ਪੀਟੀਆਈ, ਨਵੀਂ ਦਿੱਲੀ : ਇੰਡੀਗੋ ਦੀ ਫਲਾਈਟ ‘ਚ ਪਰੋਸੇ ਗਏ ਸੈਂਡਵਿਚ ‘ਚ ਕੀੜਾ ਪਾਇਆ ਗਿਆ ਹੈ। ਇਕ ਯਾਤਰੀ ਨੇ ਸ਼ਿਕਾਇਤ ਕੀਤੀ ਹੈ ਕਿ ਉਸ ਨੇ ਰਾਸ਼ਟਰੀ ਰਾਜਧਾਨੀ ਤੋਂ ਮੁੰਬਈ ਲਈ ਫਲਾਈਟ ਲਈ ਸੀ। ਉਨ੍ਹਾਂ ਕਿਹਾ ਕਿ ਯਾਤਰਾ ਦੌਰਾਨ ਉਨ੍ਹਾਂ ਨੂੰ ਸੈਂਡਵਿਚ ਪਰੋਸਿਆ ਗਿਆ ਜਿਸ ਵਿੱਚ ਕੀੜਾ ਸੀ। ਯਾਤਰੀ ਨੇ ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਹਾਲਾਂਕਿ, ਵੀਡੀਓ ਵਾਇਰਲ ਹੋਣ ਤੋਂ ਬਾਅਦ, ਏਅਰਲਾਈਨ ਨੇ ਮਾਫ਼ੀ ਮੰਗੀ ਅਤੇ ਭਰੋਸਾ ਦਿੱਤਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਸੈਂਡਵਿਚ ਵਿੱਚ ਪਾਇਆ ਗਿਆ ਕੀੜਾ

ਜਾਣਕਾਰੀ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਨੂੰ ਦਿੱਲੀ ਤੋਂ ਮੁੰਬਈ ਜਾ ਰਹੀ ਫਲਾਈਟ 6E 6107 ‘ਚ ਵਾਪਰੀ। ਮਹਿਲਾ ਯਾਤਰੀ ਖੁਸ਼ਬੂ ਗੁਪਤਾ ਨੇ ਫਲਾਈਟ ‘ਚ ਪਰੋਸੇ ਗਏ ਸੈਂਡਵਿਚ ‘ਚ ਕੀੜੇ ਦੀ ਵੀਡੀਓ ਬਣਾ ਕੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ।

ਏਅਰਲਾਈਨ ਨੇ ਜਾਂਚ ਦੇ ਹੁਕਮ ਦਿੱਤੇ ਹਨ

ਵੀਡੀਓ ਸ਼ੇਅਰ ਕੀਤੇ ਜਾਣ ਤੋਂ ਬਾਅਦ ਇੰਡੀਗੋ ਦੇ ਬੁਲਾਰੇ ਨੇ ਕਿਹਾ ਕਿ ਏਅਰਲਾਈਨ ਨੂੰ ਦਿੱਲੀ ਤੋਂ ਮੁੰਬਈ ਜਾ ਰਹੀ ਫਲਾਈਟ ‘ਚ ਕੀੜੇ ਪਾਏ ਜਾਣ ਦੀ ਘਟਨਾ ਦੀ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਸੈਂਡਵਿਚ ਵਿਚ ਕੀੜੇ ਪਾਏ ਜਾਣ ਤੋਂ ਬਾਅਦ ਇਸ ਨੂੰ ਸਰਵ ਕਰਨਾ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਇੰਡੀਗੋ ਨੇ ਮਾਫ਼ੀ ਮੰਗੀ

ਏਅਰਲਾਈਨ ਦੇ ਬੁਲਾਰੇ ਨੇ ਭਰੋਸਾ ਦਿਵਾਇਆ ਕਿ ਇਸ ਘਟਨਾ ਤੋਂ ਸਬਕ ਲੈ ਕੇ ਢੁੱਕਵੇਂ ਕਦਮ ਚੁੱਕੇ ਜਾਣਗੇ, ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ। ਉਨ੍ਹਾਂ ਕਿਹਾ ਕਿ ਇਸ ਕਾਰਨ ਯਾਤਰੀਆਂ ਨੂੰ ਹੋਈ ਕਿਸੇ ਵੀ ਅਸੁਵਿਧਾ ਲਈ ਅਸੀਂ ਮਾਫ਼ੀ ਚਾਹੁੰਦੇ ਹਾਂ।

ਯਾਤਰੀ ਨੇ ਕੀਤੀ ਸ਼ਿਕਾਇਤ

ਹਾਲਾਂਕਿ ਯਾਤਰੀ ਨੇ ਆਪਣੀ ਪੋਸਟ ‘ਚ ਲਿਖਿਆ ਕਿ ਕੈਬਿਨ ਕਰੂ ਨੂੰ ਕੀੜੇ-ਮਕੌੜੇ ਮਿਲਣ ਦੀ ਸ਼ਿਕਾਇਤ ਕਰਨ ਤੋਂ ਬਾਅਦ ਵੀ ਫਲਾਈਟ ‘ਚ ਸੈਂਡਵਿਚ ਪਰੋਸੇ ਜਾਂਦੇ ਰਹੇ। ਮਹਿਲਾ ਯਾਤਰੀ ਨੇ ਹੈਰਾਨੀ ਜਤਾਈ ਕਿ ਏਅਰਲਾਈਨ ਸਟਾਫ ਨੂੰ ਕਿਸ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਗਈ ਹੈ ਅਤੇ ਜੇਕਰ ਕੋਈ ਇਨਫੈਕਟਿਡ ਹੋ ਜਾਂਦਾ ਹੈ ਤਾਂ ਕੌਣ ਜ਼ਿੰਮੇਵਾਰੀ ਲਵੇਗਾ?