Ad-Time-For-Vacation.png

ਕੀ ਪੰਥਕ ਏਕਾ ਸੰਭਵ ਨਹੀ…?

ਜਸਪਾਲ ਸਿੰਘ ਹੇਰਾਂ

ਚੌਧਰ ਦੀ, ਸੁਆਰਥ ਦੀ, ਪਦਾਰਥ ਦੀ ਭੁੱਖ ਅੱਗੇ ਕੌਮ ਦਾ ਮਾਣ-ਸਨਮਾਨ ਸਿੱਖੀ ਦੀ ਆਨ-ਸ਼ਾਨ ਬੌਣੇ ਹੋ ਗਏ ਹਨ। ਇਕ ਸਿੱਖ ਨੂੰ ਦੂਜਾ ਸਿੱਖ ਭਰਾ ਨਹੀਂ, ਦੁਸ਼ਮਣ ਜਾਪਣ ਲੱਗ ਪਿਆ ਹੈ। ਹੳੂਮੈ ਤੇ ਲਾਲਸਾ ਨੇ ਅਕਲੋਂ ਅੰਨਾ ਕਰ ਛੱਡਿਆ ਹੈ, ਮੈਂ ਦੀ ਲੜਾਈ ‘ਚ ਆਪਣੇ-ਬਿਗਾਨੇ ਦੀ ਪਛਾਣ ਭੁੱਲ ਗਈ ਹੈ। ਕੌਮ ‘ਚ ਖਾਨਾਜੰਗੀ ਸ਼ੁਰੂ ਹੋ ਚੁੱਕੀ ਹੈ, ਪ੍ਰੰਤੂ ਇਸ ਭਰਾ-ਮਾਰੂ ਜੰਗ ਨੂੰ ਰੋਕਣ ਦੇ ਸਮਰੱਥ ਕੋਈ ਸਿੱਖ ਆਗੂ ਕਿਧਰੇ ਵੀ ਵਿਖਾਈ ਨਹੀਂ ਦੇ ਰਿਹਾ। ਅਸੀਂ ਪੰਥਕ ਏਕਤਾ ਲਈ ਵਾਰ-ਵਾਰ ਦੁਹਾਈ ਦੇ ਰਹੇ ਹਾਂ, ਪ੍ਰੰਤੂ ਇਹ ਦੇਖਦਿਆਂ ਹੋਇਆ ਵੀ ਕਿ ਪੰਥਕ ਰਾਜਨੀਤੀ ਦੇ ਵਿਹੜੇ ‘ਚ ਏਕਤਾ ਨਾਂਹ ਹੋਣ ਕਾਰਣ ਪੂਰੀ ਤਰਾਂ ਖਲ਼ਾਅ ਹੈ ਅਤੇ ਪੰਜਾਬ ਦੀ ਵਾਂਗਡੋਰ ਪੰਜਾਬੀਆਂ ਦੇ ਹੱਥੋਂ ਗੁਆਚਣ ਵਾਲੀ ਹੈ, ਉਸਦੇ ਬਾਵਜੂਦ ਪੰਥਕ ਏਕੇ ਲਈ ਕੋਈ ਵੀ ਅੱਗੇ ਆਉਣ ਲਈ ਤਿਆਰ ਨਹੀਂ। ਇਹ ਵੀ ਅਫ਼ਸੋਸ ਹੈ ਅਤੇ ਕੌਮ ਦੀ ਤ੍ਰਾਸਦੀ ਵੀ ਹੈ ਕਿ ਅੱਜ ਸਾਡੇ ‘ਚ ਕੋਈ ਵੀ ਅਜਿਹੀ ਸਖ਼ਸੀਅਤ ਨਹੀਂ, ਜਿਸਦੀ ਸਮੁੱਚੀ ਕੌਮ ਸੁਣਦੀ ਹੋਵੇ, ਉਸਦੀ ਬੇਬਾਕ, ਬੇਦਾਗ, ਸੱਚੀ-ਸੁੱਚੀ ਸਖ਼ਸੀਅਤ ਦਾ ਸਮੁੱਚੀ ਕੌਮ ਤੇ ਪ੍ਰਭਾਵ ਹੋਵੇ। ਜੋ ਕੁਝ ਪੰਜਾਬ ‘ਚ ਵਾਪਰ ਰਿਹਾ ਹੈ ਅਤੇ ਜੋ ਕੁਝ ਵਾਪਰਨ ਦੀ ਆਸ਼ੰਕਾ ਹੈ, ਉਹ ਕੌਮ ਲਈ ਬੇਹੱਦ ਮੰਦ-ਭਾਗਾ ਹੈ, ਜਿਸਨੇ ਸਮੁੱਚੀ ਦੁਨੀਆ ‘ਚ ਕੌਮ ਦੀ ਹੇਠੀ ਕਰਵਾਉਣੀ ਹੈ। ਅਸੀਂ ਵਾਰ ਵਾਰ ਦੁਹਾਈ ਦੇ ਰਹੇ ਹਾਂ ਕਿ ਸਿੱਖੋ! ਤੁਸੀਂ ਦੁਨੀਆ ਦੇ ਉਸ ਮਹਾਨ ਵਿਰਸੇ ਤੇ ਫਲਸਫ਼ੇ ਦੇ ਵਾਰਿਸ ਹੋ, ਜਿਸ ਦਾ ਦੁਨੀਆ ‘ਚ ਕੋਈ ਸਾਨੀ ਨਹੀਂ, ਤੁਹਾਡਾ ਗ੍ਰੰਥ ਸਮੁੱਚੀ ਦੁਨੀਆ ਨੂੰ ਅਗਵਾਈ ਦੇਣ ਦੇ ਸਮਰੱਥ ਹੈ ਅਤੇ ਤੁਹਾਡਾ ਪੰਥ, ਸਮੁੱਚੀ ਦੁਨੀਆ ਦਾ ‘ਸਿਰਦਾਰ’ ਬਣਨ ਲਈ ਸਿਰਜਿਆ ਗਿਆ ਸੀ, ਪ੍ਰੰਤੂ ਅੱਜ ਤੁਸੀਂ ਗ੍ਰੰਥ ਦੀ ਸੁਣਨੋ ਹੱਟ ਗਏ ਅਤੇ ਪੰਥ ਨੂੰ ਧੜਿਆਂ ‘ਚ ਵੰਡ ਲਿਆ ਹੈ, ਜਿਸ ਕਾਰਣ ਅਸੀਂ ਕਲਗੀਧਰ ਦੇ ਧੀਆਂ-ਪੁੱਤਰ ਨਹੀਂ ਰਹੇ, ਸਗੋਂ ਆਪੋ-ਆਪਣੇ ਧੜੇ ਦੇ ਗੁਲਾਮ ਬਣ ਗਏ ਹਾਂ, ਜਿਸ ਕਾਰਣ ਕੌਮ ਦੀ ਹੁਣ ਸਾਨੂੰ ਕੋਈ ਪ੍ਰਵਾਹ ਨਹੀਂ ਰਹਿ ਗਈ। ਅਸੀਂ ਸਮਝਦੇ ਹਾਂ ਕਿ ਜਦੋਂ ਧਰਮ, ਰਾਜਨੀਤੀ ਦਾ ਗੁਲਾਮ ਹੋ ਜਾਂਦਾ ਹੈ ਤਾਂ ਸਿਵਾਏ ਖੁਆਰੀ ਤੋਂ ਕਦੇ ਕੁਝ ਪੱਲੇ ਨਹੀਂ ਪੈਂਦਾ। ਅੱਜ ਸਿੱਖਾਂ ‘ਚ ਚੌਧਰ, ਸੁਆਰਥ ਤੇ ਪਦਾਰਥ ਦੀ ਭੁੱਖ ਨੇ ਧਰਮੀ ਗੁਣ ਖੋਹ ਕੇ ਉਸਨੂੰ ਸ਼ੈਤਾਨ, ਮਕਾਰ, ਫਰੇਬੀ, ਝੂਠਾ, ਪਾਖੰਡੀ, ਲੋਭੀ-ਲਾਲਚੀ ਰਾਜਸੀ ਖਿਡਾਰੀ ਬਣਾ ਦਿੱਤਾ ਹੈ। ਤਦ ਹੀ ਗੁਰੂ ਘਰਾਂ ਦੀ ਸੇਵਾ ਸੰਭਾਲ ਹੁਣ ਗੁਰੂ ਦੀਆਂ ਗੋਲਕਾਂ ਤੇ ਕਬਜ਼ੇ ‘ਚ ਬਦਲ ਗਈ ਹੈ ਅਤੇ ਮਾਇਆ ਨਾਗਣੀ ਦੇ ਡੰਗ ਦਾ ਡੰਗਿਆ ਸਿੱਖ, ਉਸ ਗੋਲਕ ਦੀ ਲੜਾਈ ਲਈ ਭਰਾ ਦੇ ਖੂਨ ਦਾ ਪਿਆਸਾ ਹੋ ਗਿਆ ਹੈ।

ਅਸੀਂ ਵਾਰ-ਵਾਰ ਹੋਕਾ ਦਿੱਤਾ ਹੈ ਕਿ ਪੰਥ ਦੁਸ਼ਮਣ ਤਾਕਤਾਂ ਹੁਣ ਸਿੱਖਾਂ ਨੂੰ ਕਿਸੇ ਮਾਰੂ ਹਥਿਆਰ ਨਾਲ ਮਾਰਨ ਦੀ ਸੋਚ ਛੱਡ ਚੁੱਕੀਆਂ ਹਨ ਅਤੇ ਉਹ ਕੁਟਲ ਚਾਲਾਂ ਨਾਲ ਭਾਵੇਂ ਉਹ ਨਸ਼ਿਆਂ ਦਾ ਮਾਰੂ ਹਥਿਆਰ ਹੋਵੇ, ਚਾਹੇ ਚੌਧਰ ਤੇ ਸੱਤਾ ਲਾਲਸਾ ਦੀ ਭੁੱਖ ਵਾਲੇ ਹਥਿਆਰ ਦੀ ਚਾਲ ਹੋਵੇ, ਚਾਹੇ ਭਰਾ-ਮਾਰੂ ਜੰਗ ਦਾ ਹਥਿਆਰ ਹੋਵੇ ਅਤੇ ਚਾਹੇ ਸਿੱਖਾਂ ਦੇ ਅਕਸ ਨੂੰ ਦੁਨੀਆ ‘ਚ ਢਾਅ ਲਾਉਣ ਵਾਲਾ ਹਥਿਆਰ ਹੀ ਹੋਵੇ, ਉਸਦੀ ਵਰਤੋਂ ਕਰਕੇ ਸਿੱਖੀ ਦੇ ਜੜੀ ਤੇਲ ਦੇਣ ਦੀਆਂ ਮਾਰੂ ਚਾਲਾਂ ਚੱਲ ਰਹੀਆਂ ਹਨ। ਪ੍ਰੰਤੂ ਅਸੀਂ ਆਪਣੀ ਸੁਆਰਥੀ, ਪਦਾਰਥੀ, ਭੁੱਖ ਦੀ ਪੂਰਤੀ ਲਈ ਉਨਾਂ ਦੀਆਂ ਚਾਲਾਂ ਦਾ ਸ਼ਿਕਾਰ ਹੋ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਿੱਖਾਂ ‘ਚ ਵੰਡੀਆਂ ਹੋਰ ਨਾ ਵਧਾਈਆ ਜਾਣ, ਭਰਾ-ਮਾਰੂ ਜੰਗ ਕਰਕੇ, ਦੁਨੀਆ ‘ਚ ਸਿੱਖੀ ਦਾ ਮਜ਼ਾਕ ਨਾ ਉਡਾਇਆ ਜਾਵੇ। ਭਾਵੇਂ ਕਿ ਹੁਣ ਇਹ ਸਾਫ਼ ਹੈ ਕਿ ਇਹ ਸਾਰੀ ਲੜਾਈ ਸਿਰਫ਼ ਰਾਜਸੀ ਹੈ, ਚੌਧਰ ਦੀ ਹੈ, ਗੋਲਕ ਦੀ ਹੈ, ਇਸ ਲਈ ਸਿਧਾਂਤਾਂ ਦੀ ਗੱਲ ਕਰਨੀ, ਬੇਅਰਥ ਹੋ ਚੁੱਕੀ ਹੈ, ਪ੍ਰੰਤੂ ਉਸਦੇ ਬਾਵਜੂਦ ਅਸੀਂ ਕੌਮ ਦੇ ਦਾਨਿਸ਼ਵਰਾਂ ਨੂੰ ਅਪੀਲ ਜ਼ਰੂਰ ਕਰਾਂਗੇ ਕਿ ਸੱਤਾ ਲਾਲਸਾ ਦੇ ਅੰਨਿਆਂ ਨੂੰ ਕੌਮ ਦੀ ਜੱਗ ਹਸਾਈ ਕਰਵਾਉਣ ਤੋਂ ਰੋਕਣ ਲਈ ਸਿਆਣਪ, ਨਿੱਡਰਤਾ, ਨਿਰਪੱਖਤਾ, ਦ੍ਰਿੜਤਾ ਨਾਲ ਅੱਗੇ ਆਉਣ ਅਤੇ ਇਨਾਂ ਨੂੰ ਕੌਮ ਸਾਹਮਣੇ ਬੇਨਕਾਬ ਕਰਕੇ, ਕੌਮ ਨੂੰ ਇਨਾਂ ਦੇ ਚੁੰਗਲ ਤੋਂ ਅਜ਼ਾਦ ਕਰਵਾਇਆ ਜਾਵੇ ਤਾਂ ਕਿ ਕੌਮੀ ਏਕਤਾ ਪੰਜਾਬ ਵਿੱਚ ਪੰਥ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਚੜਦੀ ਕਲਾ ਲਈ ਮੋਹਰੀ ਰੋਲ ਨਿਭਾ ਸਕੇ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.