ਦਲਵਿੰਦਰ ਸਿੰਘ ਰਛੀਨ, ਰਾਏਕੋਟ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲੁਧਿਆਣਾ ਦੇ ਪਿੰਡ ਜਰਖੜ ‘ਚ ਕਰਵਾਈਆਂ ਗਈਆਂ ਸੂਬਾ ਪੱਧਰ ਦੀਆਂ ਖੇਡਾਂ ‘ਚ ਸੱਤਿਆ ਭਾਰਤੀ ਸਕੂਲ ਪਿੰਡ ਜਲਾਲਦੀਵਾਲ ਦੀਆਂ ਤਿੰਨ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਪੁੱਜਣ ‘ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਜਾਣਕਾਰੀ ਦਿੰਦਿਆ ਮੁੱਖ ਅਧਿਆਪਕਾ ਰੁਪਿੰਦਰ ਕੌਰ ਨੇ ਦੱਸਿਆ ਸੱਤਿਆ ਭਾਰਤੀ ਸਕੂਲ ਜਲਾਲਦੀਵਾਲ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ‘ਚ ਵੀ ਮੱਲਾਂ ਮਾਰਦੇ ਹਨ, ਜਿਸ ਤਹਿਤ ਇਨ੍ਹਾਂ ਸੂਬਾ ਪੱਧਰੀ ਖੇਡਾਂ ‘ਚ ਸਕੂਲੀ ਵਿਦਿਆਰਥਣਾਂ ਨੇ ਹਾਕੀ ‘ਚ ਭਾਗ ਲਿਆ।

ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਇਨ੍ਹਾਂ ਮੁਕਾਬਲਿਆਂ ‘ਚ ਜਿੱਤ ਹਾਸਲ ਕੀਤੀ। ਇਸ ਦੌਰਾਨ ਵਿਦਿਆਰਥਣਾਂ ਪਲਕਪ੍ਰਰੀਤ ਕੌਰ, ਨਵਜੋਤ ਕੌਰ ਤੇ ਕੌਸ਼ਲਿਆ ਕੁਮਾਰੀ ਨੇ ਹਾਕੀ ਟੀਮ ਅੰਡਰ-11 ਤੇ 6 ਵਰਗ ‘ਚ ਲੁਧਿਆਣਾ ਵੱਲੋਂ ਫਾਈਨਲ ‘ਚ ਦੂਸਰਾ ਸਥਾਨ ਹਾਸਲ ਕੀਤਾ ਹੈ ਤੇ ਸਕੂਲ ਦਾ ਮਾਣ ਵਧਿਆ ਹੈ। ਉਨ੍ਹਾਂ ਕਿਹਾ ਖੇਡਾਂ ਵਿਦਿਆਰਥੀ ਜੀਵਨ ਦਾ ਅਨਮੋਲ ਅੰਗ ਹਨ। ਖੇਡਾਂ ਨਾਲ ਵਿਦਿਆਰਥੀਆਂ ‘ਚ ਸ਼ਿਸ਼ਟਾਚਾਰ, ਆਤਮਵਿਸ਼ਵਾਸ ਤੇ ਮਿਲ-ਜੁਲ ਕੇ ਰਹਿਣ ਦੀ ਭਾਵਨਾ ਵੀ ਵਿਕਸਤ ਹੁੰਦੀ ਹੈ। ਕੋਚ ਬਲਜੀਤ ਕੌਰ ਤੇ ਜਗਦੇਵ ਸਿੰਘ ਨੂੰ ਵਧਾਈ ਦਿੱਤੀ। ਇਸ ਮੌਕੇ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।