ਨਵੀਂ ਦਿੱਲੀ (ਏਜੰਸੀ) : ਕੇਂਦਰ ਸਰਕਾਰ ਸੁਸ਼ਾਸਨ ਦਿਵਸ ’ਤੇ ਸੋਮਵਾਰ ਨੂੰ ਸਰਕਾਰੀ ਮੁਲਾਜ਼ਮਾਂ ਲਈ ਸਿਖਲਾਈ ਪ੍ਰੋਗਰਾਮ ਸ਼ੁਰੂ ਕਰੇਗੀ। ਐਤਵਾਰ ਨੂੰ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਅਮਲਾ ਦੇ ਸਿਖਲਾਈ ਵਿਭਾਗ (ਡੀਓਪੀਟੀ) 25 ਦਸੰਬਰ ਨੂੰ ਸੁਸ਼ਾਸਨ ਦਿਵਸ ਮਨਾਏਗਾ। ਬਿਆਨ ਮੁਤਾਬਕ ਕੇਂਦਰੀ ਅਮਲਾ ਰਾਜ ਮੰਤਰੀ ਜਿਤੇਂਦਰ ਸਿੰਘ ਏਕੀਕ੍ਰਿਤ ਸਰਕਾਰੀ ਆਨਲਾਈਨ ਸਿਖਲਾਈ (ਆਈਜੀਓਟੀ) ਕਰਮਯੋਗੀ ਮੰਚ ’ਤੇ ਤਿੰਨ ਨਵੀਆਂ ਸਹੂਲਤਾਂ ਮਾਇ ਓਜੀਓਟੀ, ਮਿਸ਼ਰਿਤ ਪ੍ਰੋਗਰਾਮ ਤੇ ਕਿਊਰੇਟਡ ਪ੍ਰੋਗਰਾਮ ਸ਼ੁਰੂ ਕਰਨਗੇ। ਅਮਲਾ ਮੰਤਰਾਲੇ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਮੰਚ ਨਾਲ ਹੁਣ ਤੱਕ 28 ਲੱਖ ਤੋਂ ਵੱਧ ਯੂਜ਼ਰਸ ਜੁੜ ਚੁੱਕੇ ਹਨ ਤੇ ਕਰੀਬ 830 ਉੱਚ ਗੁਣਵੱਤਾ ਵਾਲੇ ਈ-ਲਰਨਿੰਗ ਪਾਠਕ੍ਰਮ ਮੰਚ ’ਤੇ ਉਪਲਬਧ ਕਰਵਾਏ ਗਏ ਹਨ।

ਇਸ ’ਚ ਕਿਹਾ ਗਿਆ ਹੈ ਕਿ ਆਈਜੀਓਟੀ-ਕਰਮਯੋਗੀ ਪਲੇਟਫਾਰਮ ’ਤੇ ਮਿਸ਼ਰਤ ਪ੍ਰੋਗਰਾਮ ਅਧਿਕਾਰੀਆਂ ਦੀਆਂ ਗਤੀਸ਼ੀਲ ਸਿਖਲਾਈ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਾਰੇ ਪੱਧਰਾਂ ’ਤੇ ਸਿਖਲਾਈ ਪੱਧਤੀਆਂ ਤੱਕ ਬਰਾਬਰ ਪਹੁੰਚ ਦੀ ਸਹੂਲਤ ਪ੍ਰਦਾਨ ਕਰਨਗੇ। ਜਿਤੇਂਦਰ ਸਿੰਘ ਕਰਮਯੋਗੀ ਡਿਜੀਟਲ ਲਰਨਿੰਗ ਲੈਬ ਵੱਲੋਂ ਡੀਓਪੀਟੀ ਦੀ ਸਾਲਾਨਾ ਸਮਰੱਥਾ ਯੋਜਨਾ ਦੇ ਹਿੱਸੇ ਦੇ ਰੂਪ ’ਚ ਦੋ ਮਹੀਨਿਆਂ ’ਚ ਵਿਕਸਤ 12 ਡੋਮੇਨ ਈ-ਲਰਨਿੰਗ ਪ੍ਰੋਗਰਾਮ ਲਾਂਚ ਕਰਨਗੇ।