ਜਾਗਰਣ ਸੰਵਾਦਦਾਤਾ, ਸ਼ਿਮਲਾ : ਜੇ ਤੁਸੀਂ ਨਵੇਂ ਸਾਲ ਦਾ ਸਵਾਗਤ ਕਰਨ ਸ਼ਿਮਲਾ ਆ ਰਹੇ ਹੋ ਤਾਂ ਘਰ ਤੋਂ ਨਿਕਲਣ ਤੋਂ ਪਹਿਲਾਂ ਹੋਟਲ ਬੁੱਕ ਕਰਵਾ ਲਵੋ। ਬਿਨਾਂ ਹੋਟਲ ਬੁੱਕ ਕੀਤੇ ਸ਼ਿਮਲਾ ਪੁੱਜ ਰਹੇ ਸੈਲਾਨੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਨਿਚਰਵਾਰ ਨੂੰ ਕਈ ਸੈਲਾਨੀ ਅਜਿਹੇ ਦਿਸੇ ਜੋ ਹੋਟਲ ’ਚ ਕਮਰਾ ਲੈਣ ਲਈ ਨੱਠ-ਭੱਜ ਕਰ ਰਹੇ ਸਨ। ਹੋਟਲ ਲੱਭਣ ਦੀ ਮਿਹਨਤ ’ਚ ਸ਼ਿਮਲਾ ਦੀਆਂ ਤੰਗ ਸੜਕਾਂ ’ਤੇ ਸੈਲਾਨੀਆਂ ਨੂੰ ਟ੍ਰੈਫਿਕ ਜਾਮ ’ਚ ਵੀ ਫਸਣਾ ਪਿਆ। ਕੁਝ ਸੈਲਾਨੀਆਂ ਨੂੰ ਤਾਂ ਸ਼ਹਿਰ ਤੋਂ ਬਾਹਰ ਹੋਟਲ ਮਿਲਿਆ। ੈਐਤਵਾਰ ਨੂੰ ਸੋਮਵਾਰ ਤੋਂ ਵੱਧ ਮੁਸ਼ਕਲ ਹੋ ਸਕਦੀ ਹੈ।

ਸ਼ਿਮਲਾ ਹੋਟਲ ਐਂਡ ਟੂਰਿਜ਼ਮ ਇੰਡਸਟ੍ਰੀ ਸਟੇਕ ਹੋਲਡਰਜ਼ ਐਸੋਸੀਏਸ਼ਨ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਸ਼ਿਮਲਾ ਆਉਣ ਤੋਂ ਪਹਿਲਾਂ ਹੋਟਲ ਬੁੱਕ ਕਰਵਾ ਲਵੋ। ਰਾਜਧਾਨੀ ਸ਼ਿਮਲਾ ’ਚ ਆਉਣ ਵਾਲੇ ਸੈਲਾਨੀਆਂ ਵਿਚੋਂ 80 ਫ਼ੀਸਦੀ ਲੋਕ ਹੋਟਲ ਬੁਕ ਕਰਵਾ ਕੇ ਆ ਰਹੇ ਹਨ। ਬਿਨਾਂ ਅਗਾਊਂ ਬੁਕਿੰਗ ਪੁੱਜ ਰਹੇ 20 ਫ਼ੀਸਦੀ ਸੈਲਾਨੀ ਇੱਥੇ ਆ ਕੇ ਪਰੇਸ਼ਾਨ ਹੋ ਰਹੇ ਹਨ। ਐਤਵਾਰ ਨੂੰ ਦੁਪਹਿਰ ਬਾਅਦ ਚਾਰ ਵਜੇ ਤੋਂ ਵੱਡੀ ਗਿਣਤੀ ’ਚ ਸੈਲਾਨੀ ਸ਼ਿਮਲਾ ਪੁੱਜਣਗੇ। ਜੇ ਹੋਟਲ ਬੁੱਕ ਨਹੀਂ ਕੀਤਾ ਹੋਵੇਗਾ ਤਾਂ ਜਸ਼ਨ ਮਨਾਉਣ ਦੀ ਥਾਂ ਹੋਟਲ ਲੱਭਣ ’ਚ ਹੀ ਸਮਾਂ ਨਿਕਲ ਜਾਵੇਗਾ। ਸ਼ਨਿਚਰਵਾਰ ਨੂੰ ਸ਼ਿਮਲਾ ਪੁੱਜੇ ਪੰਜਾਬ ਦੇ ਤੇਜਪਾਲ ਸਿੰਘ ਤੇ ਹਰਮੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਪਗ ਇਕ ਘੰਟੇ ਤੱਕ ਹੋਟਲ ਦੀ ਭਾਲ ਕਰਨੀ ਪਈ। ਉਨ੍ਹਾਂ ਨੇ ਵੀ ਹੋਟਲ ਬੁੱਕ ਨਹੀਂ ਕੀਤਾ ਸੀ। ਤੇਜਪਾਲ ਨੇ ਦੱਸਿਆ ਕਿ ਕਈ ਹੋਟਲਾਂ ’ਚ ਕਮਰਿਆਂ ਦਾ ਕਿਰਾਇਆ ਵੀ ਵੱਧ ਦੱਸਿਆ ਗਿਆ।

ਪੁਲਿਸ ਤੋਂ ਸਹਾਇਤਾ ਲਵੋ

ਡੀਐੱਸਪੀ ਸ਼ਿਮਲਾ ਟ੍ਰੈਫਿਕ ਅਜੇ ਭਾਰਦਵਾਜ ਨੇ ਕਿਹਾ ਕਿ ਬਿਨਾਂ ਬੁਕਿੰਗ ਆ ਰਹੇ ਸੈਲਾਨੀ ਆਪ ਵੀ ਪਰੇਸ਼ਾਨ ਹੋ ਰਹੇ ਹਨ ਤੇ ਦੂਜਿਆਂ ਨੂੰ ਵੀ ਪਰੇਸ਼ਾਨ ਕਰ ਰਹੇ ਹਨ। ਹੋਟਲ ਦੀ ਭਾਲ ਵਿਚ ਕਿਤੇ ਵੀ ਵਾਹਨ ਖੜ੍ਹੇ ਕਰ ਰਹੇ ਹਨ, ਇਸ ਨਾਲ ਆਵਾਜਾਈ ਜਾਮ ਲੱਗ ਰਹੇ ਹਨ। ਉਨ੍ਹਾਂ ਨੇ ਸੈਲਾਨੀਆਂ ਨੂੰ ਬੇਨਤੀ ਕੀਤੀ ਕਿ ਕੋਈ ਪਰੇਸ਼ਾਨੀ ਹੋਣ ’ਤੇ ਪੁਲਿਸ ਦੀ ਸਹਾਇਤਾ ਲੈਣ। ਵਾਹਨਾਂ ਦੇ ਪਿੱਛੇ ਦੌੜਨ ਵਾਲੇ ਏਜੰਟਾਂ ਤੇ ਹੋਰ ਕਿਸੇ ਵਿਅਕਤੀ ਦੇ ਧੋਖੇ ’ਚ ਨਾ ਆਉਣ।

ਸੈਲਾਨੀ ਵੱਧ ਦਿਨ ਰੁਕਣ, ਇਸ ਲਈ ਕੋਸ਼ਿਸ਼ ਜ਼ਰੂਰੀ : ਸੇਠ

ਸ਼ਿਮਲਾ ਹੋਟਲ ਐਂਡ ਟੂਰਿਜ਼ਮ ਇੰਡਸਟ੍ਰੀ ਸਟੇਕ ਹੋਲਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਮਹਿੰਦਰ ਸੇਠ ਨੇ ਸੈਲਾਨੀਆਂ ਨੂੰ ਆਕਰਸ਼ਤ ਕਰਨ ਲਈ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਕੋਸ਼ਿਸ਼ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਬਿਨਾਂ ਰਜਿਸਟ੍ਰੇਸ਼ਨ ਚੱਲ ਰਹੇ ਹੋਮ ਸਟੇਅ ’ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸੈਲਾਨੀਆਂ ਨੂੰ ਗੁਮਰਾਹ ਕਰਨ ਤੇ ਲੁੱਟਣ ਵਾਲਿਆਂ ਦਾ ਇੱਥੇ ਵੱਡਾ ਨੈੱਟਵਰਕ ਹੈ, ਜਿਸ ’ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਸ਼ਿਮਲਾ ’ਚ ਸੈਲਾਨੀਆਂ ਦਾ ਇਕ ਜਾਂ ਦੋ ਦਿਨ ਹੀ ਰੁਕਣਾ ਚਿੰਤਾ ਦਾ ਵਿਸ਼ਾ ਹੈ। ਸ਼ਿਮਲਾ ਤੇ ਹਿਮਾਚਲ ਦੀਆਂ ਹੋਰ ਸੈਲਾਨੀਆਂ ਵਾਲੀਆਂ ਥਾਵਾਂ ’ਤੇ ਸੈਲਾਨੀਆਂ ਨੂੰ ਵੱਧ ਦਿਨ ਰੋਕਣ ਲਈ ਕੋਸ਼ਿਸ਼ ਕਰਨਾ ਜ਼ਰੂਰੀ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਸੈਲਾਨੀ ਐਡਵਾਂਸ ਬੁਕਿੰਗ ਕਰਵਾ ਕੇ ਸ਼ਿਮਲਾ ਆਉਣ। ਇਸ ਨਾਲ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਵੇਗੀ।

ਮਨਾਲੀ ’ਚ ਰੌਣਕ ਘਟੀ

ਕ੍ਰਿਸਮਸ ਦੇ ਮੁਕਾਬਲੇ ਸੈਲਾਨੀ ਸ਼ਹਿਰ ਮਨਾਲੀ ’ਚ ਰੌਣਕ ਫਿੱਕੀ ਹੈ। ਹੋਟਲ ’ਚ ਕਮਰੇ ਆਸਾਨੀ ਨਾਲ ਮਿਲ ਰਹੇ ਹਨ। ਕ੍ਰਿਸਮਸ ਦੌਰਾਨ ਹੋਟਲਾਂ ’ਚ ਆਕਿਊਪੇਂਸੀ 85 ਤੋਂ 90 ਫ਼ੀਸਦੀ ਤੱਕ ਪੁੱਜ ਗਈ ਸੀ, ਪਰ 30 ਦਸੰਬਰ ਨੂੰ ਇਹ ਘਟ ਕੇ 75 ਤੋਂ 80 ਦੇ ਵਿਚਾਲੇ ਪੁੱਜ ਗਈ ਹੈ। ਹੋਟਲ ਐਸੋਸੀਏਸ਼ਨ ਮਨਾਲੀ ਦੇ ਪ੍ਰਧਾਨ ਮੁਕੇਸ਼ ਠਾਕੁਰ ਨੇ ਸੈਲਾਨੀਆਂ ਨੂੰ ਬੇਨਤੀ ਕੀਤੀ ਕਿ ਅਫ਼ਵਾਹਾਂ ’ਚ ਨਾ ਆਓ ਤੇ ਘੁੰਮਣ ਆਓ। ਮਨਾਲੀ ’ਚ ਸੈਲਾਨੀਆਂ ਨੂੰ ਆਸਾਨੀ ਨਾਲ ਕਮਰੇ ਮਿਲ ਰਹੇ ਹਨ ਤੇ ਟ੍ਰੈਫਿਕ ਵੀ ਠੀਕ ਹੈ।