Ad-Time-For-Vacation.png

ਸਿੱਖੀ ਬਾਰੇ ਕੂੜ ਪ੍ਰਚਾਰ ਕਰਨ ਵਾਲਿਆਂ ਵਿਰੁੱਧ ਲਾਮਬੰਦ ਹੋਣ ਦੀ ਲੋੜ

ਗੁਰੂ ਸਾਹਿਬਾਨ ਦੇ ਥਾਪੇ ਸਿੱਖ ਪੰਥ ਦੀ ਮਹਿਮਾ , ਖਾਲਸਾਈ ਵਡਿਆਈ ਨੂੰ ਸਮਝ ਪਾਉਣਾ ਸੌਖਾ ਨਹੀਂ। ਇਸ ਲਈ ਉੱਤਮ ਦਰਜੇ ਦੀ ਬੁੱਧੀ ਤੇ ਸੰਵੇਦਨਸ਼ੀਲਤਾ ਦੀ ਲੋੜ ਹੈ । ਗੁਣਹੀਣ ਜਦੋਂ ਸਿੱਖੀ ਤੇ ਸਿੱਖ ਨੂੰ ਜਾਣਨ ਦਾ ਯਤਨ ਕਰਦੇ ਹਨ ਤਾਂ ਸਿਰੇ ਤੋਂ ਨਾਕਾਮਯਾਬ ਰਹਿੰਦੇ ਹਨ ਤੇ ਆਪਾ ਹੀ ਪ੍ਰਗਟ ਕਰਦੇ ਹਨ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਇਲਾਹੀ ਵਚਨਾਂ ਰਾਹੀਂ ਇਸ ਮਨੁੱਖੀ ਵ੍ਰਿੱਤੀ ਨੂੰ ਸਮਝਿਆ ਜਾ ਸਕਦਾ ਹੈ। ਗੁਰੂ ਸਾਹਿਬ ਨੇ ਕਿਹਾ ਨਾਨਕ ਅੰਧਾ ਹੋਇ ਕੈ ਰਤਨਾ ਪਰਖਣ ਜਾਇ ਰਤਨਾ ਸਾਰ ਨ ਜਾਣਈ ਆਵੈ ਆਪੁ ਲਖਾਇ£ ਸਿੱਖ ਧਰਮ ਦੁਨੀਆਂ ਦਾ ਸਭ ਤੋਂ ਆਧੁਨਿਕ ਧਰਮ ਹੈ। ਘੱਟ ਗਿਣਤੀ ਹੋਣ ਦੇ ਬਾਵਜੂਦ ਇਸ ਦਾ ਨਾਮੋ-ਨਿਸ਼ਾਨ ਮਿਟਾਉਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ, ਇਸ ਦਾ ਇਤਿਹਾਸ ਵਿਗਾੜਨ ਦੀਆਂ ਸਾਜ਼ਿਸ਼ਾਂ ਰਚੀਆਂ ਗਈਆਂ ਤੇ ਇਸ ਦੀ ਅਸਲ ਸ੍ਰੇਸ਼ਟਤਾ ਨੂੰ ਦਰਕਿਨਾਰ ਕਰ ਖੁਸ਼ ਹੋਣ ਦੀ ਲਾਲਸਾ ਅਜੇ ਵੀ ਜ਼ਿੰਦਾ ਹੈ।

ਗੁਰੂ ਤੇ ਸਿੱਖ ਦਾ ਅਨਿੰਨ , ਅਭਿੰਨ ਰਿਸ਼ਤਾ ਹੈ। ਗੁਰੂ ਤੋਂ ਸਿੱਖ ਨੂੰ ਜਾਂ ਸਿੱਖ ਨੂੰ ਗੁਰੂ ਤੋਂ ਵੱਖ ਕਰ ਕੇ ਨਹੀਂ ਵੇਖਿਆ ਜਾ ਸਕਦਾ। ਦੁਨੀਆ ਦੇ ਹੋਰ ਧਰਮਾਂ ਤੋਂ ਅਲੱਗ, ਸਿੱਖ ਕੌਮ ਦੀ ਇਹ ਵੱਡੀ ਵਿਸ਼ੇਸ਼ਤਾ ਹੈ ਜਿੱਥੇ ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ ਦੀ ਧੁੰਨ ਗੂੰਜਦੀ ਹੈ, ਗੁਰੂ ਆਪ ਸਿੱਖਾਂ ਕੋਲੋਂ ਯਾਚਨਾ ਕਰ ਖੰਡੇ ਬਾਟੇ ਦੀ ਪਾਹੁਲ ਛੱਕਦਾ ਹੈ ਤੇ ਹੁਕਮ ਲੈਂਦਾ ਹੈ। ਪੂਰਾ ਖਾਲਸਾ ਪੰਥ ਬਾਕਾਇਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਰੂਪ ਹੈ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਹ ਮਹਿ ਹਊਂ ਕਰਹੁੰ ਨਿਵਾਸ£ ਗੁਰੂ ਸਾਹਿਬ ਨੇ ਤਾਂ ਆਪਣੇ ਸਾਜੇ, ਨਿਵਾਜੇ ਹੋਏ ਸਿੱਖ ਪ੍ਰਤੀ ਬੇਅੰਤ ਪਿਆਰ ਦਰਸਾਉਂਦੀਆਂ ਖਾਲਸਾ ਮੇਰੋ ਪਿੰਡ ਪ੍ਰਾਨ, ਖਾਲਸਾ ਮੇਰੀ ਜਾਨ ਕੀ ਜਾਨ ਕਹਿ ਸਨਮਾਨ ਦੇ ਸਿਖਰ ਤੇ ਪੁਜਾ ਦਿੱਤਾ। ਇਹ ਪਿਆਰ ਭਰਿਆ ਰਿਸ਼ਤਾ ਗੁਰੂ ਨਾਨਕ ਸਾਹਿਬ ਨੇ ਕਾਇਮ ਕੀਤਾ ਸੀ ਜਉ ਤਉ ਪ੍ਰੇਮ ਖੇਲਣ ਕਾ ਚਾਉ, ਸਿਰੁ ਧਰਿ ਤਲੀ ਗਲੀ ਮੇਰੀ ਆਉ£ ਸੰਸਾਰ ਅੰਦਰ ਕੋਈ ਸਿਰਫਿਰਾ ਹੀ ਹੋਵੇਗਾ ਜੋ ਗੁਰੂ ਸਾਹਿਬਾਨ ਦੀ ਮਹਾਨਤਾ ਤੋਂ ਇਨਕਾਰ ਕਰ ਸਕੇ ਪਰ ਸਿੱਖੀ ਅਤੇ ਸਿੱਖ ਦੀ ਸ਼ਾਨ ਨੂੰ ਠੇਸ ਪਹੁੰਚਾਉਣ ਵਾਲਿਆਂ ਨਾਨਕ ਅੰਧਾ ਹੋਇ ਕੈ ਰਤਨਾ ਪਰਖਣ ਜਾਇ ਦੀ ਘਾਟ ਨਹੀਂ।

ਸਿੱਖ ਤੇ ਸਿੱਖੀ ਬਾਰੇ ਅੰਧੇ ਜੌਹਰੀ ਚੁਟਕੁਲਿਆਂ ਰਾਹੀਂ, ਗੱਪਾਂ ਘੜ੍ਹ ਕੇ, ਫਰਜ਼ੀ ਚਰਿਤਰ ਤਿਆਰ ਕਰ ਬੜੇ ਲੰਬੇ ਅਰਸੇ ਤੋਂ ਬੇਰੋਕ ਟੋਕ ਖੁਸ਼ ਹੁੰਦੇ ਆ ਰਹੇ ਸਨ। ਕੁੱਝ ਸਮੇਂ ਤੋਂ ਪੰਥ ਅੰਦਰ ਇਸ ਬਾਰੇ ਥੋੜ੍ਹੀ ਚੇਤਨਾ ਆਈ ਹੈ ਤੇ ਅਜਿਹੀਆਂ ਕੋਝੀਆਂ ਹਰਕਤਾਂ ਦਾ ਵਿਰੋਧ ਸ਼ੁਰੂ ਹੋਇਆ ਹੈ ਪਰ ਗੱਲ ਅਜੇ ਵੀ ਨਹੀਂ ਬਣ ਰਹੀ ਕਿਉਂਕਿ ਕੋਈ ਠੋਸ ਤੇ ਇਕਜੁੱਟ ਕਦਮ ਨਹੀਂ ਚੁੱਕੇ ਜਾ ਰਹੇ। ਬਿਨਾਂ ਕੋਈ ਨੀਤੀ ਤੇ ਤੰਤਰ ਤਿਆਰ ਕੀਤੀਆਂ ਸਿੱਖੀ ਸ਼ਾਨ ‘ਤੇ ਹੋ ਰਹੇ ਹਮਲਿਆਂ ਨੂੰ ਠੱਲ੍ਹ ਨਹੀਂ ਪਾਈ ਜਾ ਸਕਦੀ। ਕਦੇ ਕਿਸੇ ਫਿਲਮ ਬਾਰੇ, ਕਦੇ ਕਿਸੇ ਕਿਤਾਬ ਬਾਰੇ, ਕਦੇ ਕਿਸੇ ਸਮਾਚਾਰ ਬਾਰੇ ਸਵਾਲ ਚੁੱਕ ਕੇ ਇਸ ਸਿੱਖ ਵਿਰੋਧੀ ਮਾਨਸਿਕਤਾ ਨੂੰ ਤੋੜਨਾ ਮੁਸ਼ਕਿਲ ਲੱਗਦਾ ਹੈ। ਇਸ ਦਾ ਸਭ ਤੋਂ ਸਟੀਕ ਉਦਾਹਰਣ ਹੈ ਸੀਰਿਅਲ ਤਾਰਕ ਮੇਹਤਾ ਕਾ ਉਲਟਾ ਚਸ਼ਮਾ ਜੋ ਸੋਨੀ ਸਬ ਟੀ.ਵੀ. ‘ਤੇ ਕਈ ਸਾਲਾਂ ਤੋਂ ਲਗਾਤਾਰ ਪ੍ਰਸਾਰਤ ਹੋ ਰਿਹਾ ਹੈ।
ਇਸ ਸੀਰਿਅਲ ‘ਚ ਇੱਕ ਸਿੱਖ ਚਰਿੱਤਰ ਹੈ ਰੌਸ਼ਨ ਸਿੰਘ ਸੋਢੀ ਜਿਸ ਨੇ ਇੱਕ ਪਾਰਸੀ ਇਸਤ੍ਰੀ ਨਾਲ ਵਿਆਹ ਕੀਤਾ ਹੋਇਆ ਹੈ ਤੇ ਇਨ੍ਹਾਂ ਦਾ ਇੱਕ ਬੱਚਾ ਹੈ ਜੋ ਦਸਤਾਰ ਬੰਨ੍ਹਦਾ ਹੈ। ਰੌਸ਼ਨ ਸਿੰਘ ਸੋਢੀ ਦਾ ਕਿਰਦਾਰ ਸਰਕਸ ਦੇ ਕਿਸੇ ਜੋਕਰ ਤੋਂ ਵੀ ਗਿਆ ਗੁਜ਼ਰਿਆ ਵਿਖਾਇਆ ਜਾ ਰਿਹਾ ਹੈ ਜੋ ਗੱਲ ਗੱਲ ‘ਤੇ ਜਾਂ ਤਾਂ ਭੰਗੜਾ ਪਾਉਣ ਲੱਗ ਪੈਂਦਾ ਹੈ ਜਾਂ ਮਰਨ ਮਾਰਨ ‘ਤੇ ਉਤਾਰੂ ਹੋ ਜਾਂਦਾ ਹੈ। ਇਸ ਸਿੱਖ ਕਿਰਦਾਰ ਕੋਲੋਂ ਕਦੇ ਵੀ ਕਿਸੇ ਵੀ ਮਸਲੇ ‘ਤੇ ਕੋਈ ਗੰਭੀਰ, ਸਿਆਣਪ ਵਾਲੀ ਗੱਲ ਨਹੀਂ ਅਖਵਾਈ ਗਈ । ਇਸ ਦਾ ਬੱਚਾ ਵੀ ਆਪਣੇ ਪਿਤਾ ਵਾਂਗੂੰ ਹੀ ਦਰਸਾਇਆ ਜਾ ਰਿਹਾ ਹੈ। ਇਸ ਪਾਤਰ ਕੋਲੋਂ ਸ੍ਰੀ ਹਰਿਮੰਦਰ ਸਾਹਿਬ ‘ਚ ਮੂਰਤੀ ਰਖਵਾਉਣ ਦੀ ਗੱਲ ਵੀ ਕਰਾਈ ਗਈ ਸੀ।

ਇਸ ਦਾ ਵਿਰੋਧ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਵੇਲੇ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਨੇ ਅਲਟੀਮੇਟਮ ਦਿੱਤਾ ਸੀ। ਇਸ ਅਲਟੀਮੇਟਮ ਦਾ ਕੀ ਹੋਇਆ ਪਤਾ ਨਹੀਂ ਪਰ ਸੀਰੀਅਲ ਜਾਰੀ ਹੈ ਤੇ ਰੋਸ਼ਨ ਸਿੰਘ ਸੋਢੀ ਦੀਆਂ ਸ਼ਰਮਸਾਰ ਕਰ ਦੇਣ ਵਾਲੀਆਂ ਹਰਕਤਾਂ ਵੀ। ਹੋਰ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਇਸ ਕਿਰਦਾਰ ਨੂੰ ਨਿਭਾਉਣ ਵਾਲਾ ਐਕਟਰ ਸੱਚਮੁੱਚ ਦਾ ਸਿੱਖ ਹੈ ਗੁਰਚਰਨ ਸਿੰਘ ਸੋਢੀ ਜਿਸ ‘ਤੇ ਮਾਇਆ ਦਾ ਰੰਗ ਅਜਿਹਾ ਚੜ੍ਹਿਆ ਹੋਇਆ ਹੈ ਕਿ ਉਸ ਨੂੰ ਅਹਿਸਾਸ ਹੀ ਨਹੀਂ ਹੋ ਰਿਹਾ ਕਿ ਉਹ ਸਿੱਖ ਹੋ ਕੇ ਵੀ ਗੁਰੂ ਸਾਹਿਬਾਨ ਤੇ ਸਿੱਖ ਕੌਮ ਨਾਲ ਕਿਤਨਾ ਵੱਡਾ ਘਾਤ ਕਰ ਰਿਹਾ ਹੈ। ਸਿੱਖ ‘ਤੇ ਸਿੱਖੀ ਦਾ ਅਪਮਾਨ ਗੁਰੂ ਸਾਹਿਬਾਨ ਦਾ ਅਪਮਾਨ ਹੈ। ਹਾਸ–ਵਿਅੰਗ ਦੇ ਨਾਮ ‘ਤੇ ਕਿਸੇ ਕੌਮ ਨੂੰ ਲਗਾਤਾਰ ਨਿਸ਼ਾਨੇ ਤੇ ਰੱਖਣਾ ਨਾ ਤਾਂ ਸਭਿਆਚਾਰ ਹੈ ਨਾ ਹੀ ਕਿੱਧਰੇ ਦਾ ਅਦਬ। ਇਸ ਸੀਰਿਅਲ ਬਾਰੇ ਆਵਾਜ਼ਾਂ ਉੱਠਦੀਆਂ ਰਹੀਆਂ ਹਨ, ਪਰ ਇਸ ਦੇ ਪ੍ਰੋਡਿਊਸਰ ਅਸਿਤ ਮੋਦੀ ‘ਤੇ ਕੋਈ ਅਸਰ ਨਹੀਂ ਪਿਆ ਹੈ। ਕਾਮੇਡੀ ਦੇ ਨਾਮ ‘ਤੇ ਸਿੱਖਾਂ ਦੀ ਨਿਰਾਦਰੀ ਤੇ ਮਜ਼ਾਕ ਘੋਰ ਨਿੰਦਾ ਤੇ ਅਫਸੋਸ ਦਾ ਵਿਸ਼ਾ ਹੈ। ਇਸ ਲਈ ਜ਼ਿਆਦਾ ਜ਼ਿੰਮੇਵਾਰ ਸਿੱਖ ਕੌਮ ਦਾ ਅਵੇਸਲਾਪਨ ਹੈ।

ਸੂਚਨਾ ਤਕਨੀਕ ਦਾ ਇਹ ਯੁਗ ਸਮਾਜ ਅੰਦਰ ਵੱਡੀਆਂ ਤਬਦੀਲੀਆਂ ਲਿਆ ਰਿਹਾ ਹੈ। ਦਿਨਂੋ-ਦਿਨ ਹਾਲਾਤ ਬਦਲ ਰਹੇ ਹਨ ਤੇ ਮਨੁੱਖੀ ਸਭਿਅਤਾ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਨਵੀਂਆਂ ਪੀੜ੍ਹੀਆਂ ਪਦਾਰਥਵਾਦ ਤੇ ਉਪਭੋਗਤਾਵਾਦ ਦੇ ਅਸਰ ਹੇਠ ਨਿਰੀ ਕਾਹਲੀ ‘ਚ ਹਨ। ਧਰਮ ਤੇ ਰਹੁ-ਰੀਤੀਆਂ ਬਾਰੇ ਸੋਚਣ ਦਾ ਸਮਾਂ ਹੀ ਨਹੀਂ ਹੈ। ਇਸ ਜ਼ਮੀਨੀ ਹਕੀਕਤ ਨੂੰ ਗਹਿਰਾਈ ਨਾਲ ਸਮਝਣਾ ਪਵੇਗਾ। ਅਜਿਹੇ ਹਾਲਾਤ ਬਣ ਰਹੇ ਹਨ ਕਿ ਜੋ ਕੁੱਝ ਉਨ੍ਹਾਂ ਦੇ ਸਾਹਮਣੇ ਮੀਡੀਆ, ਸੋਸ਼ਲ ਮੀਡਿਆ ਰਾਹੀਂ ਪੇਸ਼ ਕੀਤਾ ਜਾ ਰਿਹਾ ਹੈ ਉਸ ਨੂੰ ਉਵੇਂ ਹੀ ਸਵੀਕਾਰ ਕਰਨ ਲੈਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚ ਰਿਹਾ। ਸਿੱਖੀ ਤੇ ਸਿੱਖ ਕਿਸ ਸ਼ਾਨ ਤੇ ਮਹਾਨਤਾ ਦੇ ਪ੍ਰਤੀਕ ਹਨ ਇਸ ਬਾਰੇ ਸੂਚਨਾ ਤੇ ਸਮਝ ਦੀ ਆਪ ਸਿੱਖਾਂ ਕੋਲ ਹੀ ਵੱਡੀ ਘਾਟ ਪ੍ਰਤੀਤ ਹੁੰਦੀ ਹੈ। ਸੋਸ਼ਲ ਮੀਡੀਆ ਵਿੱਚ ਸਿੱਖੀ ਦੀ ਮਹਾਨਤਾ ਸਾਬਤ ਕਰਨ ਲਈ ਰਟੇ-ਰੁਟਾਏ ਤਰਕ ਤੇ ਤੱਥ ਹੀ ਬਾਰ-ਬਾਰ ਪ੍ਰਯੋਗ ਕੀਤੇ ਜਾ ਰਹੇ ਹਨ। ਬਲੀਦਾਨਾਂ, ਸ਼ਹੀਦੀਆਂ, ਫੌਜੀ ਬਹਾਦਰੀ , ਆਰਥਿਕ ਯੋਗਦਾਨ ਤੋਂ ਅੱਗੇ ਵੱਧ ਕੇ ਸਿੱਖੀ ਦੀਆਂ ਖਾਸ ਤੇ ਗੂੜ੍ਹ ਕੀਮਤਾਂ, ਕਦਰਾਂ ਬਾਰੇ ਗੱਲ ਹੀ ਨਹੀਂ ਹੋ ਰਹੀ। ਅੱਜ ਨਗਰ-ਨਗਰ ਪੰਥਕ ਪ੍ਰਚਾਰਕ ਮੌਜੂਦ ਹਨ, ਪਰ ਉਨ੍ਹਾਂ ਦਾ ਵੀ ਦਾਇਰਾ ਅਜਿਹੀਆਂ ਕਥਾਵਾਂ ਤੇ ਜੁਮਲਿਆਂ ਤੱਕ ਸੀਮਤ ਹੋ ਕੇ ਰਹਿ ਗਿਆ ਹੈ, ਜੋ ਸੰਗਤ ਅੰਦਰ ਭਾਵਨਾਤਮਕ ਉਬਾਲ ਲਿਆ ਸਕਣ।

ਸਿੱਖ ਧਰਮ ਦੇ ਸ਼੍ਰੋਮਣੀ ਦਾਰਸ਼ਨਿਕ ਭਾਈ ਗੁਰਦਾਸ ਜੀ ਨੂੰ ਅਸੀਂ ਵਿਸਾਰ ਹੀ ਦਿੱਤਾ ਹੈ ਜਿਨ੍ਹਾਂ ਕਿਹਾ-ਗੁਰਸਿਖੀ ਬਾਰੀਕ ਹੈ ਸਿਲ ਚਟਣ ਫਿਕੀ, ਤ੍ਰਿਖੀ ਖੰਡੇ ਧਾਰ ਹੈ ਉਹੁ ਵਾਲਹੁ ਨਿਕੀ। ਪੰਚਮ ਪਾਤਿਸ਼ਾਹ ਗੁਰੂ ਅਰਜਨ ਦੇਵ ਸਾਹਿਬ ਨੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਸੀ। ਉਸ ਵੱਡਮੁੱਲੀ ਕੁੰਜੀ ਨੂੰ ਤਿਆਗ, ਸਿੱਖੀ ਦੀ ਆਪੋ-ਆਪਣੀ ਵਿਆਖਿਆ ਦਾ ਹੜ੍ਹ ਆਇਆ ਹੋਇਆ ਹੈ। ਸਿੱਖੀ ਤੇ ਸਿੱਖ ਨੂੰ ਸਮਝਣ ਤੇ ਸਮਝਾਉਣ ਦੀ ਪ੍ਰਵਾਨਿਤ ਤੇ ਪ੍ਰਮਾਣਕ ਰਾਹ ਗੁਰਬਾਣੀ ਤੇ ਭਾਈ ਗੁਰਦਾਸ ਜੀ ਹੀ ਹਨ। ਇਸ ਲਈ ਆਪਣੀ ਬੁਧਿ ਤੇ ਚੇਤਨਾ ਨੂੰ ਖੰਡੇ ਦੀ ਧਾਰ ਜਿਹੀ ਤਿੱਖੀ ਤੇ ਸਿਰ ਦਾ ਵਾਲ ਜਿਹੀ ਬਾਰੀਕ ਕਰਨਾ ਪਵੇਗਾ। ਸਿੱਖ ਤੇ ਸਿੱਖੀ ਨੂੰ ਸਮਝਣਾ ਤੇ ਸਮਝਾਉਣਾ ਅਲੂਣੀ ਸਿਲ ਚੱਟਣ ਵਰਗਾ ਹੈ। ਗੁਰਸਿੱਖ ਆਪ ਸਿੱਖੀ ਦੇ ਤੱਤ ਨੂੰ ਗ੍ਰਹਿਣ ਕਰਨ ਤਾਂ ਹੀ ਉਨ੍ਹਾਂ ਸਾਜ਼ਿਸ਼ਾਂ ਦਾ ਜ਼ੋਰਦਾਰ ਵਿਰੋਧ ਕਰ ਸਕਦੇ ਹਨ, ਜੋ ਸਿੱਖੀ ਦੀ ਅਪਮਾਨਜਨਕ ਤਸਵੀਰ ਸਮਾਜ ਅੰਦਰ ਪੇਸ਼ ਕਰ ਰਹੀਆਂ ਹਨ। ਸੀਰੀਅਲ ਤਾਰਕ ਮੇਹਤਾ ਕਾ ਉਲਟਾ ਚਸ਼ਮਾ ਉਸ ਕੂੜ ਮਾਨਸਿਕਤਾ ਦਾ ਨਮੂਨਾ ਹੈ, ਜੋ ਭਾਰਤ ਦੀ ਆਜ਼ਾਦੀ ਤੋਂ ਬਾਅਦ ਸਿੱਖਾਂ ਪ੍ਰਤੀ ਵਿਕਸਿਤ ਹੋਈ ਹੈ। ਸਿੱਖੀ ਤੇ ਸਿੱਖਾਂ ਪ੍ਰਤੀ ਸੋਚ ਦੇ ਇਸ ਉਲਟੇ ਚਸ਼ਮੇ ਨੂੰ ਸਿੱਧਿਆਂ ਕਰਨ ਦਾ ਸਮਾਂ ਆ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਕਾਰਜ ਨੂੰ ਆਪਣੇ ਹੱਥ ਲਏ ਤੇ ਸੈੱਲ ਬਣਾਏ ਜੋ ਫਿਲਮਾਂ, ਟੀ.ਵੀ.ਸੀਰੀਅਲ ਨੂੰ ਸੋਸ਼ਲ ਮੀਡਿਆ ‘ਤੇ ਪੂਰੀ ਨਿਗਾਹ ਰੱਖੇ ਅਤੇ ਲੋੜ ਪੈਣ ਤੇ ਯੋਗ ਕਦਮ ਉਠਾਏ। ਇਸ ਬਾਰੇ ਤਮਾਮ ਕਾਨੂਨ ਵੀ ਹਨ ਜਿਨ੍ਹਾਂ ਦਾ ਸਹਾਰਾ ਲਿਆ ਜਾ ਸਕਦਾ ਹੈ। ਨਿਗਰਾਨੀ ਤੇ ਨਿਖੇਧੀ ਨਾਲ ਹੀ ਸਿੱਖ ਪੰਥ ਦੀ ਸੱਚੀ ਤਸਵੀਰ ਸਾਹਮਣੇ ਲਿਆਉਣ ਲਈ ਫਿਲਮਕਾਰਾਂ, ਮੀਡਿਆ ਤੇ ਆਮ ਲੋਕਾਂ ਲਈ ਵੱਡੇ ਪੱਧਰ ‘ਤੇ ਕਾਰਜਸ਼ਾਲਾਵਾਂ, ਗੋਸ਼ਟੀਆਂ ਕੀਤੀਆਂ ਜਾਣ। ਅਜਿਹੇ ਉੱਦਮ ਲਈ ਗੁਰਦੁਆਰਿਆਂ ਦੀ ਚਾਰਦੀਵਾਰੀ ਤੋਂ ਬਾਹਰ ਆਉਣਾ ਪਵੇਗਾ। ਗੁਰੂ ਸਾਹਿਬਾਨ, ਗੁਰਸਿੱਖੀ, ਗੁਰਸਿੱਖ ਬਾਰੇ ਗੰਭੀਰ ਚਰਚਾ ਦਾ ਵਿਆਪਕ ਮਾਹੌਲ ਬਣਾਉਣ ਦੀ ਲੋੜ ਹੈ ਜੋ ਸਿੱਖ ਸੰਗਤ ਵਿੱਚ ਹੋਵੇ ਤੇ ਹੋਰਨਾਂ ਧਰਮਾਂ ਦੇ ਅਨੁਯਾਈਆਂ ਨਾਲ ਵੀ। ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਜੱਥੇਦਾਰ ਕ੍ਰਿਪਾਲ ਸਿੰਘ ਬਡੂੰਗਰ ਆਪ ਬੁੱਧੀਜੀਵੀ ਹਨ ਤੇ ਗੁਰਮਤਿ ਦੇ ਉੱਘੇ ਲੇਖਕ ਹਨ, ਉਨ੍ਹਾਂ ਕੋਲੋਂ ਇਹ ਆਸ ਕੀਤੀ ਜਾ ਸਕਦੀ ਹੈ। ਗੁਰਸਿੱਖੀ ਤੇ ਗੁਰਸਿੱਖ ਬਾਰੇ ਲੋਕਾਂ ਦਾ ਚਸ਼ਮਾ ਸਿੱਧਾ ਹੋਣਾ ਲੋਕਾਈ ਦੇ ਹਿੱਤ ਵਿੱਚ ਹੈ। ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਤੋਂ ਵਾਂਝੇ ਰਹਿ ਕੇ ਮਾਨਵ ਸਮਾਜ ਆਪਣਾ ਅਹਿਤ ਕਰ ਰਿਹਾ ਹੈ ਤੇ ਮੁਸ਼ਕਿਲਾਂ ‘ਚ ਪਿਆ ਹੋਇਆ ਹੈ। ਜਿਸ ਦਿਨ ਲੋਕਾਂ ਨੂੰ ਸਮਝ ਆਉਣੀ ਸ਼ੁਰੂ ਹੋ ਗਈ ਕਿ ਸਿੱਖ ਕੀ ਹੈ ਤੇ ਸਿੱਖੀ ਕੀ ਹੈ, ਉਸ ਦਿਨ ਇਨ੍ਹਾਂ ਨੇ ਰੌਸ਼ਨ ਸਿੰਘ ਸੋਢੀ ਜਿਹੇ ਕਿਰਦਾਰ ਤਿਆਰ ਕਰਨ ‘ਤੇ ਆਪ ਸ਼ਰਮਸਾਰ ਹੋਣਾ ਹੈ।-– ਡਾ. ਸਤਿੰਦਰ ਪਾਲ ਸਿੰਘ

Share:

Facebook
Twitter
Pinterest
LinkedIn
matrimonail-ads
On Key

Related Posts

ਜਨਮਾ ਪੁਰਬਾਂ ਦੇ ਝਗੜੇ ਕਿਉਂ?

ਬੈਂਕ ਅਕਾਉਂਟ ਖੁਲਾਉਂਣ ਗਿਆ। ਬੀਬੀ ਦਾ ਮੇਰੇ ਨਾਂ ਤੋਂ ਬਾਅਦ ਅਗਲਾ ਸਵਾਲ ਸੀ ਜਨਮ ਤਰੀਕ? ਮੈਂ ਕਿਹਾ ਪਿਛਲੇ ਸਾਲ 22 ਜੂਨ ਸੀ ਉਸ ਤੋਂ ਪਿਛਲੇ

ਅੰਗਰੇਜ਼ਾਂ ਨਾਲ ਮਿਲ ਕੇ ਲੜੀ ਗਈ ਬ੍ਰਾਹਮਣਵਾਦੀ ਸਿਸਟਮ ਵਿਰੋਧੀ ਜੰਗ ਦਾ ਦਲਿਤਾਂ ਦਾ ਸਾਲਾਨਾ ਜ਼ਸਨ ਰਾਜੇਸ਼ ਜੋਸ਼ੀ, ਬੀਬੀਸੀ

ਜਿਸ ਈਸਟ ਇੰਡੀਆ ਕੰਪਨੀ ਦੇ ਰਾਜ ਨੂੰ ਖ਼ਤਮ ਕਰਨ ਲਈ 1857 ਵਿੱਚ ਲਗਭਗ ਪੂਰੇ ਹਿੰਦੁਸਤਾਨ ਵਿੱਚ ਗ਼ਦਰ ਮੱਚ ਗਿਆ ਹੋਵੇ, ਪਰ ਆਜ਼ਾਦ ਭਾਰਤ ਵਿੱਚ ਉਸੇ

Elevate-Visual-Studios
gurnaaz-new flyer feb 23
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.