ਦਲਵਿੰਦਰ ਸਿੰਘ ਰਛੀਨ, ਰਾਏਕੋਟ : ਰਾਏਕੋਟ ਸਦਰ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਨਾਜਾਇਜ਼ ਪਿਸਟਲ ਸਮੇਤ ਕਾਬੂ ਕੀਤਾ ਗਿਆ ਹੈ। ਪ੍ਰਰੈੱਸ ਕਾਨਫਰੰਸ ਦੌਰਾਨ ਥਾਣਾ ਸਦਰ ਦੇ ਮੁਖੀ ਕੁਲਜਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਥਾਣਾ ਸਦਰ ਰਾਏਕੋਟ ਦੇ ਥਾਣੇਦਾਰ ਕੁਲਦੀਪ ਸਿੰਘ ਅਤੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਗੁਰਦੁਆਰਾ ਕਰੀਰ ਸਾਹਿਬ ਪਿੰਡ ਲਿੱਤਰ ਵਿਖੇ ਮੌਜੂਦ ਸਨ। ਇਸ ਮੌਕੇ ਇੱਕ ਮੁਖਬਰ ਦੀ ਇਤਲਾਹ ਦਿੱਤੀ ਕਿ ਕੰਵਲਪ੍ਰਰੀਤ ਸਿੰਘ ਉਰਫ ਬਿੱਲਾ ਪੁੱਤਰ ਸਵਰਗੀ ਨਰਿੰਦਰਜੀਤ ਸਿੰਘ ਵਾਸੀ ਕਿਸ਼ਨਪੁਰਾ, ਥਾਣਾ ਮਲੌਦ (ਲੁਧਿਆਣਾ) ਲੜ੍ਹਾਈ-ਝਗੜੇ ਕਰਨ ਦਾ ਆਦੀ ਹੈ ਅਤੇ ਉਸ ਕੋਲ ਇਕ ਨਾਜਾਇਜ਼ ਪਿਸਟਲ ਵੀ ਹੈ, ਬਲਕਿ ਅੱਜ ਉਕਤ ਵਿਅਕਤੀ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਪੈਦਲ ਕੈਲੇ ਚੌਂਕ ਤੋਂ ਪਿੰਡ ਲਿੱਤਰਾਂ ਵੱਲ ਨੂੰ ਆ ਰਿਹਾ ਹੈ। ਜਿਸ ‘ਤੇ ਥਾਣੇਦਾਰ ਕੁਲਦੀਪ ਸਿੰਘ ਨੇ ਸਾਥੀ ਕਰਮਚਾਰੀਆਂ ਸਮੇਤ ਕੀਤੀ ਨਾਕੇਬੰਦੀ ਦੌਰਾਨ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ ਅਤੇ ਤਲਾਸ਼ੀ ਲੈਣ ‘ਤੇ ਉਸ ਪਾਸੋਂ ਇੱਕ 32 ਬੋਰ ਨਜਾਇਜ਼ ਪਿਸਟਲ ਸਮੇਤ ਮੈਗਜੀਨ ਤੇ ਦੋ ਜਿੰਦਾ ਕਾਰਤੂਸ ਬਰਾਮਦ ਹੋਏ।

ਇਸ ਸਬੰਧ ਵਿਚ ਰਾਏਕੋਟ ਸਦਰ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਅਸਲਾ ਐਕਟ ਅਧੀਨ ਮੁਕੱਦਮਾ ਦਰਜ ਕਰ ਕੇ ਹੋਰ ਤਫ਼ਤੀਸ਼ ਸ਼ੁਰੂ ਕਰ ਦਿੱਤੀ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਵਿਅਕਤੀ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਅਪਰਾਧਿਕ ਮਾਮਲਿਆਂ ਬਾਰੇ ਸੁਰਾਗ ਲਗਾਇਆ ਜਾ ਸਕੇ, ਜਦਕਿ ਉਕਤ ਵਿਅਕਤੀ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਾ ਸਦਰ ਰਾਏਕੋਟ, ਥਾਣਾ ਸਦਰ ਅਹਿਮਦਗੜ੍ਹ, ਥਾਣਾ ਪਾਇਲ ਤੇ ਥਾਣਾ ਮਹਿਲ ਕਲਾਂ ਆਦਿ ਥਾਣਿਆਂ ਵਿਚ ਕਈ ਮੁਕੱਦਮੇ ਦਰਜ ਹਨ।