ਸਰਵਣ ਸਿੰਘ ਭੰਗਲਾਂ, ਸਮਰਾਲਾ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਪ੍ਰਰੀਤ ਸਿੰਘ ਗੜੀ ਦੀ ਅਗਵਾਈ ‘ਚ ਸਮੁੱਚੇ ਅਹੁਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ ਬਲਾਕ ਸਮਰਾਲਾ ਤੇ ਬਲਾਕ ਮਾਛੀਵਾੜਾ ਦੇ ਗੰਨਾ ਕਾਸ਼ਤਕਾਰਾਂ ਨਾਲ ਸੱਦੀ ਗਈ। ਹਰਪ੍ਰਰੀਤ ਸਿੰਘ ਗੜੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਗੰਨੇ ਦੀ ਕੀਮਤ ‘ਚ 11 ਰੁਪਏ ਪ੍ਰਤੀ ਕੁਇੰਟਲ ਦਾ ਨਿਗੂਣਾ ਵਾਧਾ ਕਰ ਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ ਜਿਸ ਦਾ ਜਥੇਬੰਦੀ ਵੱਲੋਂ ਵਿਰੋਧ ਕੀਤਾ ਜਾਵੇਗਾ।

ਆਗੂਆਂ ਨੇ ਮੁਕੇਰੀਆਂ ਵਿਖੇ ਧਰਨੇ ‘ਤੇ ਬੈਠੇ ਕਿਸਾਨਾਂ ‘ਤੇ ਕੀਤੀ ਕਾਰਵਾਈ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਤੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ। ਇਸ ਮੌਕੇ ਜ਼ਿਲ੍ਹਾ ਸਕੱਤਰ ਨਮਰੋਜ ਸਿੰਘ ਰੋਜ਼ੀ ਉਟਾਲਾਂ, ਬਲਾਕ ਪ੍ਰਧਾਨ ਸਮਰਾਲਾ ਉਜਾਗਰ ਸਿੰਘ ਚਹਿਲਾਂ, ਬਲਾਕ ਪ੍ਰਧਾਨ ਮਾਛੀਵਾੜਾ ਮੋਹਣ ਸਿੰਘ ਬਾਲਿਓਂ, ਬਲਵਿੰਦਰ ਸਿੰਘ ਮੁਸ਼ਕਾਬਾਦ ਤੇ ਜ਼ਿਲ੍ਹਾ ਸਕੱਤਰ ਮਨਪ੍ਰਰੀਤ ਸਿੰਘ ਘੁਲਾਲ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਗੰਨਾ ਕਾਸ਼ਤਕਾਰ ਕਿਸਾਨ ਵੀ ਹਾਜ਼ਰ ਸਨ।