ਜਾਗਰਣ ਬਿਊਰੋ, ਨਵੀਂ ਦਿੱਲੀ: ਕਰਮਚਾਰੀ ਰਾਜ ਬੀਮਾ ਨਿਗਰਮ (ESIC) ਦੇ ਬੀਮੇ ਵਾਲੇ ਮੁਲਾਜ਼ਮਾਂ ਲਈ ਕਈ ਨਵੀਆਂ ਸਹੂਲਤਾਂ ਸ਼ੁਰੂ ਕਰ ਚੁੱਕੀ ਕੇਂਦਰ ਸਰਕਾਰ ਹੁਣ ਨਵੇਂ ਕਦਮ ਚੁੱਕਣ ਜਾ ਰਹੀ ਹੈ। ਕਿਰਤ ਤੇ ਰੁਜ਼ਗਾਰ ਮੰਤਰਾਲੇ ਵਿਚਾਰ ਕਰ ਰਿਹਾ ਹੈ ਕਿ ਰਿਟਾਇਰਡ ਮੁਲਾਜ਼ਮਾਂ ਨੂੰ ਵੀ ਈਐੱਸਆਈਸੀ ਦੇ ਹਸਪਤਾਲਾਂ ’ਚ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾਵੇ। ਇਸ ਦੇ ਨਾਲ ਹੀ ਕੈਂਸਰ ਦੇ ਇਲਾਜ ਦੀ ਸਹੂਲਤ ਦੇਣ ਵਾਲੇ ਹਸਪਤਾਲਾਂ ਦੀ ਗਿਣਤੀ ਵਧਾਉਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ।

ਕਰਮਚਾਰੀ ਰਾਜ ਬੀਮਾ ਨਿਗਮ ਸਮਾਜਿਕ ਸੁਰੱਖਿਆ ਦੇਣ ਵਾਲੇ ਸਭ ਤੋਂ ਵੱਡੇ ਸੰਗਠਨਾਂ ’ਚੋਂ ਇਕ ਹੈ। ਹਾਲੇ ਨਿਗਮ ਦੇ ਸਾਰੇ ਦੇਸ਼ ’ਚ 161 ਹਸਪਤਾਲ ਤੇ 1,574 ਡਿਸਪੈਂਸਰੀਆਂ ਹਨ। ਇਨ੍ਹਾਂ ਨਾਲ 643 ਜ਼ਿਲ੍ਹਿਆਂ ਦੇ ਮੁਲਾਜ਼ਮਾਂ ਨੂੰ ਲਾਭ ਦਿੱਤਾ ਜਾ ਰਿਹਾ ਹੈ। ਨਿਗਮ ਦੀ ਯੋਜਨਾ ’ਚ ਬੀਮੇ ਵਾਲੇ ਮੁਲਾਜ਼ਮਾਂ ਦੀ ਗਿਣਤੀ 3.42 ਕਰੋੜ ਹੈ, ਜਦਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਾਮਲ ਕਰਨ ’ਤੇ ਇਹ ਅੰਕੜਾ 13.3 ਕਰੋੜ ਤਕ ਪਹੁੰਚ ਜਾਂਦਾ ਹੈ। ਕਿਰਤ ਤੇ ਰੁਜ਼ਗਾਰ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਮੁਤਾਬਕ, ਸਰਕਾਰ ਵਿਚਾਰ ਕਰ ਰਹੀ ਹੈ ਕਿ ਮਹਿੰਗੇ ਇਲਾਜ ਦੇ ਬੋਝ ਤੋਂ ਰਾਹਤ ਦਿਵਾਉਣ ਲਈ ਈਐੱਸਆਈਸੀ ਹਸਪਤਾਲਾਂ ’ਚ ਇਲਾਜ ਦੀ ਸਹੂਲਤ ਰਿਟਾਇਰ ਹੋ ਚੁੱਕੇ ਮੁਲਾਜ਼ਮਾਂ ਨੂੰ ਵੀ ਦਿੱਤੀ ਜਾਵੇ।

ਮੰਤਰਾਲੇ ਦਾ ਦਾਅਵਾ ਹੈ ਕਿ ਸਰਕਾਰ ਨੇ ਮੁਲਾਜ਼ਮਾਂ ਦੇ ਹਿੱਤ ’ਚ ਕਈ ਮਹੱਤਵਪੂਰਣ ਕਦਮ ਚੁੱਕੇ ਹਨ। ਇਨ੍ਹਾਂ ’ਚ ਮਹੱਤਵਪੂਰਣ ਇਹ ਵੀ ਹੈ ਕਿ ਕੈਂਸਰ ਵਰਗੀ ਖ਼ਤਰਨਾਕ ਬਿਮਾਰੀ ਦਾ ਇਲਾਜ ਵੀ ਈਐੱਸਆਈਸੀ ਦੇ ਹਸਪਤਾਲਾਂ ’ਚ ਸ਼ੁਰੂ ਕੀਤਾ ਗਿਆ ਹੈ। ਇਸ ਸਮੇਂ 38 ਹਸਪਤਾਲਾਂ ’ਚ ਕੀਮੋਥੇਰੈਪੀ ਦੀ ਵਿਵਸਥਾ ਸ਼ੁਰੂ ਕੀਤੀ ਗਈ ਹੈ। ਛੇਤੀ ਹੀ ਸਰਕਾਰ ਇਹ ਇਲਾਜ ਦੇਣ ਵਾਲੇ ਹਸਪਤਾਲਾਂ ਦੀ ਗਿਣਤੀ ਵੀ ਵਧਾਉਣ ਜਾ ਰਹੀ ਹੈ।