ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦਾ ਕ੍ਰਿਸਮਿਸ ਮਨਾਉਂਦੇ ਹੋਏ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ, ਮੁੰਬਈ ਵਿੱਚ ਇੱਕ ਵਿਅਕਤੀ ਨੇ ਉਸ ਅਤੇ ਉਸ ਦੇ ਪਰਿਵਾਰ ਵਿਰੁੱਧ “ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ” ਦਾ ਦੋਸ਼ ਲਾਉਂਦਿਆਂ ਸ਼ਿਕਾਇਤ ਦਰਜ ਕਰਵਾਈ ਹੈ।

ਵੀਡੀਓ ‘ਚ ਰਣਬੀਰ ਕਪੂਰ ਕ੍ਰਿਸਮਿਸ ਫਲੇਬੇ ਪਰੰਪਰਾ ਦਾ ਜਸ਼ਨ ਮਨਾਉਂਦੇ ਹੋਏ ਦਿਖਾਈ ਦੇ ਰਹੇ ਹਨ, ਜਿਸ ‘ਚ ਪੂਡਿੰਗ ‘ਤੇ ਸਪਿਰਿਟ ਡੋਲ੍ਹਿਆ ਜਾਂਦਾ ਹੈ ਅਤੇ ਕੁਝ ਸਮੇਂ ਲਈ ਅੱਗ ਲਗਾਈ ਜਾਂਦੀ ਹੈ। ਵੀਡੀਓ ‘ਚ ਉਸ ਦੀ ਪਤਨੀ ਅਦਾਕਾਰਾ ਆਲੀਆ ਭੱਟ ਵੀ ਉਸ ਦੇ ਨਾਲ ਹੈ।

ਸੰਜੇ ਤਿਵਾਰੀ, ਜਿਸ ਨੇ ਆਪਣੇ ਵਕੀਲਾਂ ਆਸ਼ੀਸ਼ ਰਾਏ ਅਤੇ ਪੰਕਜ ਮਿਸ਼ਰਾ ਰਾਹੀਂ ਘਾਟਕੋਪਰ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ, ਨੇ ਦਾਅਵਾ ਕੀਤਾ ਕਿ ਅਦਾਕਾਰ ਨੂੰ ”ਜੈ ਮਾਤਾ ਦੀ” ਕਹਿੰਦੇ ਹੋਏ ਕੇਕ ‘ਤੇ ਸ਼ਰਾਬ ਡੋਲ੍ਹਦੇ ਹੋਏ ਅਤੇ ਅੱਗ ਲਗਾਉਂਦੇ ਹੋਏ ਦੇਖਿਆ ਗਿਆ।

ਇਸ ਮਾਮਲੇ ਵਿੱਚ ਅਜੇ ਤੱਕ ਕੋਈ ਵੀ ਪਹਿਲੀ ਸੂਚਨਾ ਰਿਪੋਰਟ (ਐਫਆਈਆਰ) ਦਰਜ ਨਹੀਂ ਕੀਤੀ ਗਈ ਹੈ।