ਜਾ. ਸ, ਉੱਤਰਕਾਸ਼ੀ : ਸਿਲਕਿਆਰਾ ਸੁਰੰਗ ਵਿਚ ਹੋਏ ਜ਼ਮੀਨੀ ਖਿਸਕਾਅ ਦੀ ਵਿਸਥਾਰਤ ਜਾਂਚ ਜਾਰੀ ਹੈ। ਫ਼ਿਲਹਾਲ ਉੱਚ ਪੱਧਰੀ ਜਾਂਚ ਕਮੇਟੀ ਨੇ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲਾ ਨੂੰ ਆਰੰਭਕ ਜਾਂਚ ਰਿਪੋਰਟ ਸੌਂਪ ਦਿੱਤੀ ਹੈ। ਇਸ ਵਿਚ ਸੁਰੰਗ ਵਿਚ ਹੋਏ ਹਾਦਸੇ ਲਈ ਕਈ ਕਾਰਨ ਗਿਣਾਏ ਗਏ ਹਨ। ਸੂਤਰਾਂ ਅਨੁਸਾਰ ਰਿਪੋਰਟ ਵਿਚ ਹਾਦਸੇ ਦੀ ਮੁੱਖ ਵਜ੍ਹਾ ਸ਼ੀਅਰ ਜ਼ੋਨ (ਚੱਟਾਨ ਦਾ ਸੰਵੇਦਨਸ਼ੀਲ ਹਿੱਸਾ) ਦੇ ਲਿਹਾਜ਼ ਨਾਲ ਪ੍ਰਾਜੈਕਟ ਦੀ ਗ਼ਲਤ ਅਲਾਈਨਮੈਂਟ, ਪਿਛਲੀਆਂ ਘਟਨਾਵਾਂ ਤੋਂ ਸਬਕ ਲੈਣ ਦੀ ਬਜਾਏ ‘ਹਊ ਪਰ੍ਹੇ’ ਦਾ ਰਵੱਈਆ, ਢੁਕਵੇਂ ਸੁਰੱਖਿਆ ਉਪਾਆਂ ਦੀ ਕਮੀ ਤੇ ਪ੍ਰਾਜੈਕਟ ਦੀ ਰੀ-ਪ੍ਰੋਫਾਈਲਿੰਗ ਨਾ ਕੀਤੇ ਜਾਣ ਨੂੰ ਕਾਰਨ ਦੱਸਿਆ ਹੈ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਨਿਰਮਾਣ ਕੰਪਨੀ ਨਵਯੁੱਗ ਇੰਜੀਨੀਰਿੰਗ ਨੂੰ ਕਾਰਜਸ਼ੀਲ ਸੰਸਥਾ ਨੈਸ਼ਨਲ ਹਾਈਵੇ ਐਂਡ ਇੰਫ੍ਰਾਸਟ੍ਰਕਚਰ ਡਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ (ਐੱਨਐੱਚਆਈਡੀਸੀਐੱਲ) ਦੇ ਵੱਡੇ ਅਫ਼ਸਰ ਕੋਲੋਂ ਕੰਮ ਕਰਨ ਦੇ ਢੰਗ ਬਾਰੇ ਮਨਜ਼ੂਰੀ ਨਹੀਂ ਮਿਲੀ ਸੀ। ਇਸ ਤੋਂ ਇਲਾਵਾ ਨਿਗਰਾਨ ਸੰਸਥਾ ਦੀਆਂ ਕਮੀਆਂ ਉਜਾਗਰ ਹੋਈਆਂ ਹਨ।

ਯਾਦ ਰਹੇ ਸਿਲਕਿਆਰਾ ਵਿਚ 12 ਨਵੰਬਰ ਸਵੇਰੇ 5.30 ਵਜੇ ਕੈਵਿਟੀ ਖੁੱਲ੍ਹਣ ਕਾਰਨ ਭਾਰੀ ਜ਼ਮੀਨੀ ਖਿਸਕਾਅ ਹੋਇਆ ਸੀ। ਇਸ ਨਾਲ ਸੁਰੰਗ ਦਾ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ ਤੇ 41 ਦਿਹਾੜੀਦਾਰ ਕਿਰਤੀ 17 ਦਿਨਾਂ ਤੱਕ ਅੰਦਰ ਫਸੇ ਰਹੇ ਸਨ। ਇਸ ਘਟਨਾ ਦੀ ਜਾਂਚ ਲਈ ਦਸੰਬਰ ਦੇ ਦੂਜੇ ਹਫ਼ਤੇ ਦੌਰਾਨ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲਾ ਤੋਂ ਅੱਠ ਮੈਂਬਰੀ ਜਾਂਚ ਕਮੇਟੀ ਸਿਲਕਿਆਰਾ ਭੇਜੀ ਗਈ ਸੀ। ਕਮੇਟੀ ਨੇ ਇੱਥੇ ਚਾਰ ਦਿਨਾਂ ਤੱਕ ਡੂੰਘੀ ਜਾਂਚ ਕੀਤੀ, ਜਿਸ ਦੀ ਆਰੰਭਕ ਰਿਪੋਰਟ 22 ਦਸੰਬਰ ਨੂੰ ਮੰਤਰਾਲੇ ਨੂੰ ਸੌਂਪੀ ਗਈ ਸੀ। ਸੂਤਰਾਂ ਦਾ ਕਹਿਣਾ ਹੈ ਕਿ ਰਿਪੋਰਟ ਵਿਚ ਸੈਂਸਰ ਤੇ ਯੰਤਰਾਂ ਦੀ ਕਮੀ ਵੱਲ ਇਸ਼ਾਰਾ ਕੀਤਾ ਗਿਆ ਹੈ ਜੋ ਕਿ ਰੀ-ਪ੍ਰੋਫਾਈਲਿੰਗ ਦੌਰਾਨ ਜ਼ਮੀਨੀ ਵਿਵਹਾਰ ਨੂੰ ਫੜਦੇ ਹਨ ਤਾਂ ਕਿ ਸਾਵਧਾਨੀ ਵਰਤੀ ਜਾ ਸਕੇ। ਮਾਹਿਰਾਂ ਮੁਤਾਬਕ ਸੁਰੰਗ ਨਿਰਮਾਣ ਦੌਰਾਨ ਫਾਈਨਲ ਲਾਈਨਿੰਗ ਤੋਂ ਪਹਿਲਾਂ ਕੈਵਿਟੀ (ਖੋਖਲੀ ਥਾਂ) ਜਾਂ ਕਿਸੇ ਹੋਰ ਤਰ੍ਹਾਂ ਦੇ ਨੁਕਸ ਦੀ ਮੁਰੰਮਤ ਲਈ ਰੀ-ਪ੍ਰੋਫਾਈਲਿੰਗ ਕੀਤੀ ਜਾਂਦੀ ਹੈ।