ਨਵੀਂ ਦਿੱਲੀ, ਏਐੱਨਆਈ: ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਹਾਫਿਜ਼ ਸਈਦ ਨੂੰ ਲੈ ਕੇ ਪਾਕਿਸਤਾਨ ਨੂੰ ਸ਼ੀਸ਼ਾ ਦਿਖਾਇਆ ਹੈ। ਉਨ੍ਹਾਂ ਸ਼ਨਿਚਰਵਾਰ ਨੂੰ ਕਿਹਾ ਕਿ 26/11 ਮੁੰਬਈ ਅੱਤਵਾਦੀ ਹਮਲੇ ਦਾ ਮਾਸਟਰਮਾੲੀਂਡ ਹਾਫਿਜ਼ ਸਈਦ ਅੱਤਵਾਦੀਆਂ ਦੀ ਅੰਤਰਰਾਸ਼ਟਰੀ ਸੂਚੀ ’ਚ ਹੈ, ਇਸਦੇ ਬਾਵਜੂਦ ਪਾਕਿਸਤਾਨ ਕਦੇ ਇਸ ’ਤੇ ਕੁਝ ਨਹੀਂ ਬੋਲਿਆ।

ਮੁੰਬਈ ਦੇ ਅੱਤਵਾਦੀ ਹਮਲੇ ਦੇ ਮਾਮਲੇ ’ਚ ਲੁੜੀਂਦੇ ਹਾਫਿਜ਼ ਸਈਦ ਦੀ ਭਾਰਤ ’ਚ ਹਵਾਲਗੀ ਦੀ ਮੰਗ ਨੂੰ ਲੈ ਕੇ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ’ਚ ਕਈ ਅੱਤਵਾਦੀ ਵਾਰਦਾਤਾਂ ਦੇ ਪਿੱਛੇ ਹਾਫਿਜ਼ ਸਈਦ ਦਾ ਹੱਥ ਰਿਹਾ ਹੈ।

ਵਿਦੇਸ਼ ਰਾਜ ਮੰਤਰੀ ਨੇ ਕਿਹਾ, ਹਰ ਕੋਈ ਜਾਣਦਾ ਹੈ ਕਿ ਮੁੰਬਈ ਹਮਲਿਆਂ ਦੇ ਪਿੱਛੇ ਹਾਫਿਜ਼ ਸਈਦ ਦਾ ਹੱਥ ਸੀ। ਭਾਰਤ ’ਚ ਕਈ ਵਾਰਦਾਤਾਂ ਹੋਈਆਂ ਹਨ ਤੇ ਉਨ੍ਹਾਂ ਦੇ ਪਿੱਛੇ ਵੀ ਹਾਫਿਜ਼ ਸਈਦ ਦਾ ਹੱਥ ਸੀ। ਉਹ ਅੱਤਵਾਦੀਆਂ ਦੀ ਅੰਤਰਰਾਸ਼ਟਰੀ ਸੂਚੀ ’ਚ ਵੀ ਹੈ, ਪਰ ਇਸਦੇ ਬਾਵਜੂਦ ਪਾਕਿਸਤਾਨ ਨੇ ਵੀ ਇਸ ’ਤੇ ਪ੍ਰਤੀਕ੍ਰਿਆ ਨਹੀਂ ਦਿੱਤੀ। ਮੀਨਾਕਸ਼ੀ ਲੇਖੀ ਨੇ ਕਿਹਾ ਕਿ ਭਾਰਤ ਨੇ ਹਾਫ਼ਿਜ਼ ਸਈਦ ਦੀ ਭਾਰਤ ’ਚ ਹਵਾਲਗੀ ਕਰਨ ਲਈ ਸਹਾਇਕ ਦਸਤਾਵੇਜ਼ਾਂ ਦੇ ਨਾਲ ਪਾਕਿਸਤਾਨ ਸਰਕਾਰ ਨੂੰ ਅਪੀਲ ਭੇਜੀ ਹੈ।

ਜ਼ਿਕਰਯੋਗ ਹੈ ਕਿ ਭਾਰਤੀ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਪ੍ਰਾਸੰਗਿਕ ਦਸਤਾਵੇਜ਼ ਦੇ ਨਾਲ ਪਾਕਿਸਤਾਨ ਸਰਕਾਰ ਤੋਂ ਹਾਫਿਜ਼ ਸਈਦ ਦੀ ਹਵਾਲਗੀ ਦੀ ਮੰਗ ਕੀਤੀ ਗਈ ਹੈ। ਹਾਲਾਂਕਿ ਪਾਕਿਸਤਾਨ ਨੇ ਹਵਾਲਗੀ ਸੰਧੀ ਨਾ ਹੋਣ ਦੀ ਆੜ ’ਚ 26/11 ਮੁੰਬਈ ਦੇ ਅੱਤਵਾਦੀ ਹਮਲੇ ਦੇ ਮਾਮਲੇ ’ਚ ਲੁੜੀਂਦੇ ਹਾਫਿਜ਼ ਨੂੰ ਭਾਰਤ ਨੂੰ ਸੌਂਪਣ ਤੋਂ ਇਨਕਾਰ ਕਰਨ ਦੀ ਮਨਸ਼ਾ ਪ੍ਰਗਟਾ ਦਿੱਤੀ ਹੈ। ਹਾਫਿਜ਼ ਸਈਦ ਨੂੰ ਪਾਕਿਸਤਾਨ ਸਰਕਾਰ ਪਿਛਲੇ ਕਈ ਸਾਲਾਂ ਤੋਂ ਸੁਰੱਖਿਅਤ ਪਨਾਹ ਦੇ ਰਹੀ ਹੈ।