ਜਾ.ਸ, ਨਵੀਂ ਦਿੱਲੀ : ਇੰਡੀਆ ਗੱਠਜੋੜ ਦੇ ਭਾਈਵਾਲ ਦਲਾਂ ਵੱਲੋਂ ਕਾਂਗਰਸ ’ਤੇ ਦਬਾਅ ਪੈ ਰਿਹਾ ਹੈ ਕਿ ਸੀਟਾਂ ਦੀ ਵੰਡ ਦਾ ਫ਼ੈਸਲਾ ਜਲਦੀ ਤੋਂ ਜਲਦੀ ਕੀਤਾ ਜਾਵੇ। ਨਾਲ ਹੀ ਆਪਣੇ-ਆਪਣੇ ਕੋਟੇ ਦੀਆਂ ਸੀਟਾਂ ਨੂੰ ਲੈ ਕੇ ਅਸਿੱਧੇ ਤੌਰ ’ਤੇ ਦਾਅਵਾ ਕੀਤਾ ਜਾ ਰਿਹਾ ਹੈ। ਅਜਿਹੇ ਵਿਚ ਕਾਂਗਰਸ ਵੀ ਆਪਣੀ ਅੰਦਰੂਨੀ ਸਥਿਤੀ ਸਹੀ ਕਰ ਰਹੀ ਹੈ। ਪਾਰਟੀ ਨੇ ਸਹਿਯੋਗੀ ਦਲਾਂ ਦੇ ਨਾਲ ਸੀਟਾਂ ਦੀ ਵੰਡ ਬਾਰੇ ਚਰਚਾ ਸ਼ੁਰੂ ਹੋਣ ਤੋਂ ਪਹਿਲਾਂ ਜਿੱਤ ਸਕਣ ਵਾਲੀਆਂ ਸਾਰੀਆਂ ਪਾਰਟੀਆਂ ਬਾਰੇ ਸੂਬਾਵਾਰ ਵੇਰਵਾ ਮੰਗਣਾ ਸ਼ੁਰੂ ਕਰ ਦਿੱਤਾ ਹੈ। ਪਾਰਟੀ ਨੇ ਸ਼ਨਿੱਚਰਵਾਰ ਨੁੂੰ ਵੀ ਇਸ ਨੂੁੰ ਲੈ ਕੇ ਸੂਬਿਆਂ ਦੇ ਅਹੁਦੇਦਾਰਾਂ ਨਾਲ ਲੰਮੀ ਗੱਲਬਾਤ ਕੀਤੀ ਹੈ।

ਕਾਂਗਰਸ ਦੇ ਮਹਾਰਾਸ਼ਟਰ ਤੇ ਝਾਰਖੰਡ ਤੋਂ ਆਏ ਆਗੂਆਂ ਨੇ ਜੋ ਇਸ਼ਾਰੇ ਦਿੱਤੇ ਹਨ, ਉਸ ਮੁਤਾਬਕ ਸਿਰਫ਼ ਉਨ੍ਹਾਂ ਸੀਟਾਂ ਨੂੰ ਲੈ ਕੇ ਦਾਅਵੇਦਾਰੀ ਕਰਨਗੇ ਜਿੱਥੋਂ ਜਿੱਤਣ ਲਈ ਆਸ ਚਮਕ ਰਹੀ ਹੈ। ਪਾਰਟੀ ਦੇ ਅਹੁਦੇਦਾਰਾਂ ਦਾ ਮੰਨਣਾ ਹੈ ਕਿ ਸਾਡਾ ਪਹਿਲਾ ਟੀਚਾ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਹਰਾਉਣਾ ਹੈ। ਫ਼ਿਲਹਾਲ ਜੋ ਸੰਕੇਤ ਮਿਲ ਰਹੇ ਹਨ, ਉਸ ਮੁਤਾਬਕ ਬੰਗਾਲ, ਬਿਹਾਰ, ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਵਿਚ ਪਾਰਟੀ ਨੂੰ ਘੱਟੋ ਘੱਟ ਸੀਟਾਂ ’ਤੇ ਸਮਝੌਤਾ ਕਰਨਾ ਪੈ ਸਕਦਾ ਹੈ। ਇਨ੍ਹਾਂ ਸੂਬਿਆਂ ਵਿਚ ਉਂਝ ਵੀ ਕਾਂਗਰਸ ਦੀ ਹਾਲਤ ਬਹੁਤੀ ਵਧੀਆ ਨਹੀਂ ਹੈ। ਇਸ ਦੇ ਬਦਲੇ ਕਾਂਗਰਸ ਨੂੰ ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ, ਛੱਤੀਸਗੜ੍ਹ, ਹਿਮਾਚਲ, ਕਰਨਾਟਕ, ਅਸਾਮ, ਹਰਿਆਣਾ ਤੇ ਉੱਤਰਾਖੰਡ ਵਰਗੇ 9 ਸੂਬਿਆਂ ਦੀਆਂ ਕਰੀਬ 152 ਸੀਟਾਂ ’ਤੇ ਲੜਨ ਦਾ ਮੌਕਾ ਮਿਲੇਗਾ।

ਆਮ ਤੌਰ ’ਤੇ ਲਗਪਗ ਢਾਈ ਸੌ ਸੀਟਾਂ ’ਤੇ ਕਾਂਗਰਸ ਦਾ ਦਾਅਵਾ ਬਣਦਾ ਹੈ ਪਰ ਕਾਂਗਰਸ ਚਾਹੇਗੀ ਕਿ ਉਹ ਘੱਟੋ ਘੱਟ ਸਵਾ ਤਿੰਨ ਸੌ ਸੀਟਾਂ ’ਤੇ ਉਮੀਦਵਾਰ ਉਤਾਰੇ। ਜਿਵੇਂ ਹੁਣ ਸਹਿਯੋਗੀ ਦਲ ਤ੍ਰਿਣਮੂਲ ਕਾਂਗਰਸ, ਆਰਜੇਡੀ, ਜੇਡੀਯੂ ਤੇ ਸ਼ਿਵ ਸੈਨਾ (ਊਧਵ ਗਰੁੱਪ) ਵੱਲੋਂ ਬਿਆਨ ਦਾਗੇ ਜਾ ਰਹੇ ਹਨ, ਉਸ ਦੀ ਕਾਟ ਲਈ ਮਜ਼ਬੂਤ ਦਾਅਵੇਦਾਰੀ ਵਿਖਾਉਣੀ ਪਵੇਗੀ। ਗ਼ੌਰਤਲਬ ਹੈ ਕਿ ਸ਼ਿਵ ਸੈਨਾ ਊਧਵ ਧੜੇ ਦੇ ਆਗੂ ਸੰਜੇ ਰਾਊਤ ਨੇ ਬਿਆਨ ਦਿੱਤਾ ਹੈ ਕਿ ਉਹ 48 ਸੀਟਾਂ ਵਾਲੇ ਮਹਾਰਾਸ਼ਟਰ ਵਿਚ 23 ਸੀਟਾਂ ’ਤੇ ਲੜਨਗੇ। ਤਿ੍ਰਣਮੁੂਲ, ਬੰਗਾਲ ਵਿਚ ਕਾਂਗਰਸ ਲਈ ਸਿਰਫ਼ ਦੋ ਸੀਟਾਂ ਛੱਡਣ ਦੇ ਇਸ਼ਾਰੇ ਕਰ ਰਹੀ ਹੈ। ਬਿਹਾਰ ਵਿਚ ਕਾਂਗਰਸ ਲਈ ਵੱਧ ਤੋਂ ਵੱਧ ਪੰਜ ਸੀਟਾਂ ਦੀ ਗੱਲ ਆਖੀ ਜਾ ਰਹੀ ਹੈ।