Ad-Time-For-Vacation.png

ਹਾਕਮ ਜੇ ਨਾ ਸੰਭਲੇ ਤਾਂ ਕੀਮਤ ਤਾਰਨੀ ਪਵੇਗੀ?

ਭਾਰਤ ਦੇਸ ਵਿੱਚ ਅੱਜ ਅਸਹਿਣਸ਼ੀਲਤਾ ਦਾ ਜਿਹੜਾ ਵਾਤਾਵਰਣ ਪੈਦਾ ਹੋ ਰਿਹਾ ਹੈ, ਉਸ ਨੇ ਸਾਡੇ ਸੈਕੂਲਰ ਕਦਰਾਂ-ਕੀਮਤਾਂ ਵਾਲੇ ਜਮਹੂਰ ਦੀ ਸਲਾਮਤੀ ਲਈ ਭਾਰੀ ਖ਼ਤਰਾ ਪੈਦਾ ਕਰ ਦਿੱਤਾ ਹੈ। ਮੋਦੀ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਤੇ ਭਾਜਪਾ ਦੀ ਅਗਵਾਈ ਵਾਲੀਆਂ ਰਾਜ ਸਰਕਾਰਾਂ ਦੇ ਕਰਤੇ-ਧਰਤੇ ਦਾਅਵੇ ਤਾਂ ਇਹ ਕਰਦੇ ਹਨ ਕਿ ਕਨੂੰਨ ਦੇ ਰਾਜ ਦੀ ਸਥਾਪਤੀ ਨੂੰ ਯਕੀਨੀ ਬਣਾਇਆ ਜਾਵੇਗਾ, ਪਰ ਘੱਟ-ਗਿਣਤੀ ਭਾਈਚਾਰੇ ਤੇ ਵਿਰੋਧੀ ਵਿਚਾਰ ਰੱਖਣ ਵਾਲਿਆਂ ਨੂੰ ਜਿਸ ਤਰ੍ਹਾਂ ਅਤਾਬ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਹ ਘੋਰ ਚਿੰਤਾ ਪੈਦਾ ਕਰਨ ਵਾਲਾ ਹੈ। ਅਸਹਿਣਸ਼ੀਲਤਾ ਦੀਆਂ ਇੱਕ ਨਹੀਂ, ਅਨੇਕ ਦਿਲ-ਟੁੰਬਵੀਆਂ ਮਿਸਾਲਾਂ ਸਾਡੇ ਸਾਹਮਣੇ ਆ ਰਹੀਆਂ ਹਨ।

ਕੌਮੀ ਰਾਜਧਾਨੀ ਦਿੱਲੀ ਤੋਂ ਕੁਝ ਹੀ ਮੀਲਾਂ ਦੀ ਦੂਰੀ ‘ਤੇ ਦਾਦਰੀ ਨੇੜੇ ਮੁਹੰਮਦ ਅਖਲਾਕ ਨੂੰ ਗਊ ਰੱਖਿਆ ਦੇ ਨਾਂਅ ‘ਤੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਕੇਂਦਰੀ ਸ਼ਾਸਕਾਂ ਨੇ ਉਸ ਦੇ ਪਰਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਤਾਂ ਕੀ ਕਰਨਾ ਸੀ, ਉਸ ਦੇ ਕਤਲ ਵਿੱਚ ਸ਼ਾਮਲ ਇੱਕ ਦੋਸ਼ੀ ਦੀ ਜੇਲ੍ਹ ਵਿੱਚ ਮੌਤ ਹੋ ਗਈ ਤਾਂ ਉਸ ਦੇ ਵਾਰਸਾਂ ਨੂੰ ਪੰਝੀ ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕਰ ਦਿੱਤਾ ਗਿਆ। ਇਹ ਪਹਿਲਾ ਮੌਕਾ ਸੀ ਕਿ ਕਤਲ ਦੇ ਕਿਸੇ ਦੋਸ਼ੀ ਦੀ ਮੌਤ ‘ਤੇ ਏਨੀ ਵੱਡੀ ਰਕਮ ਮੁਆਵਜ਼ੇ ਵਜੋਂ ਦਿੱਤੀ ਗਈ ਹੋਵੇ।

ਇਸ ਮਗਰੋਂ ਗਊ ਰਾਖਿਆਂ ਵੱਲੋਂ ਗੁੰਡਾਗਰਦੀ ਦੀਆਂ ਵਾਰਦਾਤਾਂ ਵਿੱਚ ਕਮੀ ਆਉਣ ਦੀ ਥਾਂ ਵਾਧਾ ਹੀ ਹੁੰਦਾ ਗਿਆ। ਅਲਵਰ ਨੇੜੇ ਡੇਅਰੀ ਲਈ ਗਾਂਵਾਂ ਖ਼ਰੀਦ ਕੇ ਲਿਆ ਰਹੇ ਪੀਹਲੂ ਖ਼ਾਨ ਨੂੰ ਪੁਲਸ ਦੀ ਹਾਜ਼ਰੀ ਵਿੱਚ ਕੁੱਟ-ਕੁੱਟ ਕੇ ਮੌਤ ਦੇ ਮੂੰਹ ਵਿੱਚ ਧੱਕ ਦਿੱਤਾ ਗਿਆ। ਇਸ ਕੋਝੇ ਵਰਤਾਰੇ ਦਾ ਵੀਡੀਓ ਨਸ਼ਰ ਹੋਣ ‘ਤੇ ਵੀ ਰਾਜ ਦੇ ਗ੍ਰਹਿ ਮੰਤਰੀ ਗੁਲਾਬ ਚੰਦ ਕਟਾਰੀਆ ਨੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦਾ ਭਰੋਸਾ ਦੇਣ ਦੀ ਥਾਂ ਮਕਤੂਲ ਨੂੰ ਹੀ ਕਟਹਿਰੇ ਵਿੱਚ ਖੜੇ ਕਰਨ ਦਾ ਉਪਰਾਲਾ ਕੀਤਾ। ਇੰਜ ਕਰ ਕੇ ਉਸ ਨੇ ਆਪਣੀ ਫ਼ਿਰਕੂ ਮਾਨਸਿਕਤਾ ਨੂੰ ਹੀ ਉਜਾਗਰ ਕੀਤਾ।

ਹਾਲੇ ਇਹ ਮਾਮਲੇ ਚਰਚਾ ਵਿੱਚ ਹੀ ਸਨ ਕਿ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਸ਼ਾਸਨ ਵਿੱਚ ਇੱਕ ਨਵਾਂ ਕਾਂਡ ਵਾਪਰ ਗਿਆ। ਰਾਜ ਦੇ ਨਵੇਂ ਬਣੇ ਜ਼ਿਲ੍ਹੇ ਪ੍ਰਤਾਪਗੜ੍ਹ ਵਿੱਚ ਸਵੱਛ ਭਾਰਤ ਨਾਂਅ ਦੀ ਮੁਹਿੰਮ ਦੇ ਨਾਂਅ ‘ਤੇ ਇੱਕ ਸਮਾਜ ਸੇਵੀ ਕਾਰਕੁਨ ਜ਼ਫ਼ਰ ਖ਼ਾਨ ਨੂੰ ਮਿਊਂਸਪਲ ਕਾਰਪੋਰੇਸ਼ਨ ਦੇ ਅਹਿਲਕਾਰਾਂ ਨੇ ਇਸ ਲਈ ਕੁੱਟ-ਕੁੱਟ ਕੇ ਮੌਤ ਦੇ ਘਾਟ ਪੁਚਾ ਦਿੱਤਾ।ਜ਼ਫ਼ਰ ਖ਼ਾਨ ਨੇ ਨਵੀਂ ਬਸਤੀ ਦੇ ਵਸਨੀਕਾਂ ਦੇ ਘਰਾਂ ਵਿੱਚ ਲੈਟਰੀਨਾਂ ਦੇ ਨਿਰਮਾਣ ਲਈ ਇੱਕ ਨਹੀਂ, ਅਨੇਕ ਵਾਰ ਜ਼ਿਲ੍ਹਾ ਅਧਿਕਾਰੀਆਂ ਨੂੰ ਲਿਖਤੀ ਤੇ ਜ਼ਬਾਨੀ ਬੇਨਤੀਆਂ ਕੀਤੀਆਂ ਸਨ, ਪਰ ਕੋਈ ਸੁਣਵਾਈ ਨਹੀਂ ਸੀ ਹੋਈ। ਉਸ ਨੂੰ ਇਸ ਦੀ ਕੀਮਤ ਜਾਨ ਦੇ ਕੇ ਚੁਕਾਉਣੀ ਪਈ। ਰਾਜ ਸਰਕਾਰ ਜ਼ਫ਼ਰ ਖ਼ਾਨ ਦੇ ਕਾਤਲਾਂ ਵਿਰੁੱਧ ਕਾਰਵਾਈ ਕਰਨ ਲਈ ਓਦੋਂ ਹੀ ਹਰਕਤ ਵਿੱਚ ਆਈ, ਜਦੋਂ ਚਾਰੇ ਪਾਸਿਓਂ ਇਸ ਘਿਨਾਉਣੇ ਕਾਰੇ ਦੀ ਨਿਖੇਧੀ ਹੋਈ। ਇਹ ਸਭ ਕੁਝ ਸਵੱਛ ਭਾਰਤ ਮੁਹਿੰਮ ਦੇ ਨਾਂਅ ‘ਤੇ ਕੀਤਾ ਗਿਆ।

ਮੁਸਲਿਮ ਭਾਈਚਾਰੇ ਦੇ ਸਭ ਤੋਂ ਪਵਿੱਤਰ ਤਿਉਹਾਰ ਈਦ ਦਾ ਮੌਕਾ ਆਉਣ ਤੋਂ ਪਹਿਲਾਂ ਦਿੱਲੀ ਤੋਂ ਖ਼ਰੀਦਦਾਰੀ ਕਰ ਕੇ ਟਰੇਨ ਰਾਹੀਂ ਬਲਬਗੜ੍ਹ ਵਾਪਸ ਆ ਰਹੇ ਚਾਰ ਮੁਸਲਿਮ ਨੌਜੁਆਨਾਂ ਨੂੰ ਫ਼ਿਰਕੂ ਜਨੂੰਨੀਆਂ ਨੇ ਕੁੱਟ-ਕੁੱਟ ਕੇ ਲਹੂ-ਲੁਹਾਣ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਵਿੱਚੋਂ ਇੱਕ ਜੁਨੈਦ ਨਾਂਅ ਦੇ ਨੌਜਵਾਨ ਦੀ ਮੌਤ ਹੋ ਗਈ ਤੇ ਤਿੰਨ ਹਸਪਤਾਲ ਵਿੱਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਹਨ। ਬੇਸ਼ਰਮੀ ਦੀ ਹੱਦ ਵੇਖੋ; ਰੇਲਵੇ ਪੁਲਸ ਦੇ ਐੱਸ ਐੱਚ ਓ ਨੇ ਇਸ ਨੂੰ ਇੱਕ ਸਧਾਰਨ ਘਟਨਾ ਕਰਾਰ ਦੇ ਕੇ ਆਇਆ-ਗਿਆ ਕਰਨ ਦਾ ਜਤਨ ਕੀਤਾ। ਜਦੋਂ ਮੀਡੀਆ ਵਾਲਿਆਂ ਨੇ ਇਸ ਬਾਰੇ ਕੇਂਦਰੀ ਕਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਤੋਂ ਸੁਆਲ ਪੁੱਛਿਆ ਤਾਂ ਉਨ੍ਹਾ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਕਨੂੰਨ ਆਪਣਾ ਕੰਮ ਕਰ ਰਿਹਾ ਹੈ ਤੇ ਦੋਸ਼ੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਕਨੂੰਨ ਮੰਤਰੀ ਨੇ ਇਸ ਦੋਸ਼ ਨੂੰ ਨਕਾਰ ਦਿੱਤਾ ਕਿ ਇਹ ਵਰਤਾਰਾ ਸੰਘ ਤੇ ਭਾਜਪਾ ਵੱਲੋਂ ਘੱਟ-ਗਿਣਤੀ ਭਾਈਚਾਰੇ ਵਿਰੁੱਧ ਕੀਤੇ ਕੂੜ-ਪ੍ਰਚਾਰ ਦਾ ਸਿੱਟਾ ਹੈ।

ਏਸੇ ਦੌਰਾਨ ਧਰਤੀ ‘ਤੇ ਸਵਰਗ ਕਹੇ ਜਾਂਦੇ ਕਸ਼ਮੀਰ ਵਾਦੀ ਦੇ ਮੁੱਖ ਸ਼ਹਿਰ ਸ੍ਰੀਨਗਰ ਤੋਂ ਇਹ ਦਰਦਨਾਕ ਖ਼ਬਰ ਆਈ ਕਿ ਈਦ ਦੀ ਨਮਾਜ਼ ਤੋਂ ਬਾਅਦ ਜਾਮਾ ਮਸਜਿਦ ਦੇ ਬਾਹਰ ਮੀਰਵਾਜ਼ ਦੀ ਸੁਰੱਖਿਆ ਲਈ ਤਾਇਨਾਤ ਡੀ ਐੱਸ ਪੀ ਨੂੰ ਪਾਕਿਸਤਾਨ ਦੇ ਹੱਕ ਵਿੱਚ ਨਾਹਰੇ ਲਾਉਣ ਵਾਲੇ ਜਨੂੰਨੀਆਂ ਨੇ ਕੋਹ-ਕੋਹ ਕੇ ਮੌਤ ਦੇ ਘਾਟ ਪੁਚਾ ਦਿੱਤਾ। ਇਹ ਸਾਰੀਆਂ ਘਟਨਾਵਾਂ ਇਹੋ ਦਰਸਾਉਂਦੀਆਂ ਹਨ ਕਿ ਫ਼ਿਰਕੂ ਪਹੁੰਚ ਰੱਖਣ ਵਾਲੇ ਸਿਆਸਤਦਾਨਾਂ ਨੇ ਸੱਤਾ ਦੀ ਪ੍ਰਾਪਤੀ ਲਈ ਜਿਸ ਨਫ਼ਰਤ ਵਾਲੀ ਜਨੂੰਨੀ ਮਾਨਸਿਕਤਾ ਨੂੰ ਉਭਾਰਿਆ ਹੈ, ਉਹ ਦੇਸ ਤੇ ਸਮਾਜ ਲਈ ਹੀ ਨਹੀਂ, ਸਾਡੇ ਜਮਹੂਰ ਦੀ ਸਲਾਮਤੀ ਤੇ ਸੈਕੂਲਰ ਕਦਰਾਂ-ਕੀਮਤਾਂ ਲਈ ਵੀ ਭਾਰੀ ਖ਼ਤਰਾ ਬਣਦੀ ਜਾ ਰਹੀ ਹੈ। ਜੇ ਹੁਣ ਵੀ ਸੱਤਾ ਦੇ ਸੁਆਮੀਆਂ ਨੇ ਆਪਣਾ ਫ਼ਰਜ਼ ਨਾ ਪਛਾਣਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੀ ਕੀਮਤ ਤਾਰਨੀ ਪਵੇਗੀ।-ਨਵਾ ਜ਼ਮਾਨਾ

Share:

Facebook
Twitter
Pinterest
LinkedIn
matrimonail-ads
On Key

Related Posts

gurnaaz-new flyer feb 23
Ektuhi Gurbani App
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.