Skip to content
Tuesday, October 6, 2026 12°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
International

ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਾਉਣ ਲਈ ਪਹਿਰਾ ਦੇਵੇ ਤੇ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਤੇ ਆਈ ਐਸ ਆਈ, ਪਾਕਿਸਤਾਨ ਦੇ ਏਜੰਟ ਤੇ ਕਾਂਗਰਸ ਦੇ ਏਜੰਟ ਜਿਹੇ ਝੂਠੇ ਫ਼ਤਵੇ ਨਾ ਲਾਉਣ – ਜਥੇਦਾਰ ਵੇਦਾਂਤੀ

By Admin Published 3 min read

ਡਰਬੀ  – ਪੰਥ ਦੇ ਉਘੇ ਵਿਦਵਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਇਕ ਸੰਖੇਪ ਜਿਹੀ ਗੱਲਬਾਤ ਦੌਰਾਨ ਦੇਸ਼ ਵਿਦੇਸ਼ ਦੇ ਸਿੱਖਾਂ ਦਰਮਿਆਨ ਵਾਪਰੀਆਂ ਘਟਨਾਵਾਂ ਤੇ ਚਿੰਤਾ ਪ੍ਰਗਟ ਕਰਦਿਆਂ ਸਿੱਖ ਪੰਥ ਦੀਆਂ ਵੱਖ ਵੱਖ ਵਿਚਾਰ ਰੱਖਣ ਵਾਲੀਆਂ ਸਾਰੀਆਂ ਧਿਰਾਂ ਨੂੰ ਇਕ ਦੂਜੇ ਪ੍ਰਤੀ ਸਖਤ ਰੁਖ ਅਖਤਿਆਰ ਕਰਨ ਤੋਂ ਗੁਰੇਜ ਕਰਨ ਲਈ ਕਿਹਾ ਹੈ । ਉਹਨਾਂ ਕਿਹਾ ਜੇ ਕਿਸੇ ਧਾਰਮਿਕ ਸ਼ਖਸੀਅਤ, ਪ੍ਰਚਾਰਕ ਜਾਂ ਕਿਸੇ ਸੰਸਥਾ ਦੇ ਕਿਸੇ ਆਗੂ ਦੇ ਵਿਚਾਰਾਂ ਨਾਲ ਸਾਡੀ ਸਹਿਮਤੀ ਨਹੀਂ ਹੈ ਤਾਂ ਗੁਰਮਤਿ ਅਨੁਸਾਰ ਵਿਚਾਰ ਵਟਾਂਦਰਾ ਕਰਕੇ ਆਪਸੀ ਮੱਤਭੇਦ ਦੂਰ ਕੀਤੇ ਜਾਣ, ਇਕ ਦੂਜੇ ਪ੍ਰਤੀ ਹਮਲਾਵਰ ਰੁਖ ਨਾ ਅਪਣਾਇਆ ਜਾਵੇ ।
ਉਹਨਾਂ ਰਵਾਇਤੀ ਅਕਾਲੀ ਲੀਡਰਸ਼ਿੱਪ ਨੂੰ ਕਿਹਾ ਕਿ ਉਹਨਾਂ ਵੱਲੋਂ ਬੀਤੇ ਸਮੇਂ ‘ਚ ਕੀਤੇ ਗਏ ਕਈ ਫ਼ੈਸਲਿਆਂ ਨਾਲ ਦੇਸ਼ ਵਿਦੇਸ਼ ਦੇ ਜਿਆਦਾਤਰ ਸਿੱਖ ਖੁਸ਼ ਨਹੀਂ ਹਨ । ਅਕਾਲੀਆਂ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਅਤੇ ਨਵੰਬਰ 1984 ਦੇ ਸਿੱਖ ਵਿਰੋਧੀ ਘੱਲੂਘਾਰੇ ਨੂੰ ਭੁਲਾ ਹੀ ਦਿੱਤਾ ਹੈ। ਉਹਨਾਂ ਲਈ ਕਿੰਨੀ ਸ਼ਰਮ ਦੀ ਗੱਲ ਹੈ ਕਿ ਸਿੱਖਾਂ ਲਈ ਇਨਸਾਫ਼ ਨਹੀਂ ਲੈ ਸਕੇ, ਦੋਸ਼ੀਆਂ ਨੂੰ ਤਿੰਨ ਦਹਾਕਿਆਂ ਬਾਅਦ ਵੀ ਸਜ਼ਾਵਾਂ ਨਹੀਂ ਦਿਵਾ ਸਕੇ । ਉਹਨਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਵਾਉਣ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ, ਇਹ ਮਤਾ ਸਿੱਖ ਪੰਥ ਦੀਆਂ ਅਹਿਮ ਸ਼ਖਸੀਅਤਾਂ ਅਤੇ ਵਿਦਵਾਨਾਂ ਵੱਲੋਂ ਤਿਆਰ ਕੀਤਾ ਗਿਆ ਸੀ, ਇਸ ਵਿੱਚ ਕੁਝ ਵੀ ਗਲਤ ਨਹੀਂ ਹੈ, ਸਗੋਂ ਦੂਜੇ ਸੂਬਿਆਂ ਨੂੰ ਵੀ ਇਸ ਵਿਚਲੇ ਵੱਧ ਅਧਿਕਾਰਾਂ ਦੇ ਮੁੱਦਿਆਂ ਪ੍ਰਤੀ ਜਾਗਰੂਕ ਕਰਕੇ ਨਾਲ ਲਿਆ ਜਾ ਸਕਦਾ ਹੈ ।
ਉਹਨਾਂ ਹੋਰ ਕਿਹਾ ਕਿ ਜਿਹੜੇ ਸਿੱਖ, ਪੰਥ ਦੀ ਚੜ੍ਹਦੀ ਕਲਾ ਅਤੇ ਸਿੱਖ ਹਲੇਮੀ ਰਾਜ ਦੀ ਗੱਲ ਕਰਦੇ ਹਨ, ਜਾਂ ਉਹਦੇ ਲਈ ਜੱਦੋ ਜਹਿਦ ਕਰਦੇ ਹਨ, ਉਹਨਾਂ ਨੂੰ ਅਕਾਲੀ ਲੀਡਰਾਂ ਵੱਲੋਂ ਆਈ ਐਸ ਆਈ ਜਾਂ ਪਾਕਿਸਤਾਨ ਦੇ ਏਜੰਟ ਕਹਿਣਾ ਜਾਂ ਕਾਂਗਰਸ ਦੇ ਏਜੰਟ ਕਹਿ ਕੇ ਝੂਠੇ ਫਤਵੇ ਲਾਉਣੇ ਉਹਨਾਂ ਨੂੰ ਸੋਭਾ ਨਹੀਂ ਦਿੰਦੇ । ਅਜਿਹਾ ਕਰਨ ਨਾਲ ਵੀ ਉਹਨਾਂ ਪ੍ਰਤੀ ਬਾਹਰਲੇ ਸਿੱਖਾਂ ਵਿੱਚ ਨਫ਼ਰਤ ਅਤੇ ਗੁੱਸਾ ਪੈਦਾ ਹੁੰਦਾ ਹੈ । ਅਕਾਲੀਆਂ ਨੂੰ ਵਿਦੇਸ਼ੀ ਸਿੱਖਾਂ ਵਿਰੁੱਧ ਅਜਿਹੇ ਫਤਵੇ ਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ । ਇਸੇ ਤਰ੍ਹਾਂ ਸਿੰਘ ਸਾਹਿਬਾਨ ਨੇ ਵਿਦੇਸ਼ ਵਿੱਚ ਵਿਚਰ ਰਹੇ ਸਿੱਖ ਪੰਥ ਦੀਆਂ ਸੰਸਥਾਵਾਂ ਨੂੰ ਵੀ ਕਿਹਾ ਕਿ ਉਹ ਵੀ ਗੁਰਸਿੱਖਾਂ ਵਾਲਾ ਗੁਰਮਤਿ ਰਾਹ ਅਪਣਾਉਂਦੇ ਹੋਏ ਸਹਿਣਸ਼ੀਲਤਾ ਦਿਖਾਉਣ, ਕਿਸੇ ਵੀ ਤਰ੍ਹਾਂ ਕਿਸੇ ਸਿੱਖ ਦੀ ਦਸਤਾਰ ਅਤੇ ਕੇਸਾਂ ਦੀ ਬੇਅਦਬੀ ਨਾ ਹੋਣ ਦਿੱਤੀ ਜਾਵੇ । ਸਿੱਖ ਕੌਮ ਦੀ ਚੜ੍ਹਦੀ ਕਲਾ ਇਸੇ ਵਿੱਚ ਹੈ, ਰਾਜਨੀਤਕ ਵਿਚਾਰਧਾਰਾ ਕੋਈ ਵੀ ਹੋਵੇ ਪਰ ਸਾਰੀਆਂ ਧਿਰਾਂ ਇਕ ਦੂਜੇ ਦੇ ਵਿਚਾਰਾਂ ਦਾ ਸਤਿਕਾਰ ਕਰਨ ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp