ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ

ਫੂਡ ਦੀ ਡਲਿਵਰੀ ਦੇ ਕੇ ਵਾਪਸ ਆ ਰਹੇ ਜ਼ੋਮੈਟੋ ਦੇ ਡਲਿਵਰੀ ਬੁਆਏ ਤੇ ਉਸਦੇ ਦੋਸਤ ‘ਤੇ ਦਾਤ ਨਾਲ ਵਾਰ ਕਰ ਕੇ ਤਿੰਨ ਬਦਮਾਸ਼ਾਂ ਨੇ ਉਸ ਕੋਲੋਂ ਮੋਟਰਸਾਈਕਲ ਲੁੱਟ ਲਿਆ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜਗਜੀਤ ਨਗਰ ਸਰਾਭਾ ਨਗਰ ਦੇ ਰਹਿਣ ਵਾਲੇ ਰਾਜਵੀਰ ਨੇ ਦੱਸਿਆ ਕਿ ਪੜ੍ਹਾਈ ਦੇ ਨਾਲ-ਨਾਲ ਉਹ ਕੁਝ ਪੈਸੇ ਕਮਾਉਣ ਲਈ ਜ਼ੋਮੈਟੋ ਵਿਚ ਨੌਕਰੀ ਕਰ ਰਿਹਾ ਸੀ। ਰਾਤ ਵੇਲੇ ਉਹ ਫੂਡ ਦੀ ਡਲਿਵਰੀ ਦੇਣ ਗਿਆ। ਸੁਰੱਖਿਆ ਦੇ ਮੱਦੇਨਜ਼ਰ ਉਹ ਆਪਣੇ ਦੋਸਤ ਰਾਹੁਲ ਨੂੰ ਵੀ ਨਾਲ ਲੈ ਗਿਆ। ਰਾਜਵੀਰ ਨੇ ਦੱਸਿਆ ਕਿ ਉਹ ਦੋਵੇਂ ਡਲਿਵਰੀ ਦੇਣ ਤੋਂ ਬਾਅਦ ਵਾਪਸ ਆ ਰਹੇ ਸਨ। ਜਿਵੇਂ ਹੀ ਉਹ ਸਵੈਗ ਫੈਕਟਰੀ ਦੇ ਲਾਗੇ ਪਹੁੰਚੇ ਤਾਂ ਕੱਟ ‘ਤੇ ਉਨ੍ਹਾਂ ਨੂੰ ਤਿੰਨ ਨੌਜਵਾਨਾਂ ਨੇ ਰੋਕ ਲਿਆ। ਮੁਲਜ਼ਮਾਂ ਦੇ ਹੱਥ ਵਿਚ ਦਾਤ ਫੜਿਆ ਹੋਇਆ ਸੀ। ਬਦਮਾਸ਼ਾਂ ਦੇ ਮਨਸੂਬਿਆਂ ਨੂੰ ਭਾਂਪਦੇ ਹੋਏ ਦੋਵੇਂ ਨੌਜਵਾਨ ਉਨ੍ਹਾਂ ਨਾਲ ਭਿੜ ਗਏ। ਬਦਮਾਸ਼ਾਂ ‘ਚੋਂ ਇਕ ਨੇ ਦਾਤ ਕੱਿਢਆ ਅਤੇ ਉਹ ਰਾਜਵੀਰ ਤੇ ਰਾਹੁਲ ‘ਤੇ ਵਾਰ ਕਰਨ ਲੱਗ ਪਿਆ। ਇਸ ਹਮਲੇ ਦੇ ਦੌਰਾਨ ਰਾਹੁਲ ਦੇ ਮਾਮੂਲੀ ਸੱਟ ਲੱਗੀ। ਦੋਵੇਂ ਨੌਜਵਾਨ ਬੁਰੀ ਤਰ੍ਹਾਂ ਡਰ ਗਏ ਅਤੇ ਬਦਮਾਸ਼ ਉਨ੍ਹਾਂ ਦਾ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਗਏ। ਉਧਰੋਂ ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ ਛੇ ਦੇ ਏਐੱਸਆਈ ਗੁਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਰਾਜਵੀਰ ਸਿੰਘ ਦੀ ਸ਼ਿਕਾਇਤ ‘ਤੇ ਅਣਪਛਾਤੇ ਤਿੰਨ ਬਦਮਾਸ਼ਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲ ਕੇ ਬਦਮਾਸ਼ਾਂ ਨੂੰ ਤਲਾਸ਼ ਰਹੀ ਹੈ।