ਤਜਿੰਦਰ ਸਿੰਘ, ਅਟਾਰੀ : ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਭਾਰਤ ਤੋਂ ਜਥੇ ਨਾਲ ਪਾਕਿਸਤਾਨ ਗਏ ਇੱਕ ਸਿੱਖ ਸ਼ਰਧਾਲੂ ਪ੍ਰੀਤਮ ਸਿੰਘ ਦੀ ਲਾਹੌਰ ਵਿਖੇ ਅਚਨਚੇਤ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਉਪਰੰਤ ਉਨ੍ਹਾਂ ਦੀ ਮ੍ਰਿਤਕ ਦੇਹ ਲਾਹੌਰ ਤੋਂ ਵਾਹਘਾ-ਅਟਾਰੀ ਸਰਹੱਦ ਰਸਤੇ ਵਤਨ ਪਰਤੀ। ਪਾਕਿਸਤਾਨ ਰੇਂਜਰਸ ਅਧਿਕਾਰੀਆਂ ਵੱਲੋਂ ਸਿੱਖ ਸ਼ਰਧਾਲੂ ਦੀ ਮ੍ਰਿਤਕ ਦੇਹ ਨੂੰ ਸੀਮਾ ਸੁਰੱਖਿਆ ਬਲ ਅਧਿਕਾਰੀਆਂ ਹਵਾਲੇ ਕੀਤਾ ਗਿਆ ਉਪਰੰਤ ਸਰਹੱਦ ਵਿਖੇ ਤਾਇਨਾਤ ਇੰਮੀਗੇ੍ਰਸ਼ਨ ਤੇ ਕਸਟਮ ਵਿਭਾਗ ਦੀ ਜਾਂਚ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਪਾਕਿ ਤੋਂ ਨਾਲ ਆਏ ਉਨ੍ਹਾਂ ਦੇ ਰਿਸ਼ਤੇਦਾਰ ਮ੍ਰਿਤਕ ਪ੍ਰੀਤਮ ਸਿੰਘ ਦੀ ਮ੍ਰਿਤਕ ਦੇਹ ਨੂੰ ਲੈ ਕੇ ਅਟਾਰੀ ਤੋਂ ਰਵਾਨਾ ਹੋ ਗਏ।
ਇਸ ਮੌਕੇ ਭਾਰਤੀ ਸਿੱਖ ਸ਼ਰਧਾਲੂ ਦੀ ਮ੍ਰਿਤਕ ਦੇਹ ਨੂੰ ਪਾਕਿ ਤੋਂ ਲੈ ਕੇ ਆਏ ਉਸ ਦੇ ਰਿਸ਼ਤੇਦਾਰ ਸੁਖਪਾਲ ਸਿੰਘ ਅਤੇ ਮੇਵਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਪ੍ਰੀਤਮ ਸਿੰਘ (60) ਹਰਿਆਣਾ ਦੇ ਜ਼ਿਲ੍ਹਾ ਕੁਰੂਕਸ਼ੇਤਰ ਦੇ ਪਿੰਡ ਕਿਹੜਾ ਨੈਸੀ ਦਾ ਵਸਨੀਕ ਸੀ ਜੋ 25 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਭਾਰਤੀ ਸਿੱਖ ਜਥੇ ਨਾਲ ਪਾਕਿਸਤਾਨ ਗਿਆ ਸੀ। ਉਨ੍ਹਾਂ ਦੱਸਿਆ ਕਿ 2 ਦਸੰਬਰ ਦੀ ਸ਼ਾਮ ਨੂੰ ਜਿਵੇਂ ਹੀ ਜੱਥਾ ਗੁਰਦੁਆਰਾ ਰੋੜੀ ਸਾਹਿਬ ਦੇ ਦਰਸ਼ਨ ਕਰਕੇ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਪੁੱਜਾ ਤਾਂ ਉੱਥੇ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਤੇ ਤਬੀਅਤ ਵਿਗੜ ਗਈ ਤੇ ਉਹ ਅਕਾਲ ਚਲਾਣਾ ਕਰ ਗਏ ਸਨ। ਜਿਸ ਤੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਲੈ ਕੇ ਵਾਪਸ ਵਤਨ ਪਰਤੇ ਹਨ।


