ਨਵੀਂ ਦਿੱਲੀ (ਪੀਟੀਆਈ) : ਸ਼ੇਅਰ ਬਾਜ਼ਾਰਾਂ ਵਿਚ ਤੇਜ਼ੀ, ਵਿਆਜ ਦਰਾਂ ਦੇ ਸਥਿਰ ਰਹਿਣ ਤੇ ਮਜ਼ਬੂਤ ਵਿੱਤੀ ਵਿਸਥਾਰ ਦੀ ਬਦੌਲਤ 2023 ਵਿਚ ਮਿਊਚੁਅਲ ਫੰਡਾਂ ਵਿਚ ਨਿਵੇਸ਼ਕਾਂ ਨੇ 3.15 ਲੱਖ ਕਰੋੜ ਰੁਪਏ ਦਾ ਭਾਰੀ ਨਿਵੇਸ਼ ਕੀਤਾ ਹੈ। ਇਸ ਦੌਰਾਨ ਮਿਊਚੁਅਲ ਫੰਡ ਵਿਚ 71 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਸੀ।

ਐਸੋਸੀਏਸ਼ਨ ਆਫ ਮਿਊਚੁਅਲ ਫੰਡ ਇਨ ਇੰਡੀਆ (ਏਐੱਮਐੱਫਆਈ) ਅਨੁਸਾਰ ਸਿਸਟੇਮੈਟਿਕ ਨਿਵੇਸ਼ ਪਲਾਨ (ਐੱਸਆਈਪੀ) ਦੀ ਲੋਕਪਿ੍ਰਅਤਾ ਵਿਚ ਵਾਧੇ ਦਾ ਲਾਭ ਮਿਊਚੁਅਲ ਫੰਡ ਉਦਯੋਗ ਨੂੰ ਮਿਲਿਆ ਹੈ। ਇਸ ਵਰ੍ਹੇ ਐੱਸਆਈਪੀ ਵਿਚ ਹੁਣ ਤੱਕ 1.66 ਲੱਖ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਏਐੱਮਐੱਫਆਈ ਦੇ ਡਾਟਾ ਅਨੁਸਾਰ 2023 ਵਿਚ ਜਨਵਰੀ ਤੋਂ ਨਵੰਬਰ ਦੇ ਅੰਤ ਤੱਕ ਮਿਊਚੁਅਲ ਫੰਡ ਉਦਯੋਗ ਦੇ ਐਸੇਟ ਅੰਡਰ ਮੈਨੇਜਮੈਂਟ (ਏਯੂਐੱਮ) ਵਿਚ 9 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਹੁਣ ਉਦਯੋਗ ਦਾ ਏਯੂਐੱਮ ਸਰਬਕਾਲੀ ਉੱਚ ਪੱਧਰ 49 ਲੱਖ ਕਰੋੜ ਰੁਪਏ ’ਤੇ ਪੁੱਜ ਗਿਆ ਹੈ। ਦਸੰਬਰ 2022 ਦੇ ਅੰਤ ਤੱਕ ਮਿਊਚੁਅਲ ਫੰਡ ਉਦਯੋਗ ਦਾ ਏਯੂਐੱਮ 40 ਲੱਖ ਕਰੋੜ ਰੁਪਏ ਸੀ। ਪੂਰੇ 2022 ਵਿਚ ਮਿਊਚੁਅਲ ਫੰਡ ਦੇ ਏਯੂਐੱਮ ਵਿਚ 2.65 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਸੀ। ਡਾਟਾ ਅਨੁਸਾਰ ਬੀਤੇ ਤਿੰਨ ਸਾਲਾਂ ਵਿਚ ਉਦਯੋਗ ਦੇ ਏਯੂਐੱਮ ਵਿਚ ਸਾਂਝੇ ਤੌਰ ’ਤੇ 18 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਮਿਊਚੁਅਲ ਫੰਡ ਉਦਯੋਗ ਦੇ ਏਯੂਐੱਮ ਵਿਚ 2023 ਵਿਚ ਲਗਾਤਾਰ 11ਵੇਂ ਵਰ੍ਹੇ ਵਾਧਾ ਹੋਇਆ ਹੈ।

ਕਿਹੜੀ ਯੋਜਨਾ ’ਚ ਕਿੰਨਾ ਨਿਵੇਸ਼

ਇਸ ਵਰ੍ਹੇ ਇਕੁਇਟੀ ਅਧਾਰਤ ਯੋਜਨਾਵਾਂ ਵਿਚ 1.44 ਲੱਖ ਕਰੋੜ ਰੁਪਏ, ਹਾਈਬਿ੍ਰਡ ਯੋਜਨਾਵਾਂ ਵਿਚ 72 ਹਜ਼ਾਰ ਕਰੋੜ ਰੁਪਏ, ਡੇਟ ਯੋਜਨਾਵਾਂ ਵਿਚ 29500 ਕਰੋੜ ਰੁਪਏ ਤੇ ਗੋਲਡ ਈਟੀਐੱਫ ਵਿਚ 2200 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਆਦਿੱਤਿਆ ਬਿਰਲਾ ਸਨ ਲਾਈਫ਼ ਏਐੱਮਸੀ ਦੇ ਪ੍ਰਬੰਧਕੀ ਨਿਰਦੇਸ਼ਕ ਏ. ਬਾਲਾਸੁਬਰਾਮਨੀਅਮ ਦਾ ਕਹਿਣਾ ਹੈ ਕਿ ਮਿਊਚੁਅਲ ਫੰਡ ਨਿਵੇਸ਼ ਵਿਚ ਇਹ ਹਾਂ-ਪੱਖੀ ਰੁਝਾਨ 2024 ਵਿਚ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਨਿਵੇਸ਼ਕ ਲੰਬੀ ਮਿਆਦ ਜ਼ਰੀਏ ਮਿਊਚੁਅਲ ਫੰਡ ਵਿਚ ਨਿਵੇਸ਼ ਕਰਨਾ ਚਾਹੁੰਦੇ ਹਨ ਤੇ ਨਵੇਂ ਨਿਵੇਸ਼ਕ ਵੀ ਮਿਊਚੁਅਲ ਫੰਡ ਵਿਚ ਤੇਜ਼ੀ ਨਾਲ ਨਿਵੇਸ਼ ਕਰ ਰਹੇ ਹਨ।