ਅਰਵਿੰਦ ਸ਼ਰਮਾ, ਨਵੀਂ ਦਿੱਲੀ : ਪਹਾੜਾਂ ’ਚ ਮੀਂਹ, ਬਰਫ਼ਬਾਰੀ ਤੇ ਪੱਛਮੀ ਗੜਬੜੀ ਦੇ ਪ੍ਰਭਾਵ ਹੇਠ ਆ ਕੇ ਮੌਸਮ ਨੇ ਪਿਛਲੇ ਤਿੰਨ-ਚਾਰ ਦਿਨਾਂ ਦੌਰਾਨ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਘੱਟੋ-ਘੱਟ ਤਾਪਮਾਨ ’ਚ ਗਿਰਾਵਟ ਲਗਾਤਾਰ ਜਾਰੀ ਹੈ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਮੁਤਾਬਕ, ਅਗਲੇ ਦੋ-ਤਿੰਨ ਦਿਨਾਂ ’ਚ ਉੱਤਰੀ ਭਾਰਤ ਦੇ ਕਈ ਇਲਾਕਿਆਂ ਦਾ ਘੱਟੋ-ਘੱਟ ਤਾਪਮਾਨ ਪੰਜ ਡਿਗਰੀ ਤੋਂ ਹੇਠਾਂ ਜਾਣ ਦਾ ਖ਼ਦਸ਼ਾ ਹੈ। ਯੂਪੀ ਦੇ ਬਰੇਲੀ ਤੇ ਉੱਤਰਾਖੰਡ ਦੇ ਪੰਤਨਗਰ ਦਾ ਘੱਟੋ-ਘੱਟ ਤਾਪਮਾਨ ਐਤਵਾਰ ਨੂੰ ਚਾਰ ਡਿਗਰੀ ਤੋਂ ਵੀ ਹੇਠਾਂ ਚਲਾ ਗਿਆ। ਠੰਢ ਦੇ ਨਾਲ ਹੀ ਧੁੰਦ ਦੀ ਘਣਤਾ ਤੇ ਦਾਇਰਾ ਵੀ ਵਧਣ ਲੱਗਾ ਹੈ। ਪੰਜਾਬ ਤੇ ਹਰਿਆਣੇ ਦੇ ਕਈ ਇਲਾਕਿਆਂ ’ਚ ਐਤਵਾਰ ਸਵੇਰੇ ਸੰਘਣੀ ਧੁੰਦ ਦੇਖੀ ਗਈ। ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਕਈ ਹਿੱਸਿਆਂ ’ਚ ਵੀ ਧੁੰਦ ਦਿਸਣ ਲੱਗੀ ਹੈ।

ਆਈਐੱਮਡੀ ਮੁਤਾਬਕ ਪੱਛਮੀ ਗੜਬੜੀ ਦੀ ਸਥਿਤੀ ਹਾਲੇ ਜੰਮੂ-ਕਸ਼ਮੀਰ ਦੇ ਨਾਲ ਲੱਗਦੇ ਉੱਤਰ ਵੱਲ ਬਣੀ ਹੋਈ ਹੈ। ਪਿਛਲੇ 24 ਘੰਟਿਆਂ ਦੌਰਾਨ ਮੀਂਹ ਤੇ ਬਰਫ਼ਬਾਰੀ ਵੀ ਹੋਈ ਹੈ। ਇਸ ਕਾਰਨ ਹਰਿਆਣਾ, ਰਾਜਸਥਾਨ, ਪੰਜਾਬ ਤੇ ਪੱਛਮੀ ਯੂਪੀ ਦੇ ਆਲੇ-ਦੁਆਲੇ ਠੰਢ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪੂਰਬੀ ਯੂਪੀ ਤੇ ਬਿਹਾਰ ਦੇ ਕਈ ਇਲਾਕਿਆਂ ਦੇ ਘੱਟੋ-ਘੱਟ ਤਾਪਮਾਨ ’ਚ ਵੀ ਲਗਾਤਾਰ ਗਿਰਾਵਟ ਜਾਰੀ ਹੈ। ਨਿੱਜੀ ਏਜੰਸੀ ਸਕਾਈਮੇਟ ਦਾ ਕਹਿਣਾ ਹੈ ਕਿ ਦੋ ਤੋਂ ਤਿੰਨ ਦਿਨਾਂ ’ਚ ਇਨ੍ਹਾਂ ਇਲਾਕਿਆਂ ’ਚ ਇਕ ਤੋਂ ਤਿੰਨ ਡਿਗਰੀ ਤੱਕ ਤਾਪਮਾਨ ਡਿੱਗ ਸਕਦਾ ਹੈ। ਹਾਲਾਂਕਿ ਹਾਲੇ ਸੀਤ ਲਹਿਰ ਦੀ ਸਥਿਤੀ ਨਹੀਂ ਬਣੇਗੀ ਕਿਉਂਕਿ 23 ਦਸੰਬਰ ਨੂੰ ਰਾਜਸਥਾਨ, ਹਰਿਆਣਾ ਤੇ ਪੰਜਾਬ ’ਚ ਕਿਤੇ-ਕਿਤੇ ਹਲਕੀ ਬਾਰਿਸ਼ ਕਾਰਨ ਸੀਤ ਲਹਿਰ ਦੀ ਸਥਿਤੀ ਅਗਲੇ ਕੁਝ ਦਿਨਾਂ ਤੱਕ ਟਲ਼ ਸਕਦੀ ਹੈ ਪਰ ਰਾਤਾਂ ਠੰਢੀਆਂ ਤੇ ਧੁੰਦਲੀਆਂ ਰਹਿ ਸਕਦੀਆਂ ਹਨ। ਦਿੱਲੀ ’ਚ ਦਿਨ ਵੇਲੇ ਤਿੱਖੀ ਧੁੱਪ ਕਾਰਨ ਠੰਢ ਦਾ ਅਸਰ ਘੱਟ ਦਿਸ ਰਿਹਾ ਹੈ ਪਰੰਤੂ ਇਹ ਸਥਿਤੀ ਜ਼ਿਆਦਾ ਦਿਨਾਂ ਤੱਕ ਸਥਿਰ ਨਹੀਂ ਰਹੇਗੀ। ਅਗਲੇ ਹਫ਼ਤੇ ਤੋਂ ਰਾਤਾਂ ਹੋਰ ਠੰਢੀਆਂ ਹੁੰਦੀਆਂ ਜਾਣਗੀਆਂ। 22 ਦਸੰਬਰ ਤੋਂ ਬਾਅਦ ਜ਼ਿਆਦਾਤਰ ਤਾਪਮਾਨ ’ਚ ਵੀ ਗਿਰਾਵਟ ਦਾ ਦੌਰ ਸ਼ੁਰੂ ਹੋਵੇਗਾ ਜਿਹੜਾ ਦਸੰਬਰ ਦੇ ਸ਼ੁਰੂ ਤੋਂ ਹੀ ਸਥਿਰ ਬਣਿਆ ਹੋਇਆ ਹੈ।

ਦਿੱਲੀ ਨੂੰ ਹਾਲੇ ਧੁੰਦ ਤੋਂ ਰਾਹਤ

ਆਈਐੱਮਡੀ ਮੁਤਾਬਕ, ਪੰਜਾਬ ਤੇ ਹਰਿਆਣੇ ਦੇ ਜਿਨ੍ਹਾਂ ਇਲਾਕਿਆਂ ’ਚ ਧੁੰਦ ਦੀ ਸਥਿਤੀ ਹੈ, ਉੱਥੇ ਹੋਰ ਸੰਘਣੀ ਧੁੰਦ ਪੈ ਸਕਦੀ ਹੈ। ਰਾਤ ਵੇਲੇ ਦਿਸਣ ਹੱਦ ਸਿਫ਼ਰ ਤੱਕ ਪੁੱਜ ਸਕਦੀ ਹੈ। ਹਾਲਾਂਕਿ ਦਿੱਲੀ ਲਈ ਰਾਹਤ ਦੀ ਗੱਲ ਹੈ ਕਿ ਦਿਨ ਦਾ ਤਾਪਮਾਨ ਆਮ ਨਾਲੋਂ ਜ਼ਿਆਦਾ ਹੋਣ ਕਾਰਨ ਇੱਥੇ ਹਾਲੇ ਧੁੰਦ ਨਹੀਂ ਪਵੇਗੀ ਕਿਉਂਕਿ ਪੱਛਮੀ ਗੜਬੜੀ ਦੇ ਉੱਤਰ ਵੱਲ ਖਿਸਕਣ ਕਾਰਨ ਹਵਾ ਦੀ ਰਫ਼ਤਾਰ ਘੱਟ ਹੈ। 20 ਦਸੰਬਰ ਤੋਂ ਬਾਅਦ ਧੁੰਦ ਦਾ ਦੌਰ ਮੁੜ ਸ਼ੁਰੂ ਹੋ ਸਕਦਾ ਹੈ। ਯੂਪੀ ’ਚ 21 ਦਸੰਬਰ ਤੋਂ ਬਾਅਦ ਦਿਨ ਵੇਲੇ ਧੁੰਦ ਪੈਣ ਦੀ ਪੇਸ਼ੀਨਗੋਈ ਹੈ।

ਅਗਲੇ ਹਫ਼ਤੇ ਤੋਂ ਦਿਸੇਗੀ ਮੌਸਮ ’ਚ ਵੱਡੀ ਤਬਦੀਲੀ

ਪੱਛਮੀ ਗੜਬੜੀ ਕਾਰਨ 23 ਦਸੰਬਰ ਤੋਂ ਬਾਅਦ ਪਹਾੜਾਂ ’ਤੇ ਮੁੜ ਬਰਫ਼ਬਾਰੀ ਸ਼ੁਰੂ ਹੋ ਸਕਦੀ ਹੈ। ਇਸੇ ਦੌਰਾਨ ਰਾਜਸਥਾਨ ਦੇ ਆਲੇ-ਦੁਆਲੇ ਮੀਂਹ ਵੀ ਪੈ ਸਕਦਾ ਹੈ, ਜਿਸ ਕਾਰਨ 25 ਦਸੰਬਰ ਤੋਂ ਬਾਅਦ ਸਮੁੱਚੇ ਉੱਤਰੀ ਭਾਰਤ ’ਚ ਕੜਾਕੇ ਦੀ ਠੰਢ ਪੈ ਸਕਦੀ ਹੈ। ਰਾਤ ਦਾ ਤਾਪਮਾਨ ਦੋ ਤੋਂ ਤਿੰਨ ਡਿਗਰੀ ਤੱਕ ਪੁੱਜ ਸਕਦਾ ਹੈ।