ਸਪੋਰਟਸ ਡੈਸਕ, ਨਵੀਂ ਦਿੱਲੀ : IPL 2024, Hardik Pandya: IPL 2024 ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਨਿਲਾਮੀ ਅਗਲੇ ਮਹੀਨੇ ਦੁਬਈ ‘ਚ ਹੋਵੇਗੀ। ਇਸ ਤੋਂ ਪਹਿਲਾਂ ਖਿਡਾਰੀਆਂ ਦਾ ਵਪਾਰ ਹੋ ਰਿਹਾ ਹੈ। ਗੁਜਰਾਤ ਟਾਈਟਨਜ਼ ਦੇ ਕਪਤਾਨ ਹਾਰਦਿਕ ਪਾਂਡਿਆ ਦੀ ਮੁੰਬਈ ਇੰਡੀਅਨਜ਼ ‘ਚ ਵਾਪਸੀ ਦੀ ਖਬਰ ਨਾਲ ਬਾਜ਼ਾਰ ਗਰਮ ਹੈ। ਹਾਰਦਿਕ ਨੇ ਆਪਣੀ ਕਪਤਾਨੀ ‘ਚ ਗੁਜਰਾਤ ਨੂੰ ਪਹਿਲੀ ਵਾਰ ਚੈਂਪੀਅਨ ਬਣਾਇਆ ਤੇ 2023 ਵਿੱਚ ਫਾਈਨਲ ‘ਚ ਪਹੁੰਚਿਆ। ਜੇਕਰ ਪਾਂਡਿਆ ਆਪਣੀ ਪੁਰਾਣੀ ਟੀਮ ‘ਚ ਵਾਪਸੀ ਕਰਦੇ ਹਨ ਤਾਂ ਜੀਟੀ ਨੂੰ ਨਵਾਂ ਕਪਤਾਨ ਮਿਲੇਗਾ। ਹਾਰਦਿਕ ਪਾਂਡਿਆ ਦੀ ਜਗ੍ਹਾ ਗੁਜਰਾਤ ਟਾਈਟਨਜ਼ ਦਾ ਅਗਲਾ ਕਪਤਾਨ ਕੌਣ ਹੋਵੇਗਾ? ਇਸ ਦੀ ਚਰਚਾ ਜ਼ੋਰਾਂ ‘ਤੇ ਹੈ। ਹਾਰਦਿਕ ਦੀ ਥਾਂ ਲੈਣ ਲਈ ਤਿੰਨ ਖਿਡਾਰੀਆਂ ਵਿਚਾਲੇ ਦੌੜ ਲੱਗੀ ਹੋਈ ਹੈ।
ਸ਼ੁਭਮਨ ਗਿੱਲ
ਹਾਰਦਿਕ ਪਾਂਡਿਆ ਦੇ ਮੁੰਬਈ ਇੰਡੀਅਨਜ਼ ‘ਚ ਜਾਣ ਨਾਲ ਸ਼ੁਭਮਨ ਗਿੱਲ ਗੁਜਰਾਤ ਟਾਈਟਨਜ਼ ਦੇ ਨਵੇਂ ਕਪਤਾਨ ਬਣ ਸਕਦੇ ਹਨ। ਸ਼ੁਭਮਨ ਪ੍ਰਬੰਧਕਾਂ ਦੀ ਪਹਿਲੀ ਪਸੰਦ ਹੋਣਗੇ। ਉਹ ਅਜੇ ਜਵਾਨ ਹਨ ਤੇ ਲੰਬੇ ਸਮੇਂ ਤਕ ਟੀਮ ਦੀ ਅਗਵਾਈ ਕਰ ਸਕਦੇ ਹਨ। ਗਿੱਲ ਗੁਜਰਾਤ ਟਾਈਟਨਜ਼ ਲਈ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਆਈਪੀਐਲ 2023 ਵਿੱਚ 890 ਦੌੜਾਂ ਬਣਾਈਆਂ ਸਨ।
ਰਾਸ਼ਿਦ ਖਾਨ
ਰਾਸ਼ਿਦ ਖਾਨ ਨੂੰ ਅਫਗਾਨਿਸਤਾਨ ਟੀਮ ਦੀ ਕਪਤਾਨੀ ਕਰਨ ਦਾ ਤਜਰਬਾ ਹੈ। ਗੁਜਰਾਤ ਟਾਈਟਨਜ਼ ਉਨ੍ਹਾਂ ਦੇ ਨਾਂ ‘ਤੇ ਵਿਚਾਰ ਕਰ ਸਕਦੀ ਹੈ। ਰਾਸ਼ਿਦ ਨੇ IPL ‘ਚ ਹੁਣ ਤਕ 109 ਮੈਚ ਖੇਡੇ ਹਨ ਜਿਸ ‘ਚ 6.67 ਦੀ ਇਕਾਨਮੀ ਨਾਲ 139 ਵਿਕਟਾਂ ਲਈਆਂ ਹਨ। ਆਈਪੀਐਲ 2023 ‘ਚ ਉਨ੍ਹਾਂ ਨੇ 17 ਮੈਚਾਂ ‘ਚ 27 ਵਿਕਟਾਂ ਲਈਆਂ। ਇਸ ਦੇ ਨਾਲ ਹੀ ਅਰਧ ਸੈਂਕੜਾ ਵੀ ਜੜਿਆ ਸੀ।
ਕੇਨ ਵਿਲੀਅਮਸਨ
ਗੁਜਰਾਤ ਟਾਈਟਨਜ਼ ਵੀ ਕੇਨ ਵਿਲੀਅਮਸਨ ਦੇ ਨਾਂ ‘ਤੇ ਵਿਚਾਰ ਕਰ ਸਕਦੀ ਹੈ। ਉਸ ਕੋਲ ਸਨਰਾਈਜ਼ਰਜ਼ ਹੈਦਰਾਬਾਦ ਤੇ ਨਿਊਜ਼ੀਲੈਂਡ ਦੀ ਟੀਮ ਦੀ ਕਪਤਾਨੀ ਕਰਨ ਦਾ ਤਜਰਬਾ ਹੈ। ਕੇਨ ਨੇ ਆਈਪੀਐਲ ‘ਚ ਹੁਣ ਤਕ 77 ਮੈਚ ਖੇਡੇ ਹਨ ਜਿਸ ‘ਚ 2101 ਦੌੜਾਂ ਅਤੇ 18 ਅਰਧ ਸੈਂਕੜੇ ਜੜ ਚੁੱਕੇ ਹਨ।


