ਲਖਨਊ, ਏਐੱਨਆਈ : ਅਮਰੋਹਾ ਤੋਂ ਬਸਪਾ ਦੇ ਸੰਸਦ ਮੈਂਬਰ ਦਾਨਿਸ਼ ਅਲੀ ਨੂੰ ਸ਼ਨਿੱਚਰਵਾਰ ਨੂੰ ਵੱਡਾ ਝਟਕਾ ਲੱਗਿਆ ਹੈ। ਬਹੁਜਨ ਸਮਾਜ ਪਾਰਟੀ (ਬਸਪਾ) ਨੇ ਦਾਨਿਸ਼ ਅਲੀ ਨੂੰ ਪਾਰਟੀ ‘ਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ। ਬਸਪਾ ਦੇ ਉੱਤਰ ਪ੍ਰਦੇਸ਼ ਦਫ਼ਤਰ ਨੇ ਇੱਕ ਬਿਆਨ ਜਾਰੀ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਬਿਆਨ ਅਨੁਸਾਰ, ਦਾਨਿਸ਼ ਅਲੀ ਬਸਪਾ ਲੋਕ ਸਭਾ ਸੰਸਦ ਮੈਂਬਰ ਅਮਰੋਹਾ, ਉੱਤਰ ਪ੍ਰਦੇਸ਼ ਨੂੰ ਪਾਰਟੀ ਵਿਰੋਧੀ ਕਾਰਵਾਈ ਕਾਰਨ ਅੱਜ ਮਿਤੀ 9-12-2023 ਨੂੰ ਪਾਰਟੀ ਵਿੱਚੋਂ ਮੁੱਅਤਲ ਕਰ ਦਿੱਤਾ ਗਿਆ ਹੈ।

ਦੇਵਗੌੜਾ ਦੇ ਕਹਿਣ ‘ਤੇ ਮਿਲੀ ਸੀ ਟਿਕਟ

ਬਸਪਾ ਜਨਰਲ ਸਕੱਤਰ ਸਤੀਸ਼ ਮਿਸ਼ਰਾ, ਐੱਚਡੀ ਦੇਵਗੌੜਾ ਦੀ ਅਪੀਲ ‘ਤੇ ਬਸਪਾ ਨੇ ਦਾਲਿਸ਼ ਅਲੀ ਨੂੰ ਅਮਰੋਹਾ ਤੋਂ ਟਿਕਟ ਦਿੱਤੀ ਸੀ। ਇਸ ਦੌਰਾਨ ਦੇਵਗੌੜਾ ਨੇ ਭਰੋਸਾ ਦਿੱਤਾ ਸੀ ਕਿ ਟਿਕਟ ਮਿਲਣ ਤੋਂ ਬਾਅਦ ਦਾਨਿਸ਼ ਅਲੀ ਬਸਪਾ ਦੀਆਂ ਸਾਰੀਆਂ ਨੀਤੀਆਂ ਤੇ ਨਿਰਦੇਸ਼ਾਂ ਦਾ ਸਦਾ ਪਾਲਣ ਕਰੇਗਾ ਅਤੇ ਪਾਰਟੀ ਦੀ ਹਿੱਤ ਵਿੱਚ ਹੀ ਕੰਮ ਕਰੇਗਾ। ਇਸ ਭਰੋਸੇ ਨੂੰ ਦਾਨਿਸ਼ ਅਲੀ ਨੇ ਵੀ ਦੇਵਗੌੜਾ ਦੇ ਸਾਹਮਣੇ ਦੁਹਰਾਇਆ ਸੀ। ਜਿਸ ਤੋਂ ਬਾਅਦ ਦਾਨਿਸ਼ ਅਲੀ ਨੂੰ ਬਸਪਾ ਦੀ ਮੈਂਬਰਸ਼ਿਪ ਗ੍ਰਹਿਣ ਕਰਵਾਈ ਗਈ ਸੀ।

ਸਤੀਸ਼ ਮਿਸ਼ਰਾ ਅਨੁਸਾਰ, ਦਾਨਿਸ਼ ਅਲੀ ਸਾਰੇ ਭਰੋਸਿਆਂ ਨੂੰ ਭੁਲਾ ਕੇ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹਨ। ਇਸ ਤਰ੍ਹਾਂ ਪਾਰਟੀ ਦੇ ਹਿੱਤ ਵਿੱਚ ਬਸਪਾ ਦੀ ਮੈਂਬਰਸ਼ਿਪ ਤੋਂ ਦਾਨਿਸ਼ ਅਲੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ।

ਕੌਣ ਹੈ ਸਾਂਸਦ ਦਾਨਿਸ਼ ਅਲੀ?

ਅਮਰੋਹਾ ਤੋਂ ਸੰਸਦ ਮੈਂਬਰ ਦਾਨਿਸ਼ ਅਲੀ ਦਾ 10 ਅਪ੍ਰੈਲ 1975 ਨੂੰ ਜਨਮ ਹੋਇਆ। ਉਹ ਹਾਪੁੜ ਦੇ ਪੰਡਾ ਪੱਟੀ ਪਿੰਡ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਬਸਪਾ ਦੀ ਟਿਕਟ ‘ਤੇ ਚੋਣ ਲੜੀ ਸੀ ਅਤੇ ਜਿੱਤ ਕੇ ਸੰਸਦ ਪਹੁੰਚੇ। ਇਸ ਤੋਂ ਪਹਿਲਾਂ ਉਹ ਦੇਵਗੌੜਾ ਦੀ ਜਨਤਾ ਪਾਰਟੀ ਦੇ ਮੈਂਬਰ ਰਹੇ ਹਨ।