ਬਿ੍ਰਜਮੋਹਨ ਕਾਲੀਆ, ਚਿੰਤਪੁਰਨੀ: ਧਾਰਮਿਕ ਨਗਰੀ ਚਿੰਤਪੁਰਨੀ ਵਿਚ ਐਤਵਾਰ ਤੋਂ ਸ਼ੁਰੂ ਹੋਣ ਜਾ ਰਹੇ ਨਵੇਂ ਸਾਲ ਦੇ ਮੇਲੇ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਤਿਆਰੀਆਂ ਪੂੁਰੀਆਂ ਕਰ ਲਈਆਂ ਹਨ। ਇਸ ਵਾਰ ਮੇਲਾ ਤਿੰਨ ਦੀ ਬਜਾਏ ਦੋ ਦਿਨ ਤੱਕ ਚੱਲੇਗਾ। ਮੇਲੇ ਦੌਰਾਨ ਮੰਦਿਰ 24 ਘੰਟੇ ਖੁੱਲ੍ਹਾ ਰਹੇਗਾ। ਇਸ ਸਬੰਧੀ ਮਾਂ ਚਿੰਤਪੁਰਨੀ ਦੇ ਦਰਬਾਰ ਨੂੰ ਸੁੰਦਰ ਫੁੱਲਾਂ ਤੇ ਰੌਸ਼ਨੀ ਨਾਲ ਸਜਾਇਆ ਜਾ ਰਿਹਾ ਹੈ। ਨਵੇਂ ਸਾਲ ਮੌਕੇ ਹੋਣ ਵਾਲੇ ਮੇਲੇ ਵਿਚ ਉੱਤਰ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਇਕ ਲੱਖ ਤੋਂ ਵੱਧ ਸ਼ਰਧਾਲੂਆਂ ਦੇ ਆਉਣ ਦੀ ਸੰਭਾਵਨਾ ਹੈ।

ਮੰਦਿਰ ਕੰਪਲੈਕਸ ਤੋਂ ਇਲਾਵਾ ਬਿਜਲੀ ਵਿਭਾਗ, ਜਲ ਸ਼ਕਤੀ ਵਿਭਾਗ ਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਮੇਲੇ ਵਿਚ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਤਿਆਰੀ ਕਰ ਲਈ ਹੈ। ਇਸੇ ਦਰਮਿਆਨ ਸ਼ਰਧਾਲੂਆਂ ਦੀ ਆਮਦ ਵੀ ਸ਼ੁਰੂ ਹੋ ਗਈ ਹੈ। 31 ਦਸੰਬਰ ਨੂੰ ਲੈ ਕੇ ਖੇਤਰ ਦੇ ਤਮਾਮ ਛੋਟੇ-ਵੱਡੇ ਹੋਟਲਾਂ ਸਮੇਤ ਸਰਾਵਾਂ ਦੇ ਕਮਰਿਆਂ ਦੀ 80 ਫੀਸਦੀ ਤੱਕ ਪਹਿਲਾਂ ਹੀ ਬੁਕਿੰਗ ਹੋ ਚੁੱਕੀ ਹੈ। ਮਾਂ ਦੇ ਮੰਦਿਰ ਵਿਚ ਫੁੱਲਾਂ ਤੇ ਰੰਗ ਬਿਰੰਗੀਆਂ ਲਾਈਟਾਂ ਨਾਲ ਸਜਾਵਟ ਪੰਜਾਬ ਦੇ ਇਕ ਸ਼ਰਧਾਲੂ ਵੱਲੋਂ ਕਰਵਾਈ ਜਾ ਰਹੀ ਹੈ।

ਵੱਡੇ ਵਾਹਨ ਭਰਵਾਈ ’ਚ ਰੋਕਣ ਦਾ ਪ੍ਰਬੰਧ

ਵੱਡੇ ਵਾਹਨਾਂ ਨੂੰ ਰੋਕਣ ਦਾ ਪ੍ਰਬੰਧ ਭਰਵਾਈ ਵਿਚ ਕੀਤਾ ਗਿਆ ਹੈ। ਇਥੇ 500 ਤੋਂ ਵੱਧ ਛੋਟੇ-ਵੱਡੇ ਵਾਹਨਾਂ ਨੂੰ ਪਾਰਕ ਕਰਨ ਦੀ ਸਹੂਲਤ ਹੋਵੇਗੀ। ਜਲ ਸ਼ਕਤੀ ਵਿਭਾਗ ਵੱਲੋਂ ਵੀ ਮੇਲੇ ਦੌਰਾਨ ਪੀਣ ਵਾਲੇ ਪਾਣੀ ਦੀ ਵਿਵਸਥਾ ਸੁਚਾਰੂ ਰੱਖਣ ਲਈ ਖੇਤਰ ਦੀਆਂ ਚਾਰ ਤੋਂ ਵੱਧ ਪ੍ਰਾਜੈਕਟਾਂ ਨੂੰ ਵਾਧੂ ਸਮਾਂ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਖੇਤਰ ਦੇ ਜਵਾਲ ਇਕ, ਜਵਾਲ ਦੋ, ਧਲਵਾੜੀ, ਅਮੋਕਲਾਂ ਪ੍ਰੀਤਮ ਤੇ ਚਿੰਤਪੁਰਨੀ ਉਠਾਊ ਪਾਣੀ ਪ੍ਰਾਜੈਕਟ ਮੇਲੇ ਦੇ ਦਿਨਾਂ ਵਿਚ 16 ਤੋਂ 18 ਘੰਟੇ ਤੱਕ ਪਾਣੀ ਦੀ ਸਪਲਾਈ ਯਕੀਨੀ ਬਣਾਵੇਗੀ। ਮੰਦਿਰ ਕੰਪਲੈਕਸ ਨੇੜਲੇ ਖੇਤਰ ਵਿਚ ਮੁਲਾਜ਼ਮ ਸਫਾਈ ਮੁਹਿੰਮ ਵਿਚ ਜੁਟ ਗਏ ਹਨ। ਲੰਗਰ ਲਾਉਣ ਵਾਲੀਆਂ ਧਾਰਮਿਕ ਸੰਸਥਾਵਾਂ ਦੀ ਅਪੀਲ ਵਾਲੇ ਪੱਤਰ ਵੀ ਮੰਦਿਰ ਦਫਤਰ ਪੁੱਜਣ ਲੱਗੇ ਹਨ। ਇਸ ਵਾਰ ਮੰਦਿਰ ਪ੍ਰਸ਼ਾਸਨ ਵੱਲੋਂ ਲੰਗਰ ਲਾਉਣ ਦੀ ਫੀਸ ਵਿਚ ਬਦਲਾਅ ਕੀਤਾ ਗਿਆ ਹੈ।

ਇਕ ਦਿਨ ਦੇ ਲੰਗਰ ਦੀ ਫ਼ੀਸ ਪੰਜ ਹਜ਼ਾਰ ਰੁਪਏ

ਮੇਲੇ ਵਿਚ ਇਕ ਦਿਨ ਲੰਗਰ ਲਾਉਣ ਲਈ ਪੰਜ ਹਜ਼ਾਰ ਰੁਪਏ ਫੀਸ ਲਈ ਜਾਵੇਗੀ ਜਦਕਿ ਸਕਿਉਰਿਟੀ ਵੀ ਪੰਜ ਹਜ਼ਾਰ ਰੁਪਏ ਹੋਵੇਗੀ। ਮੰਦਿਰ ਪ੍ਰਸ਼ਾਸਨ ਨੇ ਲੰਗਰ ਪ੍ਰਬੰਧਕਾਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਲੰਗਰ ਵਾਲੀ ਥਾਂ ਸਫਾਈ ਵਿਵਸਥਾ ਦਾ ਖਾਸ਼ ਧਿਆਨ ਰੱਖਣ ਤੇ ਡਿਸਪੋਜ਼ੇਬਲ ਸਮੱਗਰੀ ਦੀ ਵਰਤੋਂ ਨਾ ਕਰਨ। ਮੇਲੇ ਦੌਰਾਨ ਤਿੰਨ ਸੌ ਪੁਲਿਸ ਤੇ ਹੋਮ ਗਾਰਡ ਦੇ ਜਵਾਨ ਸੁਰੱਖਿਆ ਵਿਵਸਥਾ ਸੰਭਾਲਣਗੇ। ਅੰਬ ਦੇ ਐੱਸਡੀਐੱਮ ਮੇਲਾ ਅਧਿਕਾਰੀ ਤੇ ਡੀਐੱਸਪੀ ਅੰਬ ਪੁਲਿਸ ਮੇਲਾ ਅਧਿਕਾਰੀ ਹੋਣਗੇ। ਮੰਦਿਰ ਅਧਿਕਾਰੀ ਅਜੇ ਮੰਡਯਾਲ ਨੇ ਦੱਸਿਆ ਕਿ ਮੰਦਿਰ ਪ੍ਰਸ਼ਾਸਨ ਸ਼ਰਧਾਲੂਆਂ ਦੀ ਸਹੂਲਤ ਲਈ ਵਿਆਪਕ ਪੱਧਰ ’ਤੇ ਪ੍ਰਬੰਧ ਕਰ ਰਿਹਾ ਹੈ। ਦੱਸਿਆ ਕਿ ਮੇਲੇ ਦੇ ਪ੍ਰਬੰਧਾਂ ਦੀ ਲਗਾਤਾਰ ਸਮੀਖਿਆ ਕੀਤੀ ਜਾ ਰਹੀ ਹੈ।