱਲੋਂ ਪੰਜਾਬੀ ਗਾਇਕ ਸਿੰਗਾ ਵਿਰੁੱਧ ਰੋਸ ਪ੍ਰਗਟਾਏ ਜਾਣ ਦੇ ਨਤੀਜੇ ਵਜੋਂ ਦਰਜ ਕੀਤਾ ਗਿਆ ਹੈ।

ਇਸਾਈ ਭਾਈਚਾਰੇ ਦੇ ਰੋਸ ਪ੍ਰਗਟਾਵੇ ਦੀ ਅਗਵਾਈ ਕਰ ਰਹੇ ਲੋਕ ਭਲਾਈ ਸੁਸਾਇਟੀ ਦੇ ਪ੍ਰਧਾਨ ਤੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਕੌਂਸਲਰ ਅਵਿਨਾਸ਼ ਮਸੀਹ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਗਾਇਕ ਵੱਲੋਂ ਆਪਣੇ ਗੀਤ ਦੀ ਪੇਸ਼ਕਾਰੀ ਦੌਰਾਨ ਖ਼ੁਦ ਇਸਾਈ ਭਾਈਚਾਰੇ ਦੇ ਫਾਦਰ ਤੇ ਪਾਸਟਰ ਸਾਹਿਬਾਨਾਂ ਵੱਲੋਂ ਪਹਿਨੇ ਜਾਂਦੇ ਪਹਿਰਾਵੇ ਤੇ ਸਲੀਵ ਦੇ ਚਿੰਨ੍ਹ (ਕ੍ਰਾਸ) ਨੂੰ ਗਲੇ ’ਚ ਪਹਿਨ ਕੇ ਅਤੇ ਗੀਤ ਗਾਉਣ ਸਮੇਂ ਸਹਿਯੋਗ ਕਰ ਰਹੀਆਂ ਮਹਿਲਾ ਮਾਡਲਾਂ ਵੱਲੋਂ ਵੀ ਇਸਾਈ ਭਾਈਚਾਰੇ ਦੀਆਂ ਸਿਸਟਰਾਂ ਵੱਲੋਂ ਪਹਿਨੇ ਜਾਂਦੇ ਪਹਿਰਾਵੇ ਸਮੇਤ ਆਪਣੇ ਹੱਥਾਂ ’ਚ ਪਵਿੱਤਰ ਬਾਈਬਲ ਨੂੰ ਫੜ ਕੇ ਇਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਗਾਇਕ ਨੂੰ ਗ੍ਰਿਫ਼ਤਾਰ ਕਰਨ ਵਿਚ ਢਿੱਲਮੱਠ ਦੀ ਨੀਤੀ ਅਪਣਾਈ ਤਾਂ ਇਸਾਈ ਭਾਈਚਾਰੇ ਵੱਲੋਂ ਤਿੱਖਾ ਸੰਘਰਸ਼ ਵਿੱਢ ਦਿੱਤਾ ਜਾਵੇਗਾ।

ਇਸੇ ਦੌਰਾਨ ਸੰਪਰਕ ਕਰਨ ’ਤੇ ਪੁਲਿਸ ਥਾਣਾ ਅਜਨਾਲਾ ਦੇ ਐੱਸਐੱਚਓ ਇੰਸਪੈਕਟਰ ਮੁਖਤਿਆਰ ਸਿੰਘ ਨੇ ਗਾਇਕ ਸਿੰਗਾ ਵਿਰੁੱਧ ਧਾਰਾ 295 ਤਹਿਤ ਦਰਜ ਕੀਤੇ ਗਏ ਮਾਮਲੇ ਦੀ ਪੁਸ਼ਟੀ ਕੀਤੀ ਤੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਦਰਜ ਮਾਮਲੇ ਵਿਚਲੇ ਤੱਥਾਂ ਦੀ ਜਾਂਚ ਪੜਤਾਲ ਬਰੀਕੀ ਨਾਲ ਕੀਤੀ ਜਾਵੇਗੀ ਤੇ ਜੇਕਰ ਗਾਇਕ ਸਿੰਗਾ ਦੇ ਵਿਰੁੱਧ ਇਲਜ਼ਾਮ ਦਰੁੱਸਤ ਪਾਏ ਗਏ ਤਾਂ ਉਸ ਦੀ ਗ੍ਰਿਫ਼ਤਾਰੀ ਲਈ ਫੌਰੀ ਕਦਮ ਚੁੱਕੇ ਜਾਣਗੇ।