‘ਇੰਡੀਆ’ ਲੋਕਤੰਤਰ ਦੀ ਬਹਾਲੀ ਤੱਕ ਮਿਲ ਕੇ ਲੜੇਗਾ
ਨਵੀਂ ਦਿੱਲੀ- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਮਿਲ ਕੇ ਲੜਨਗੇ ਅਤੇ ਦੇਸ਼ ਵਿੱਚ ਲੋਕਤੰਤਰ ਮੁੜ ਬਹਾਲ ਕਰਵਾਉਣਗੇ । ਉਨ੍ਹਾਂ ਕਿਹਾ ਕਿ ਸਾਰੇ ਅੰਦੋਲਨ ਦਾ ਮਿਸ਼ਨ ਇੱਕੋ ਹੈ । ਉਨ੍ਹਾਂ ਇਹ ਗੱਲ ਦਿੱਲੀ ਵਿੱਚ ਆਪਣੀ ਰਿਹਾਇਸ਼ ‘ਤੇ ਇੰਡੀਆ ਗੱਠਜੋੜ ਦੇ ਆਗੂਆਂ ਨਾਲ ਚਾਹ ‘ਤੇ ਹੋਈ ਮੀਟਿੰਗ ਮਗਰੋਂ ਪ੍ਰੈੱਸ ਕਾਨਫਰੰਸ ਦੌਰਾਨ ਕਹੀ । ਵਿਰੋਧੀ ਧਿਰ ਨੇ ਸਰਕਾਰ ‘ਤੇ ਜੰਤਰ-ਮੰਤਰ ਬੰਦ ਕਰਨ ਦਾ ਦੋਸ਼ ਵੀ ਲਾਇਆ । ਮੀਟਿੰਗ ਵਿੱਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਅਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਮੁੜ ਸੁਧਾਈ (ਐੱਸ ਆਈ ਆਰ) ਵਿਰੁੱਧ ਅੰਦੋਲਨ ਨੂੰ ਅੱਗੇ ਵਧਾਉਣ ਦੀ ਰਣਨੀਤੀ ਬਾਰੇ ਚਰਚਾ ਕੀਤੀ ਗਈ । ਇਸ ਮੀਟਿੰਗ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਪਿ੍ਯੰਕਾ ਗਾਂਧੀ ਅਤੇ ਸ਼ਸ਼ੀ ਥਰੂਰ ਸਮੇਤ ਵਿਰੋਧੀ ਧਿਰ ਦੇ ਕਈ ਆਗੂ ਸ਼ਾਮਲ ਹੋਏ । ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ ਨੇ ਕਿਹਾ ਕਿ ਵਿਰੋਧੀ ਧਿਰ ਇਕਜੁੱਟ ਹੈ ਅਤੇ ਉਹ ਹਰ ਕੁਰਬਾਨੀ ਲਈ ਤਿਆਰ ਹਨ । ਉਨ੍ਹਾ ਕਿਹਾ ਕਿ ਸਾਰੇ ਆਗੂ ਇਸ ਲੜਾਈ ਵਿੱਚ ਇਕੱਠੇ ਖੜ੍ਹੇ ਹਨ ।



