ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਨੂੰ ਇੱਕ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਸੁਸ਼ਾਂਤ ਦੀ ਮੌਤ ‘ਤੇ ਅੱਜ ਵੀ ਯਕੀਨ ਕਰਨਾ ਉਸ ਦੇ ਪ੍ਰਸ਼ੰਸਕਾਂ ਤੇ ਪਰਿਵਾਰ ਲਈ ਕਾਫ਼ੀ ਔਖਾ ਹੋ ਰਿਹਾ ਹੈ। ਪ੍ਰਸ਼ੰਸਕ ਅਤੇ ਕੁਝ ਬਾਲੀਵੁੱਡ ਸਿਤਾਰੇ ਲਗਾਤਾਰ ਸੁਸ਼ਾਂਤ ਖ਼ੁਦਕੁਸ਼ੀ ਮਾਮਲੇ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕਰ ਰਹੇ ਹਨ। ਹੁਣ ਤਕ ਇਸ ਕੇਸ ‘ਚ ਦੋ ਦਰਜਨ ਤੋਂ ਵੱਧ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਉੱਥੇ ਹੀ ਅਜੇ ਵੀ ਕਈ ਲੋਕਾਂ ਤੋਂ ਪੁੱਛਗਿੱਛ ਜਾਰੀ ਹੈ। ਸੁਸ਼ਾਂਤ ਦੇ ਪ੍ਰਸ਼ੰਸਕਾਂ ਨੂੰ ਹੁਣ ਉਸ ਦੀ ਆਖ਼ਰੀ ਫ਼ਿਲਮ ‘ਦਿਲ ਬੇਚਾਰਾ’ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਇਹ ਫ਼ਿਲਮ 24 ਜੁਲਾਈ ਨੂੰ ਓਟੀਟੀ ਪਲੇਟਫਾਰਮ ‘ਤੇ ਰਿਲੀਜ਼ ਹੋਵੇਗੀ। ਇਸ ਦੌਰਾਨ ਸੁਸ਼ਾਂਤ ਸਿੰਘ ਨੂੰ ਸੰਗਤੀਕ ਸ਼ਰਧਾਂਜਲੀ ਦੇਣ ਦੀ ਤਿਆਰੀ ਚੱਲ ਰਹੀ ਹੈ।
ਦੱਸ ਦੇਈਏ ਕਿ ਸੁਸ਼ਾਂਤ ਦੀ ਫ਼ਿਲਮ ‘ਦਿਲ ਬੇਚਾਰਾ’ ਦੇ ਗਾਣੇ ‘ਤਾਰੇ ਗਿਣ’ ਨੂੰ ਸ਼੍ਰੇਆ ਘੋਸ਼ਾਲ ਤੇ ਮੋਹਿਤ ਚੌਹਾਨ ਨੇ ਗਾਇਆ ਹੈ, ਜਦੋਂਕਿ ‘ਮਸਖ਼ਰੀ’ ਨੂੰ ਸੁਨਿਧੀ ਚੌਹਾਨ ਨੇ ਗਾਇਆ ਹੈ। ਹਾਲ ਹੀ ‘ਚ ਬਾਲੀਵੁੱਡ ਦੀ ਮਸ਼ਹੂਰ ਕਲਾਕਾਰ ਨੇਹਾ ਕੱਕੜ ਨੇ ਵੀ ਸੁਸ਼ਾਂਤ ਸਿੰਘ ਜੀ ਯਾਦ ‘ਚ ਉਸ ਨੂੰ ਸੰਗਤੀਕ ਸ਼ਰਧਾਂਜਲੀ ਦਿੱਤੀ ਸੀ। ਉਨ੍ਹਾਂ ਨੇ ਸੁਸ਼ਾਂਤ ਸਿੰਘ ਦੀ ਫ਼ਿਲਮ ‘ਕੇਦਾਰਨਾਥ’ ਦਾ ਗਾਣਾ ‘ਜਾਨ ਨਿਸਾਰ’ ਆਪਣੀ ਆਵਾਜ਼ ‘ਚ ਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਹੀ ਨਹੀਂ ਨੇਹਾ ਨੇ ਇਸ ਗਾਣੇ ਨੂੰ ਆਪਣੇ ਯੂਟਿਊਬ ਚੈਨਲ ‘ਤੇ ਵੀ ਸਾਂਝਾ ਕੀਤਾ ਹੈ।