38 ਪੱਤਰਕਾਰਾਂ ਨੂੰ ਹਿਰਾਸਤ ‘ਚ ਲੈਣ ਦੀ ਐਡੀਟਰਜ਼ ਗਿਲਡ ਵੱਲੋਂ ਨਿੰਦਾ
ਨਵੀਂ ਦਿੱਲੀ :-ਐਡੀਟਰਜ਼ ਗਿਲਡ ਆਫ ਇੰਡੀਆ ਨੇ 10 ਅਤੇ 11 ਅਕਤੂਬਰ ਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਹੋਏ ਵਿਰੋਧ ਪ੍ਰਦਰਸ਼ਨਾਂ ਨੂੰ ਕਵਰ ਕਰਨ ਵਾਲੇ ਘੱਟੋ-ਘੱਟ 38 ਪੱਤਰਕਾਰਾਂ ਦੀ ਹਿਰਾਸਤ ਦੀ ਨਿੰਦਾ ਕੀਤੀ ਹੈ ਅਤੇ ਕਮੇਟੀ ਟੂ ਪ੍ਰੋਟੈਕਟ ਜਰਨਲਿਸਟਸ (ਸੀ ਪੀ ਜੇ) ਨੇ ਹਮਲਿਆਂ ਅਤੇ ਰੁਕਾਵਟਾਂ ਦੇ ਬਿਰਤਾਂਤਾਂ ਦੇ ਨਾਲ-ਨਾਲ ਹਿਰਾਸਤਾਂ ਦਾ ਦਸਤਾਵੇਜ਼ੀਕਰਨ ਕੀਤਾ ਹੈ । ਗਿਲਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਪੱਤਰਕਾਰਾਂ ਦੇ ਕੰਮ ਦੀ ਰੱਖਿਆ ਲਈ ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਵਜੂਦ ਪੁਲਸ ਕਾਰਵਾਈ ਜਾਰੀ ਰਹੀ । ਬਿਆਨ ਵਿੱਚ ਕਿਹਾ ਗਿਆ ਹੈ, ”ਗਿਲਡ ਦੁਆਰਾ ਇਕੱਠੀ ਕੀਤੀ ਗਈ ਜਾਣਕਾਰੀ ਮੁਤਾਬਕ ਘੱਟੋ-ਘੱਟ 38 ਪੱਤਰਕਾਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ : 36 ਦਿੱਲੀ ਵਿੱਚ ਅਤੇ ਇੱਕ-ਇੱਕ ਪੁਣੇ ਅਤੇ ਅਹਿਮਦਾਬਾਦ ਵਿੱਚ । ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਆਪਣੇ ਮੀਡੀਆ ਪ੍ਰਮਾਣ ਪੱਤਰ ਦਿਖਾਉਣ ਦੇ ਬਾਵਜੂਦ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਕੁਝ ਦੇ ਫੋਨ ਜ਼ਬਤ ਕਰ ਲਏ ਗਏ ਸਨ ।”



